ਪੰਜਾਬ ਦੀ ਇਕਲੌਤੀ ਧੀ ਭਾਰਤੀ ਫੌਜ ''ਚ ਜੱਜ ਐਡਵੋਕੇਟ ਜਨਰਲ ਬਣੀ
Tuesday, Mar 13, 2018 - 02:25 PM (IST)

ਨਾਭਾ (ਜੈਨ)-ਸਥਾਨਕ ਗੋਇਲ ਟਿਊਬਵੈੱਲ ਦੇ ਮਾਲਕ ਨਵਦੀਪ ਗੋਇਲ ਦੀ ਬੇਟੀ ਐਡਵੋਕੇਟ ਪੂਜਾ ਗੋਇਲ ਦੇ ਭਾਰਤੀ ਫੌਜ ਵਿਚ ਜੱਜ ਐਡਵੋਕੇਟ ਜਨਰਲ ਬਣਨ 'ਤੇ ਪੰਜਾਬ ਵਾਸੀਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਪੰਜਾਬ ਵਿਚ ਕੇਵਲ ਇਸ ਇਕਲੌਤੀ ਧੀ ਦੀ ਹੀ ਚੋਣ ਹੋਈ ਹੈ। ਇਥੇ ਗੋਇਲ ਭਵਨ ਵਿਖੇ ਜਦੋਂ ਅੱਜ ਪੂਜਾ ਗੋਇਲ ਦਾ ਸਮੁੱਚਾ ਪਰਿਵਾਰ ਚੇਨਈ ਤੋਂ ਪਹੁੰਚਿਆ ਤਾਂ ਲੋਕਾਂ ਦਾ ਤਾਂਤਾ ਲੱਗ ਗਿਆ, ਜਿਨ੍ਹਾਂ ਨੇ 22 ਸਾਲਾ ਲੜਕੀ ਦੇ ਲੈਫਟੀਨੈਂਟ ਰੈਂਕ ਅਤੇ ਜੱਜ ਬਣਨ 'ਤੇ ਵਧਾਈ ਦਿੱਤੀ। ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਮਨਿੰਦਰਜੀਤ ਸਿੰਘ ਬਿੱਟਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੂਲੋਂ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗਿਆਨ ਸਿੰਘ ਮੂੰਗੋ, ਪੰਜਾਬ ਭਾਜਪਾ ਦੇ ਸੂਬਾ ਕਿਸਾਨ ਮੋਰਚਾ ਦੇ ਉਪ-ਪ੍ਰਧਾਨ ਰਣਧੀਰ ਸਿੰਘ ਖੰਗੂੜਾ ਸਮੇਤ ਕਈ ਆਗੂਆਂ ਨੇ ਲੈਫਟੀਨੈਂਟ ਪੂਜਾ ਦੇ ਪਿਤਾ ਨਵਦੀਪ ਗੋਇਲ ਤੇ ਮਾਤਾ ਸ਼੍ਰੀਮਤੀ ਗੀਤਾ ਨੂੰ ਵਧਾਈ ਦਿੱਤੀ। ਲੋਕਾਂ ਨੇ ਆਤਿਸ਼ਬਾਜ਼ੀ ਵੀ ਚਲਾਈ।
ਵਰਣਨਯੋਗ ਹੈ ਕਿ ਇਸ ਰਿਆਸਤੀ ਸ਼ਹਿਰ ਦੇ ਜੰਮਪਲ ਜੈ ਸਿੰਘ ਗਿੱਲ ਪੰਜਾਬ ਦੇ ਚੀਫ ਸੈਕਟਰੀ, ਗੁਰਮੇਲ ਸਿੰਘ ਬੈਂਸ ਡਿਪਟੀ ਕਮਿਸ਼ਨਰ, ਸੁਰੇਸ਼ਵਰ ਤਿਵਾੜੀ ਫੌਜ ਵਿਚ ਮੇਜਰ ਜਨਰਲ ਤੋਂ ਇਲਾਵਾ ਅਨੇਕ ਨੌਜਵਾਨ ਪੀ. ਸੀ. ਐੈੱਸ. ਅਫਸਰ, ਸੈਸ਼ਨ ਜੱਜ ਤੇ ਪੁਲਸ ਅਫ਼ਸਰ ਰਹਿ ਚੁੱਕੇ ਹਨ ਪਰ ਭਾਰਤੀ ਫੌਜ ਵਿਚ ਜੱਜ ਐਡਵੋਕੇਟ ਜਨਰਲ ਦਾ ਅਹੁਦਾ ਪ੍ਰਾਪਤ ਕਰ ਕੇ ਪੂਜਾ ਗੋਇਲ ਨੇ ਨਾਭਾ ਦਾ ਨਾਂ ਭਾਰਤੀ ਫੌਜ ਵਿਚ ਰੌਸ਼ਨ ਕੀਤਾ ਹੈ।