ਪੀ. ਆਰ. ਟੀ. ਸੀ. ਨੂੰ 27 ਪੈਸੇ ਡੀਜ਼ਲ 'ਤੇ ਹੋਰ ਰਿਬੇਟ ਦੇਣ ਲਈ ਹੋਇਆ ਕਰਾਰ
Monday, Oct 02, 2017 - 09:45 AM (IST)

ਪਟਿਆਲਾ (ਰਾਜੇਸ਼, ਰਾਣਾ)-ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪੀ. ਆਰ. ਟੀ. ਸੀ. ਨੂੰ ਡੀਜ਼ਲ ਵਿਚ ਮਾਰਕੀਟ ਰੇਟ ਨਾਲੋਂ 27 ਪੈਸੇ ਹੋਰ ਰਿਬੇਟ ਦੇਣ ਸਬੰਧੀ ਕਰਾਰ ਕਰ ਲਿਆ ਹੈ। ਇਸ ਦੌਰਾਨ ਐੈੱਮ. ਡੀ. ਮਨਜੀਤ ਸਿੰਘ ਨਾਰੰਗ, ਡਿਪਟੀ ਕੰਟਰੋਲਰ ਪ੍ਰੇਮ ਲਾਲ, ਮੋਹਨ ਲਾਲ ਅਤੇ ਆਈ. ਓ. ਸੀ. ਵੱਲੋਂ ਜਨਰਲ ਮੈਨੇਜਰ ਆਰ. ਐੈੱਸ. ਨੰਦਾ, ਧਨੰਜੇ ਸ਼੍ਰੀਵਾਸਤਵ ਤੇ ਐੈੱਚ. ਐੈੱਸ. ਕੈਂਥ ਮੌਜੂਦ ਸਨ। ਕਰਾਰ 'ਤੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਅਤੇ ਆਈ. ਓ. ਸੀ. ਦੇ ਚੀਫ ਡਵੀਜ਼ਨਲ ਇੰਸਟੀਟਿਊਸ਼ਨਲ ਬਿਜ਼ਨੈੱਸ ਦੇ ਜਨਰਲ ਮੈਨੇਜਰ ਕਪਿਲ ਭੱਟ ਵੱਲੋਂ ਹਸਤਾਖਰ ਕੀਤੇ ਗਏ। ਇਸ ਤੋਂ ਪਹਿਲਾਂ ਐੈੱਮ. ਡੀ. ਨਾਰੰਗ ਨੇ 2015 ਵਿਚ ਆਈ. ਓ. ਸੀ. ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ 1 ਰੁਪਏ 5 ਪੈਸੇ ਦਾ ਰਿਬੇਟ ਲਿਆ ਸੀ। ਹੁਣ ਫਿਰ ਤੋਂ ਉਨ੍ਹਾਂ ਆਪਣੀ ਦੂਜੀ ਟਰਮ ਵਿਚ 27 ਪੈਸੇ ਦਾ ਹੋਰ ਰਿਬੇਟ ਹਾਸਲ ਕਰ ਲਿਆ ਹੈ। ਇਹ ਕਰਾਰ 1 ਜੁਲਾਈ 2017 ਤੋਂ 30 ਜੂਨ 2022 ਤੱਕ ਲਾਗੂ ਰਹੇਗਾ। ਇਸ ਤਰ੍ਹਾਂ ਪੀ. ਆਰ². ਟੀ. ਸੀ. ਨੂੰ ਬੈਕ ਡੇਟ ਤੋਂ ਇਸ ਕਰਾਰ ਦਾ ਲਾਭ ਮਿਲ ਰਿਹਾ ਹੈ।
ਡੀਜ਼ਲ ਦੀ ਖਰੀਦ 'ਤੇ ਕੁਲ 1.32 ਰੁਪਏ ਦੀ ਰਿਬੇਟ ਨਾਲ ਪੀ. ਆਰ. ਟੀ. ਸੀ² ਨੂੰ ਰੋਜ਼ਾਨਾ 1.12 ਲੱਖ ਰੁਪਏ, ਹਰ ਮਹੀਨੇ 33.60 ਲੱਖ ਰੁਪਏ ਅਤੇ ਇਕ ਸਾਲ ਵਿਚ 4.03 ਕਰੋੜ ਰੁਪਏ ਦੀ ਬੱਚਤ ਹੋਵੇਗੀ। ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਨੂੰ ਲਾਭ ਪਹੁੰਚਾਉਣ ਲਈ ਅਤੇ ਮਾਰਕੀਟ ਰੇਟ ਤੋਂ ਘੱਟ ਕੀਮਤ 'ਤੇ ਤੇਲ ਲੈਣ ਲਈ ਆਈ. ਓ. ਸੀ. ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ। ਪੀ. ਆਰ. ਟੀ. ਸੀ. ਨਾਲ ਪੁਰਾਣੇ ਰਿਸ਼ਤੇ ਨੂੰ ਦੇਖਦੇ ਹੋਏ ਆਈ. ਓ. ਸੀ. ਨੇ ਇਹ ਰਿਬੇਟ ਦਿੱਤੀ ਹੈ।