ਭਾਰਤੀ ਫ਼ੌਜ ਦੇ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
Friday, Jun 16, 2023 - 03:38 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਬਲਾਕ ਨੂਰਪੁਰਬੇਦੀ ਦੇ ਪਿੰਡ ਸੁੱਖੇਮਾਜਰਾ ਦੇ ਭਾਰਤੀ ਫ਼ੌਜ ’ਚ ਤਾਇਨਾਤ ਇਕ ਸੈਨਿਕ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। ਜਿਸ ਦਾ ਵੀਰਵਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅਤਿ ਗਮਗੀਨ ਮਾਹੌਲ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 74 ਆਰਮਡ ਦਾ ਸੈਨਿਕ ਕੁਲਵਿੰਦਰ ਸਿੰਘ (27) ਪੁੱਤਰ ਸੋਮਨਾਥ ਜੋ 7 ਸਾਲ ਪਹਿਲਾਂ 2016 ’ਚ ਫ਼ੌਜ ’ਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਵਾੜਮੇਰ ਖੇਤਰ ’ਚ ਡਿਊਟੀ ਨਿਭਾ ਰਿਹਾ ਸੀ।
ਸੈਨਿਕ ਦੀ ਮ੍ਰਿਤਕ ਦੇਹ ਲੈ ਕੇ ਪਹੁੰਚੇ ਸੂਬੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 13 ਜੂਨ ਨੂੰ ਅਚਾਨਕ ਸ਼ਾਰਟ ਸਰਕਟ ਹੋਣ ਉਪਰੰਤ ਕਰੰਟ ਲੱਗਣ ਕਾਰਨ ਸੈਨਿਕ ਦੀ ਮੌਤ ਹੋ ਗਈ। ਸੈਨਿਕ ਦੀ ਮ੍ਰਿਤਕ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਫੁੱਲਾਂ ਨਾਲ ਸਜੀ ਭਾਰਤੀ ਫ਼ੌਜ ਦੀ ਗੱਡੀ ’ਚ ਪਿੰਡ ਲਿਆਂਦਾ ਗਿਆ। ਜਿਵੇਂ ਹੀ ਫ਼ੌਜੀ ਦੀ ਮ੍ਰਿਤਕ ਦੇਹ ਪਿੰਡ ਵਿਚ ਲਿਆਂਦੀ ਗਈ ਤਾਂ ਜਵਾਨ ਪੁੱਤ ਦੀ ਲਾਸ਼ ਵੇਖ ਪਰਿਵਾਰ ਧਾਹਾਂ ਮਾਰ ਰੋਇਆ। ਇਸ ਮੌਕੇ ਹਰ ਕਿਸੇ ਦੀ ਅੱਖ ਨਮ ਸੀ। ਉਪਰੰਤ ਸ਼ਮਸ਼ਾਨਘਾਟ ਵਿਖੇ ਸੈਨਿਕ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ- ਲਿਫ਼ਟ ਦੇ ਬਹਾਨੇ ਔਰਤਾਂ ਵੱਲੋਂ ਕੀਤੇ ਕਾਰੇ ਨੇ ਭੰਬਲਭੂਸੇ 'ਚ ਪਾਇਆ ਡਰਾਈਵਰ, ਮਾਮਲਾ ਕਰੇਗਾ ਹੈਰਾਨ
ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਪਹੁੰਚੇ ਉਸ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਨੇ ਜਦਕਿ ਪ੍ਰਸ਼ਾਸਨ ਵੱਲੋਂ ਪਹੁੰਚੀ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਰਿਤੂ ਕਪੂਰ ਸਮੇਤ ਫ਼ੌਜ ਦੇ ਹੋਰਨਾਂ ਅਧਿਕਾਰੀਆਂ ਅਤੇ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸੈਨਿਕ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਚੰਡੀ ਮੰਦਰ ਤੋਂ ਪਹੁੰਚੀ 5 ਡੋਗਰਾ ਰੈਜ਼ੀਮੈਂਟ ਦੇ ਜਵਾਨਾਂ ਨੇ ਮ੍ਰਿਤਕ ਸੈਨਿਕ ਨੂੰ ਸਲਾਮੀ ਭੇਟ ਕੀਤੀ। ਸੈਨਿਕ ਕੁਲਵਿੰਦਰ ਸਿੰਘ ਦਾ ਸਾਲ ਪਹਿਲਾਂ ਹੀ ਫਰਵਰੀ 2022 ’ਚ ਵਿਆਹ ਹੋਇਆ ਸੀ ਅਤੇ ਜੋ 2 ਕੁ ਮਹੀਨੇ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਪਰਤਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਕੌਰ ਕੁਝ ਦਿਨ ਪਹਿਲਾਂ ਹੀ ਆਪਣੇ ਸੈਨਿਕ ਪਤੀ ਨੂੰ ਮਿਲਣ ਲਈ ਬਾੜਸੇਰ ਗਈ ਹੋਈ ਸੀ।
ਇਹ ਵੀ ਪੜ੍ਹੋ- ਹੁਸ਼ਿਆਰਪੁਰ ਵਿਖੇ ਭੈਣ-ਭਰਾ ਨਾਲ ਵਾਪਰਿਆ ਦਰਦਨਾਕ ਹਾਦਸਾ, 40 ਦਿਨ ਪਹਿਲਾਂ ਵਿਆਹੀ ਭੈਣ ਦੀ ਹੋਈ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani