ਭਾਰਤ-ਵੀਅਤਨਾਮ ਦੁਨੀਆ ''ਚ ਬਣਾ ਰਹੇ ਮਜ਼ਬੂਤ ਪਛਾਣ''

Monday, Sep 04, 2017 - 08:16 AM (IST)

ਚੰਡੀਗੜ੍ਹ  (ਨੇਹਾ ਤ੍ਰਿਪਾਠੀ) ¸ ਭਾਰਤ-ਵੀਅਤਨਾਮ ਸੱਭਿਆਚਾਰਕ ਤੇ ਡਿਪਲੋਮੈਟਿਕ ਸਬੰਧਾਂ ਦੇ 45 ਸਾਲ ਦਾ ਜਸ਼ਨ ਮਨਾਉਂਦੇ ਹੋਏ ਐਤਵਾਰ ਨੂੰ ਪੰਜਾਬ ਕਲਾ ਭਵਨ ਵਿਚ ਪੰਜਾਬ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਸਹਿਯੋਗ ਨਾਲ ਫੋਟੋ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਭਾਰਤੀ ਅਤੇ ਵੀਅਤਨਾਮੀ ਕਲਾਕਾਰਾਂ ਦੇ 135 ਫੋਟੋ ਫਰੇਮ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਵਿਚ ਇਸ ਇਕ ਰਚਨਾਤਮਕ ਪਹਿਲ ਦੇ ਜ਼ਰੀਏ ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਸੰਪਰਕ ਵਧਾਉਣ ਦਾ ਯਤਨ ਕੀਤਾ ਗਿਆ। ਪ੍ਰਦਰਸ਼ਨੀ ਦਾ ਆਯੋਜਨ ਵਿਨੋਦ ਚੌਹਾਨ, ਏ. ਐੱਫ. ਆਈ. ਏ. ਪੀ., ਏ. ਆਈ. ਆਈ. ਪੀ. ਸੀ., ਐੱਫ. ਆਈ. ਸੀ. ਐੱਸ., ਈ. ਆਈ. ਯੂ. ਪੀ., ਏ. ਆਈ. ਯੂ. ਪੀ. ਵਲੋਂ ਕੀਤਾ ਗਿਆ ਹੈ। ਉਨ੍ਹਾਂ ਨੂੰ ਫੋਟੋਗ੍ਰਾਫਿਕ ਸੋਸਾਇਟੀ ਆਫ ਅਮਰੀਕਾ ਵਲੋਂ ਟਾਪ ਟ੍ਰੈਵਲ ਫੋਟੋਗ੍ਰਾਫਰ ਦੀ ਸੂਚੀ 'ਚ ਵਿਸ਼ਵ ਵਿਚ 12ਵਾਂ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਲ ਇਸ ਪ੍ਰਾਜੈਕਟ 'ਤੇ ਮੁਸਿਓਲੋਜਿਸਟ ਡਾ. ਪੀ. ਸੀ. ਸ਼ਰਮਾ ਨੇ ਵੀ ਮਾਰਗ ਦਰਸ਼ਨ ਕੀਤਾ ਹੈ। ਇਸ ਦੌਰਾਨ 40 ਵੀਅਤਨਾਮੀ ਕਲਾਕਾਰਾਂ ਦਾ ਇਕ ਵਫਦ ਵੀ ਮੌਜੂਦ ਸੀ, ਜਿਨ੍ਹਾਂ ਦੀ ਅਗਵਾਈ ਨਗੁਏਨ ਲੀ ਥਾਨ, ਡਿਪਟੀ ਚੀਫ ਆਫ ਮਿਸ਼ਨ, ਅੰਬੈਸੀ ਆਫ ਸੋਸ਼ਲਿਸਟ ਰਿਪਬਲਿਕ ਆਫ ਵੀਅਤਨਾਮ ਨੇ ਕੀਤੀ। ਪ੍ਰਦਰਸ਼ਨੀ ਲਈ ਫੋਟੋਗ੍ਰਾਫ ਲੈਣ ਲਈ ਪੂਰੇ ਭਾਰਤ ਵਿਚ ਘੁੰਮਣ ਵਾਲੇ ਡਾ. ਚੌਹਾਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਬਹੁਤ ਸਖਤ ਸਮਾਂ ਦੇਖਿਆ ਹੈ। ਦੋਹਾਂ ਦੇਸ਼ਾਂ ਵਿਚ ਗਰੀਬੀ ਆਮ ਹੈ, ਨਾਲ ਹੀ ਭਾਰਤ ਅਤੇ ਵੀਅਤਨਾਮ ਦੋਵੇਂ ਹੀ ਤੇਜ਼ੀ ਨਾਲ ਤਰੱਕੀ ਵੀ ਕਰ ਰਹੇ ਹਨ ਅਤੇ ਵਿਸ਼ਵ ਵਿਚ ਮਜ਼ਬੂਤ ਪਛਾਣ ਵੀ ਬਣਾ ਰਹੇ ਹਨ। ਤਸਵੀਰਾਂ ਵਿਚ ਇਤਿਹਾਸ ਅਤੇ ਵਿਰਾਸਤ, ਰੰਗੀਨ ਸੱਭਿਆਚਾਰ ਅਤੇ ਆਮ ਲੋਕਾਂ ਦੀ ਜੀਵਨ ਸ਼ੈਲੀ ਦੀ ਤਾਕਤ ਸਾਫ ਝਲਕਦੀ ਹੈ। ਦੋਹਾਂ ਦੇਸ਼ਾਂ ਵਿਚ ਸੱਭਿਆਚਾਰ ਸਬੰਧ ਕਲਾ, ਫਿਲਮਾਂ, ਸੰਗੀਤ, ਨ੍ਰਿਤ, ਯੋਗ ਦੇ ਅਦਾਨ-ਪ੍ਰਦਾਨ ਦੇ ਨਾਲ ਕਰੀਬ ਹੋ ਗਏ ਹਨ।
ਸਮੁੰਦਰੀ ਕੰਢੇ, ਜੰਗਲ ਅਤੇ ਪਹਾੜੀ ਖੇਤਰ ਦੇ ਦ੍ਰਿਸ਼
ਵੀਅਤਨਾਮ ਦਾ ਕੁਦਰਤੀ ਵਾਤਾਵਰਣ, ਭੂਗੋਲ, ਇਤਿਹਾਸ ਅਤੇ ਸੱਭਿਆਚਾਰ ਬਹੁਤ ਵਧੀਆ ਹੈ, ਜਿਸ ਨੂੰ ਫੋਟੋਗ੍ਰਾਫਰਾਂ ਨੇ ਕੈਮਰੇ 'ਚ ਉਤਾਰਿਆ ਹੈ। ਇਸ ਵਿਚ ਲੰਬੇ ਸਮੁੰਦਰੀ ਕੰਢੇ, ਜੰਗਲ ਅਤੇ ਪਹਾੜੀ ਖੇਤਰ ਦੇ ਸ਼ਾਨਦਾਰ ਖੂਬਸੂਰਤ ਦ੍ਰਿਸ਼ ਹਨ। ਪੰਜਾਬ ਸੱਭਿਆਚਾਰਕ ਅਤੇ ਸੈਰ-ਸਪਾਟਾ ਵਿਭਾਗ ਦੇ ਨਾਲ ਮਿਲ ਕੇ ਆਯੋਜਿਤ ਕੀਤੀ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਦੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਅਤੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਪੰਜਾਬ ਕਲਾ ਅਤੇ ਸੱਭਿਆਚਾਰ ਦੇ ਨਿਰਦੇਸ਼ਕ ਐੱਸ. ਐੱਸ. ਢਿੱਲੋਂ, ਆਈ. ਏ. ਐੱਸ. ਨੇ ਕੀਤੀ।
ਦੋਹਾਂ ਦੇਸ਼ਾਂ ਦਾ ਸੱਭਿਆਚਾਰ ਇਕ ਮੰਚ 'ਤੇ
ਸ਼ਾਮ ਨੂੰ ਲਾਅ ਭਵਨ, ਸੈਕਟਰ-37 ਦੇ ਸਭਾਗਾਰ ਵਿਚ ਇਨ੍ਹਾਂ ਦੋਹਾਂ ਦੇਸ਼ਾਂ ਦੇ ਸੱਭਿਆਚਾਰ ਨੂੰ ਮੰਚ 'ਤੇ ਇਕੱਠੇ ਦੇਖਿਆ ਗਿਆ, ਜਿਥੇ ਪੰਜਾਬ ਤੋਂ ਗੱਤਕਾ ਤੇ ਸ਼ਾਸਤਰੀ ਨ੍ਰਿਤ ਵਿਚ ਕੱਥਕ ਦੀ ਪੇਸ਼ਕਾਰੀ ਦਿੱਤੀ ਗਈ, ਉਥੇ ਹੀ ਵੀਅਤਨਾਮ ਦੇ ਸੱਭਿਆਚਾਰ ਨਾਲ ਜੁੜੇ ਕਈ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।


Related News