ਇੰਡੀਅਨ ਆਇਲ ਕਾਰਪੋਰੇਸ਼ਨ ਨੇ ਡੀਜ਼ਲ ''ਤੇ ਦਿੱਤੀ 27 ਪੈਸੇ ਦੀ ਹੋਰ ਰਿਬੇਟ

08/11/2017 6:48:52 AM

ਪਟਿਆਲਾ (ਰਾਜੇਸ਼) - ਪੰਜਾਬ ਸਰਕਾਰ ਦੀ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਨੂੰ ਘਾਟੇ ਵਿਚੋਂ ਕੱਢ ਕੇ ਮੁਨਾਫੇ ਵਿਚ ਲਿਆਉਣ ਲਈ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਵੱਲੋਂ ਕੀਤੀ ਜਾ ਰਹੀ ਚਾਰਾਜੋਈ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਦੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪੀ. ਆਰ. ਟੀ. ਸੀ. ਨੂੰ ਡੀਜ਼ਲ ਵਿਚ ਮਾਰਕੀਟ ਰੇਟ ਨਾਲੋਂ 27 ਪੈਸੇ ਹੋਰ ਰਿਬੇਟ ਦੇਣ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਪਹਿਲਾਂ ਐੈੱਮ. ਡੀ. ਨਾਰੰਗ ਨੇ 2015 ਵਿਚ ਆਈ. ਓ. ਸੀ. ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ 1 ਰੁਪਏ 5 ਪੈਸੇ ਦਾ ਰਿਬੇਟ ਲਿਆ ਸੀ। ਹੁਣ ਫਿਰ ਤੋਂ ਉਨ੍ਹਾਂ ਆਪਣੀ ਦੂਜੀ ਟਰਮ ਵਿਚ 27 ਪੈਸੇ ਦਾ ਹੋਰ ਰਿਬੇਟ ਹਾਸਲ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਚੇਅਰਮੈਨ ਕੇ. ਕੇ. ਸ਼ਰਮਾ ਨੇ ਆਈ. ਓ. ਸੀ. ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਸੀ। ਇਸ ਤੋਂ ਬਾਅਦ ਆਈ. ਓ. ਸੀ. ਨੇ 1 ਰੁਪਏ 5 ਪੈਸੇ ਤੋਂ ਇਲਾਵਾ 27 ਪੈਸੇ ਹੋਰ ਰਿਬੇਟ ਦੇਣ ਦਾ ਫੈਸਲਾ ਕਰ ਲਿਆ ਹੈ। 27 ਪੈਸੇ ਰਿਬੇਟ ਮਿਲਣ ਨਾਲ ਪੀ. ਆਰ. ਟੀ. ਸੀ. ਨੂੰ ਹਰ ਮਹੀਨੇ 6.60 ਲੱਖ ਰੁਪਏ ਬੱਚਤ ਹੋਵੇਗੀ। 3 ਸਾਲਾਂ ਵਿਚ 2 ਕਰੋੜ 40 ਲੱਖ ਰੁਪਏ ਬਚਣਗੇ। ਇਸ ਤੋਂ ਪਹਿਲਾਂ ਪੀ. ਆਰ. ਟੀ. ਸੀ. 1 ਰੁਪਏ 5 ਪੈਸੇ ਦੀ ਰਿਬੇਟ ਦੇ ਹਿਸਾਬ ਨਾਲ ਹਰ ਸਾਲ 4 ਕਰੋੜ 32 ਲੱਖ ਰੁਪਏ ਦੀ ਬੱਚਤ ਹੁੰਦੀ ਸੀ। ਹੁਣ ਕੁੱਲ ਰਿਬੇਟ ਦੇ ਨਾਲ 3 ਸਾਲਾਂ ਵਿਚ 15 ਕਰੋੜ 36 ਲੱਖ ਰੁਪਏ ਦੀ ਬੱਚਤ ਹੋਵੇਗੀ। ਆਈ. ਓ. ਸੀ. ਨੇ ਪੀ. ਆਰ. ਟੀ. ਸੀ. ਨਾਲ ਇਹ ਐਗਰੀਮੈਂਟ 3 ਸਾਲਾਂ ਲਈ ਕੀਤਾ ਹੈ। 
ਜਾਣਕਾਰੀ ਦਿੰਦਿਆਂ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਦੱਸਿਆ ਕਿ ਕੈਪ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿਚ ਸਰਕਾਰੀ ਟਰਾਂਸਪੋਰਟ ਸਿਸਟਮ ਨੂੰ ਜ਼ਿਆਦਾ ਹੱਲਾਸ਼ੇਰੀ ਦੇ ਰਹੀ ਹੈ। ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਸਰਕਾਰੀ ਟਰਾਂਸਪੋਰਟ ਸਿਸਟਮ ਨੂੰ ਤਬਾਹ ਕਰਨ ਦਾ ਕੰਮ ਕਰਦੇ ਹੋਏ ਨਿੱਜੀ ਟਰਾਂਸਪੋਰਟੇਸ਼ਨ ਨੂੰ ਹੱਲਾਸ਼ੇਰੀ ਦਿੱਤੀ ਸੀ। ਇਸ ਦਾ ਵੱਡਾ ਕਾਰਨ ਬਾਦਲ ਪਰਿਵਾਰ ਅਤੇ ਅਕਾਲੀ ਆਗੂਆਂ ਦੀਆਂ ਆਪਣੀਆਂ ਬੱਸਾਂ ਨੂੰ ਮੁਨਾਫਾ ਦੇਣਾ ਸੀ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਪ੍ਰਾਈਵੇਟ ਟਰਾਂਸਪੋਰਟ ਸਿਸਟਮ ਦੀ ਗੁੰਡਾਗਰਦੀ ਨੂੰ ਨੱਥ ਪਾਈ ਜਾਵੇਗੀ। ਸਰਕਾਰ ਲੋਕਾਂ ਨੂੰ ਸਸਤੀ ਅਤੇ ਵਧੀਆ ਟਰਾਂਸਪੋਰਟੇਸ਼ਨ ਸੁਵਿਧਾ ਮੁਹੱਈਆ ਕਰਵਾਏਗੀ। ਇਸ ਦੇ ਤਹਿਤ ਪੀ. ਆਰ. ਟੀ. ਸੀ. ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। 
ਚੇਅਰਮੈਨ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੇ ਬੇੜੇ ਵਿਚ ਜਲਦੀ ਹੀ 150 ਨਵੀਆਂ ਬੱਸਾਂ ਪੈ ਜਾਣਗੀਆਂ। ਇਸ ਸਬੰਧੀ ਸਮੁੱਚੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ। ਸਮੁੱਚੇ ਬੰਦ ਪਏ ਰੂਟ ਚਾਲੂ ਕੀਤੇ ਜਾ ਰਹੇ ਹਨ। ਪੇਂਡੂ ਖੇਤਰਾਂ ਵਿਚ ਬੱਸ ਸੁਵਿਧਾ ਮੁਹੱਈਆ ਕਰਵਾਉਣ ਲਈ ਪੇਂਡੂ ਬੱਸ ਸਰਵਿਸ ਤਹਿਤ ਨਵੀਆਂ ਬੱਸਾਂ ਪਾਈਆਂ ਗਈਆਂ ਹਨ, ਜਿਸ ਕਾਰਨ ਪਿੰਡਾਂ ਦੇ ਲੋਕ ਬੇਹੱਦ ਖੁਸ਼ ਹਨ।


Related News