ਆਈ.ਆਈ.ਟੀ. ਰੂਪਨਗਰ ਨੇ ਪਰਾਲੀ ਪ੍ਰਬੰਧਨ ਦਾ ਕੱਢਿਆ ਕੁਝ ਇਸ ਤਰ੍ਹਾਂ ਹਲ (ਵੀਡੀਓ)
Thursday, Nov 07, 2019 - 02:32 PM (IST)
ਰੂਪਨਗਰ (ਵਿਜੇ)— ਪੰਜਾਬ ਸਰਕਾਰ ਵੱਲੋਂ ਮੁਕੰਮਲ ਤੌਰ 'ਤੇ ਪਾਬੰਦੀ ਲਗਾਉਣ ਦੇ ਬਾਵਜੂਦ ਕਿਸਾਨਾਂ ਵੱਲੋਂ ਝੋਨੇ ਦੀ ਰਹਿਣ-ਖੂੰਹਦ ਅਤੇ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰਾਲੀ ਨੂੰ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸੇ ਤਹਿਤ 'ਚ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਣ ਦੇ ਸੰਕਟ ਅਤੇ ਇਸ ਦੇ ਕਾਰਨ ਹੋ ਰਹੇ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਆਈ. ਆਈ. ਟੀ. (ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ) ਰੂਪਨਗਰ ਵੱਲੋਂ ਇਕ ਘੱਟ ਲਾਗਤ ਵਾਲੀ ਪਰਾਲੀ ਹਟਾਉਣ ਵਾਲੀ ਮਸ਼ੀਨ ਤਿਆਰ ਕਰਕੇ ਸਮੱਸਿਆ ਲਈ ਨਵੀਨਤਮ ਹੱਲ ਕੱਢਿਆ ਗਿਆ ਹੈ।
ਇਸ ਪ੍ਰਣਾਲੀ ਦੁਆਰਾ ਤੁਰੰਤ ਪਰਾਲੀ ਨੂੰ ਵੱਢਿਆ ਜਾ ਸਕੇਗਾ ਅਤੇ ਕੰਬਾਈਨ ਦੇ ਨਾਲ ਕਟਾਈ ਦੇ ਮਗਰੋਂ ਹੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਆਧੁਨਿਕ ਮਸ਼ੀਨ ਕਿਸੇ ਵੀ ਟਰੈਕਟਰ ਨਾਲ ਸੰਚਾਲਤ ਕੀਤੀ ਜਾ ਸਕੇਗੀ ਅਤੇ ਪਰਾਲੀ ਇਕੱਠੀ ਵੀ ਕਰੇਗੀ। ਇਸ ਮਸ਼ੀਨ ਦੀ ਇਹ ਵੀ ਖੂਬੀ ਹੈ ਕਿ ਇਹ ਝੋਨਾ ਅਤੇ ਕਣਕ ਦੀ ਰਹਿੰਦ-ਖੂੰਹਦ ਵੱਢਣ ਲਈ ਵਰਤੋਂ ਕੀਤੀ ਜਾ ਸਕੇਗੀ।
ਆਈ. ਆਈ. ਟੀ. ਰੂਪਨਗਰ ਦੇ ਪ੍ਰਮੁੱਖ ਡਾ. ਦਾਸ, ਉਦਯੋਗਿਕ ਸਲਾਹਕਾਰ, ਪ੍ਰਯੋਜਤ ਖੋਜ ਅਤੇ ਉਦਯੋਗਿਕ ਸੰਪਰਕ ਵਿਭਾਗ ਦੇ ਡੀਨ ਅਤੇ ਇਸ ਯੋਜਨਾ ਦੇ ਪ੍ਰਮੁੱਖ ਪ੍ਰੋ. ਹਰਪ੍ਰੀਤ ਸਿੰਘ. ਡਾ. ਪ੍ਰਬੀਰ ਸਰਕਾਰ ਨੇ ਕਿਹਾ ਕਿ ਭਾਰੀ ਮਾਤਰਾ 'ਚ ਪਰਾਲੀ ਅਤੇ ਨਾੜ ਨੂੰ ਖੇਤਾਂ 'ਚ ਹੀ ਸਾੜਿਆ ਜਾ ਰਿਹਾ ਹੈ, ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਅਜਿਹਾ ਕਰਨ ਦੇ ਨਾਲ ਮਿੱਟੀ ਦੀ ਗੁਣਵੱਤਾ ਵੀ ਘਟਦੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਮਸ਼ੀਨ ਕਾਫੀ ਤੇਜ਼ ਹੈ ਅਤੇ ਸੰਚਾਲਤ ਕਰਨ ਲਈ ਕੇਵਲ ਇਕ ਵਿਅਕਤੀ ਦੀ ਲੋੜ ਹੁੰਦੀ ਹੈ। ਜਦੋਂ ਕਿ ਇਸ ਪ੍ਰਣਾਲੀ ਦੀ ਲਾਗਤ ਕਰੀਬ 5 ਤੋਂ 6 ਲੱਖ ਰੁਪਏ ਹੈ। ਇਹ ਮਸ਼ੀਨ ਜਿੱਥੇ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰੇਗੀ, ਉਥੇ ਹੀ ਪਰਾਲੀ ਆਦਿ ਨੂੰ ਅੱਗ ਲਾਉਣ ਦੇ ਕਾਰਨ ਵਧ ਰਹੇ ਪ੍ਰਦੂਸ਼ਣ 'ਤੇ ਵੀ ਕੰਟਰੋਲ ਹੋਵੇਗਾ।