ਸ੍ਰੀ ਕੀਰਤਪੁਰ ਸਾਹਿਬ ਸਕੂਲ ਆਫ਼ ਐਮੀਨੈਂਸ, ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ
Monday, Aug 11, 2025 - 01:55 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਹਰ ਇਕ ਮਾਤਾ-ਪਿਤਾ ਦਾ ਸੁਫ਼ਨਾ ਹੁੰਦਾ ਹੈ ਕਿ ਉਸ ਦਾ ਬੱਚਾ ਵਧੀਆ ਸਕੂਲ ਵਿਚ ਉੱਚ ਦਰਜੇ ਦੀ ਸਿੱਖਿਆ ਪ੍ਰਾਪਤ ਕਰੇ ਅਤੇ ਸਿੱਖਿਆ ਪ੍ਰਾਪਤ ਕਰਕੇ ਚੰਗੇ ਅਹੁਦੇ ’ਤੇ ਬਿਰਾਜਮਾਨ ਹੋਵੇ ਪਰ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਲੋਕਾਂ ਦਾ ਇਹ ਸੁਫ਼ਨਾ, ਸੁਫ਼ਨਾ ਹੀ ਰਹਿ ਜਾਂਦਾ ਹੈ ਕਿਉਂਕਿ ਨਿੱਜੀ ਸਕੂਲਾਂ ਦੀਆਂ ਬਹੁਤ ਜ਼ਿਆਦਾ ਫ਼ੀਸਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇ ਸਕਣਾ ਗ਼ੀਰੀਬ ਪਰਿਵਾਰਾਂ ਲਈ ਬਹੁਤ ਹੀ ਔਖਾ ਹੁੰਦਾ ਹੈ।
ਇਸ ਸਮੱਸਿਆ ਨੂੰ ਸਮਝਦੇ ਹੋਏ ਸਾਲ 2022 ਵਿਚ ਸੂਬੇ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਹਰੇਕ ਵਰਗ ਦੇ ਬੱਚਿਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਲਈ ਪੰਜਾਬ ਵਿਚ 117 ਸਕੂਲ ਆਫ਼ ਐਮੀਨੈਂਸ ਬਣਾਏ ਗਏ ਸਨ, ਜਿਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 21 ਜਨਵਰੀ 2023 ਨੂੰ ਉਦਘਾਟਨ ਕੀਤਾ ਗਿਆ ਸੀ, ਜਿਸ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਸ਼ਵ ਪ੍ਰਸਿੱਧ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਕੀਰਤਪੁਰ ਸਾਹਿਬ ਨੂੰ ਸਕੂਲ ਆਫ਼ ਐਮੀਨੈਂਸ ਬਣਾ ਦਿੱਤਾ ਗਿਆ ਸੀ ਅਤੇ ਇਸ ਸਕੂਲ ਦੀ ਕਾਇਆ ਕਲਪ ਕਰਨ ਲਈ, ਨਵੀਆਂ ਇਮਾਰਤਾਂ ਬਣਾਉਣ ਲਈ ਲਈ 10.69 ਕਰੋੜ ਰੁਪਏ ਦੀ ਗ੍ਰਾਂਟ ਪਾਸ ਕੀਤੀ ਗਈ ਸੀ ਜੋਕਿ ਪੰਜਾਬ ਵਿਚ ਸਕੂਲਾਂ ਨੂੰ ਜਾਰੀ ਹੋਈਆਂ ਗ੍ਰਾਂਟਾਂ ਵਿਚੋਂ ਸਭ ਤੋਂ ਵੱਡੀ ਗ੍ਰਾਂਟ ਸੀ, ਹੁਣ ਸਕੂਲ ਦੀ ਗ੍ਰਾਂਟ ਨੂੰ ਵਧਾ ਕੇ 12 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ Alert
ਪੁਰਾਣੀ ਇਮਾਰਤ ਨੂੰ ਨਵਾਂ ਰੂਪ ਦੇਣ ਦਾ ਕੰਮ ਲਗਭਗ ਮੁਕੰਮਲ
ਸਕੂਲ ਆਫ਼ ਐਮੀਨੈਂਸ ਸ੍ਰੀ ਕੀਰਤਪੁਰ ਸਾਹਿਬ ਦੀ ਇਮਾਰਤ ਦਾ ਕੰਮ ਕਰਵਾਉਣ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਜੋ ਟੈਂਡਰ ਲਗਾਇਆ ਗਿਆ ਸੀ, ਉਹ ਟੈਂਡਰ ਅਨਮੋਲ ਕੰਸਟਰਕਸ਼ਨ ਕੰਪਨੀ ਪਟਿਆਲਾ ਨੂੰ ਮਿਲਿਆ ਸੀ ਜਿਸ ਵੱਲੋਂ ਕੀਰਤਪੁਰ ਸਾਹਿਬ ਸਕੂਲ ਦੀ ਪੁਰਾਣੀ ਇਮਾਰਤ ਦੀ ਰੈਨੋਵੇਸ਼ਨ ਦਾ ਕੰਮ ਲਗਭਗ 90% ਤੱਕ ਪੂਰਾ ਕਰ ਲਿਆ ਹੈ, ਹੁਣ ਪੁਰਾਣੀ ਇਮਾਰਤ ਵੀ ਨਵੀਂ ਇਮਾਰਤ ਦਾ ਭੁਲੇਖਾ ਪਾ ਰਹੀ ਹੈ। ਇਸ ਤੋਂ ਇਲਾਵਾ ਬੀ ਬਲਾਕ ਦੀ ਤਿੰਨ ਮੰਜ਼ਿਲਾਂ ਇਮਾਰਤ ਦਾ ਲੈਂਟਰ ਵੀ ਪਾਇਆ ਜਾ ਚੁੱਕਿਆ ਹੈ, ਇਸ ਤੋਂ ਇਲਾਵਾ ਏ ਬਲਾਕ ਦੀ ਚਾਰ ਮੰਜ਼ਲੀ ਇਮਾਰਤ ਨੂੰ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਦੀ ਗਰਾਊਂਡ ਫਲੋਰ ਦੀ ਸਲੈਬ ਪੈ ਚੁੱਕੀ ਹੈ ਅਤੇ ਦੂਜੀ ਸਲੈਬ ਦੋ ਹਫ਼ਤੇ ਤੱਕ ਪੈਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਪਰਿਵਾਰ ਨਾਲ ਭਿਆਨਕ ਹਾਦਸਾ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ
ਦਸੰਬਰ 2025 ਤੱਕ ਕੰਮ ਪੂਰਾ ਕਰਵਾਉਣ ਦੀ ਕੋਸ਼ਿਸ਼: ਜੇਈ ਇੰਜ.ਸੁਖਵੀਰ ਸਿੰਘ
ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ ਦੀ ਚਾਰ ਮੰਜਿਲਾਂ ਅਤੇ ਤਿੰਨ ਮੰਜਿਲਾਂ ਨਵੀਂ ਇਮਾਰਤ ਬਾਰੇ ਜਾਣਕਾਰੀ ਦਿੰਦੇ ਹੋਏ ਲੋਕ ਨਿਰਮਾਣ ਵਿਭਾਗ ਦੇ ਜੇਈ ਇੰਜੀਨੀਅਰ ਸੁਖਵੀਰ ਸਿੰਘ ਨੇ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਦੀ ਨਵੀਂ ਇਮਾਰਤ ਬਣਾਉਣ ਅਤੇ ਪੁਰਾਣੀ ਇਮਾਰਤ ਦੀ ਕਾਇਆ ਕਲਪ ਕਰਨ ਲਈ ਕਰੀਬ 10.69 ਕਰੋੜ ਰੁਪਏ ਦੀ ਗ੍ਰਾਂਟ ਪਾਸ ਹੋਈ ਹੈ, ਜਿਹੜੀ ਕਿ ਹੁਣ ਵੱਧ ਕੇ ਕਰੀਬ 12 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਇਮਾਰਤ ਦੀ ਰੈਨੋਵੇਸ਼ਨ ਦਾ ਕੰਮ ਲਗਭਗ 90 ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ। ਜਿਸ ਦੇ ਕਲਾਸ ਰੂਮਾਂ ਨੂੰ ਵੱਡੀਆਂ ਨਵੀਆਂ ਤਾਕੀਆਂ, ਸ਼ੀਸ਼ੇ, ਦਰਵਾਜੇ, ਟਾਈਲਾਂ ਲਗਾਈਆਂ ਗਈਆਂ ਹਨ, ਸਟੀਲ ਦਾ ਜੰਗਲਾ ਲਗਾਇਆ ਗਿਆ ਹੈ। ਗਰੀਨ ਮਾਰਬਲ ਲਗਾਇਆ ਗਿਆ ਹੈ। ਰੰਗ ਰੋਗਨ ਕਰ ਕੇ ਪੁਰਾਣੀਆਂ ਇਮਾਰਤਾਂ ਨੂੰ ਇਕ ਵੱਖਰੀ ਨਵੀਂ ਦਿੱਖ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਿੰਨ ਮੰਜ਼ਿਲਾਂ ਬੀ ਬਲਾਕ ਦਾ ਲੈਂਟਰ ਪਾਉਣ ਦਾ ਕੰਮ ਪੂਰਾ ਹੋ ਚੁੱਕਿਆ ਹੈ, ਚੁਗਾਠਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ। ਹੁਣ ਸਿਰਫ ਇਸ ਦਾ ਪਲਸਤਰ,ਦਰਵਾਜੇ, ਖਿੜਕੀਆਂ, ਬਿਜਲੀ ਦੀ ਫਿਟਿੰਗ,ਟਾਈਲਾਂ ਲਗਾਉਣ ਦਾ ਕੰਮ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿਚ ਮਿਡ ਡੇ ਮੀਲ, ਰਸੋਈ, ਡਾਇਨਿੰਗ ਹਾਲ, ਚਾਰ ਕਲਾਸ ਰੂਮ, ਲਾਇਬਰੇਰੀ, ਇੰਟਰਗ੍ਰੇਟਿਡ ਲੈਬ ਤੋਂ ਇਲਾਵਾ ਹਰੇਕ ਮੰਜ਼ਿਲ ਤੇ ਬਾਥਰੂਮ ਤੇ ਪਖਾਨੇ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਏ ਬਲਾਕ ਦੀ ਚਾਰ ਮੰਜਿਲਾਂ ਇਮਾਰਤ ਦੀ ਗਰਾਊਂਡ ਫਲੋਰ ਦੀ ਸਲੈਬ ਪਾਈ ਜਾ ਚੁੱਕੀ ਹੈ। ਦੂਜੀ ਸਲੈਬ 15 ਦਿਨਾਂ ਦੇ ਵਿਚ ਪੈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ ਪ੍ਰਿੰਸੀਪਲ ਦਾ ਦਫਤਰ,ਕਲਾਸ ਰੂਮ, ਵੱਖ-ਵੱਖ ਸਾਇੰਸ ਲੈਬਸ, ਕੰਪਿਊਟਰ ਲੈਬ, ਮਲਟੀਪਰਪਜ਼ ਹਾਲ, ਹਰੇਕ ਮੰਜ਼ਿਲ ਤੇ ਬਾਥਰੂਮ, ਪਖਾਨੇ,ਰੈਂਪ ਬਣਾਇਆ ਜਾਵੇਗਾ ਜੋ ਹਰੇਕ ਬਲਾਕ ਨਾਲ ਜੁੜੇਗਾ। ਇਸ ਤੋਂ ਇਲਾਵਾ ਇਸ ਬਲਾਕ ਵਿਚ ਲਿਫਟ ਵੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਕੰਮ ਦਸੰਬਰ 2025 ਤੱਕ ਪੂਰਾ ਕਰਨ ਦਾ ਟਿੱਚਾ ਹੈ।
3 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਆਉਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਬੱਸਾਂ ਦਾ ਪ੍ਰਬੰਧ : ਸ਼ਰਨਜੀਤ ਸਿੰਘ
ਸਕੂਲ ਆਫ਼ ਐਮੀਨੈਂਸ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਰਾਣਾ ਨੇ ਦੱਸਿਆ ਕਿ ਸਕੂਲ ਵਿਚ ਇਸ ਸਮੇਂ 6ਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ 716 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਦੀ ਗਿਣਤੀ ਹੌਲੀ ਹੌਲੀ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਦੀਆਂ 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਕਲਾਸਾਂ ਵਿਚ 220 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਕੂਲ ਵਿਚ ਆਰਟਸ, ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਗਰੁੱਪ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਹਰੇਕ ਸਟਰੀਮ ਲਈ 32-32 ਸੀਟਾਂ ਹਨ ਜਦ ਕਿ ਨੌਵੀਂ ਅਤੇ ਦਸਵੀਂ ਜਮਾਤ ਲਈ 36-36 ਸੀਟਾਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਆਫ ਐਮੀਨੈਂਸ ਦੀਆਂ ਇਨ੍ਹਾਂ ਸੀਟਾਂ ਲਈ ਪਹਿਲਾਂ ਦਾਖਲਾ ਟੈਸਟ ਹੁੰਦਾ ਹੈ, ਫਿਰ ਨਤੀਜਾ ਆਉਣ ਤੋਂ ਬਾਅਦ ਮੈਰਿਟ ਬਣਦੀ ਹੈ ਜਿਸ ਅਨੁਸਾਰ ਵਿਦਿਆਰਥੀਆਂ ਨੂੰ ਸਕੂਲ ਵਿਚ ਦਾਖਲਾ ਮਿਲਦਾ ਹੈ। ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਦੇ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੂੰ ਜਿਨ੍ਹਾਂ ਦਾ ਘਰ ਤਿੰਨ ਕਿਲੋਮੀਟਰ ਤੋਂ ਵੱਧ ਦੂਰ ਪੈਂਦਾ ਹੈ, ਨੂੰ ਘਰ ਤੋਂ ਸਕੂਲ ਲਿਆਉਣ ਅਤੇ ਸਕੂਲ ਤੋਂ ਘਰ ਛੱਡਣ ਲਈ ਮੁਫਤ ਬੱਸਾਂ ਦਾ ਪ੍ਰਬੰਧ ਹੈ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਨਿੱਜੀ ਸਕੂਲਾਂ ਦੇ ਬੱਚਿਆਂ ਲਈ 25% ਸੀਟਾਂ ਰਾਖਵੀਆਂ: ਪ੍ਰਿੰਸੀਪਲ
ਪ੍ਰਿੰਸੀਪਲ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਕੂਲ ਆਫ਼ ਐਮੀਨੈਂਸ ਦੀਆਂ ਨੌਵੀਂ ਤੋਂ ਬਾਰ੍ਹਵੀਂ ਤੱਕ 25 ਫੀਸਦੀ ਸੀਟਾਂ ਰਾਖਵੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਮੁਫ਼ਤ ਕੋਚਿੰਗ ਕਲਾਸਾਂ ਲਗਾਈਆਂ ਜਾਂਦੀਆਂ ਹਨ।
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਬਿਆਸ ਦਰਿਆ ਨੇ ਧਾਰਿਆ ਭਿਆਨਕ ਰੂਪ, ਆਰਜੀ ਬੰਨ੍ਹ ਟੁੱਟੇ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ : ਕਮਿੱਕਰ ਸਿੰਘ ਡਾਢੀ
ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸੰਗਠਨ ਇੰਚਾਰਜ ਅਤੇ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਕੂਲ ਆਫ਼ ਐਮੀਨੈਂਸ ਬਣਾਇਆ ਗਿਆ ਹੈ ਅਤੇ ਇਸ ਸਕੂਲ ਦੀ ਨਵੀਂ ਇਮਾਰਤ ਬਣਾਉਣ ਲਈ 12 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿਚ ਇਸ ਸਕੂਲ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ।
ਸਿੱਖਿਆ ਪੱਖੋਂ ਹਰਜੋਤ ਸਿੰਘ ਬੈਂਸ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਇਸ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਵਾਲੇ ਗਰੀਬ ਲੋਕਾਂ ਦੇ ਬੱਚਿਆਂ ਦਾ ਭਵਿੱਖ ਉਜਵਲ ਹੋਵੇਗਾ ਅਤੇ ਉਹ ਹਰੇਕ ਮੁਕਾਬਲੇ ਦੀ ਪ੍ਰੀਖਿਆ ਲਈ ਤਿਆਰ ਹੋਣਗੇ। ਇਲਾਕੇ ਦੇ ਲੋਕ ਹਰਜੋਤ ਬੈਂਸ ਦੀ ਇਸ ਦੇਣ ਨੂੰ ਕਦੀ ਵੀ ਭੁਲਾ ਨਹੀਂ ਸਕਦੇ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ Latest Update! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ, 4 ਜ਼ਿਲ੍ਹਿਆਂ ਲਈ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e