ਭਾਰਤ 15 ਦੇਸ਼ਾਂ ਨੂੰ 34 ਰੁਪਏ ਪੈਟਰੋਲ ਤੇ 29 ਨੂੰ 37 ਰੁਪਏ ਵੇਚ ਰਿਹੈ ਡੀਜ਼ਲ

08/21/2018 7:08:31 AM

ਫਿਲੌਰ, (ਭਾਖੜੀ)-  ਆਰ. ਟੀ. ਆਈ. ਰਾਹੀਂ ਮਿਲੀ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਭਾਰਤ ਸਰਕਾਰ 15 ਦੇਸ਼ਾਂ ਨੂੰ ਪੈਟਰੋਲ 34 ਰੁਪਏ ਲਿਟਰ ਅਤੇ 29 ਦੇਸ਼ਾਂ ਨੂੰ ਡੀਜ਼ਲ 37 ਰੁਪਏ ਪ੍ਰਤੀ ਲਿਟਰ, ਜਦੋਂ ਕਿ ਦੇਸ਼ ਵਾਸੀਆਂ ਨੂੰ ਇਹੀ ਡੀਜ਼ਲ ਅਤੇ ਪੈਟਰੋਲ ਦੁੱਗਣੇ ਤੋਂ ਵੀ ਜ਼ਿਆਦਾ ਰੇਟਾਂ 'ਤੇ ਵੇਚ ਰਹੀ ਹੈ। ਆਰ. ਟੀ. ਆਈ. ਵਰਕਰ ਪੰਜਾਬ ਰੋਹਿਤ ਸੱਭਰਵਾਲ ਨੇ ਦੱਸਿਆ ਕਿ ਦੇਸ਼ ਵਿਚ ਦਿਨ-ਬ-ਦਿਨ ਤੇਲ ਦੇ ਵਧਦੇ ਰੇਟਾਂ ਨਾਲ ਜਨਤਾ ਵਿਚ ਹਾਹਾਕਾਰ ਮਚੀ ਹੋਈ ਹੈ, ਜਿਸ ਦਾ ਅਸਰ ਦੇਸ਼ ਦੀ ਅਰਥ ਵਿਵਸਥਾ 'ਤੇ ਵੀ ਪੈ ਰਿਹਾ ਹੈ । 
ਇਸ ਸਬੰਧੀ ਜਦੋਂ ਉਨ੍ਹਾਂ ਨੇ ਆਰ. ਟੀ. ਆਈ. ਤਹਿਤ ਮਨਿਸਟਰੀ ਆਫ ਪੈਟਰੋਲੀਅਮ ਅਤੇ ਨੈਚੁਰਲ ਗੈਸ ਅਤੇ ਤੇਲ ਰਿਫਾਈਨਰੀ ਕੰਪਨੀ ਤੋਂ ਜਾਣਕਾਰੀ ਮੰਗੀ ਤਾਂ, ਜੋ ਜਾਣਕਾਰੀ ਉਨ੍ਹਾਂ ਨੂੰ ਢਾਈ ਮਹੀਨੇ ਬਾਅਦ ਮੈਂਗਲੌਰ ਦਫਤਰ ਤੋਂ ਮੁਹੱਈਆ ਕਰਵਾਈ ਗਈ, ਉਸ ਨੂੰ ਪੜ੍ਹ ਕੇ ਉਹ ਹੈਰਾਨ ਰਹਿ ਗਏ, ਕਿਉਂਕਿ ਭਾਰਤ ਵਿਚ ਨਾ ਤਾਂ ਪੈਟਰੋਲ ਤੇ ਨਾ ਹੀ ਡੀਜ਼ਲ ਪੈਦਾ ਕਰਨ ਵਾਲੇ ਖੂਹ ਹਨ ਅਤੇ ਨਾ ਹੀ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਭਾਰਤ ਇਨ੍ਹਾਂ ਨੂੰ ਤਿਆਰ ਕਰ ਸਕੇ । ਇਸ ਦੇ ਬਾਵਜੂਦ ਭਾਰਤ 15 ਦੇਸ਼ਾਂ ਨੂੰ ਪੈਟਰੋਲ ਸਿਰਫ 34 ਰੁਪਏ ਲਿਟਰ ਅਤੇ 29 ਦੇਸ਼ਾਂ ਨੂੰ ਡੀਜ਼ਲ ਸਿਰਫ 37 ਰੁਪਏ ਲਿਟਰ ਦੇ ਹਿਸਾਬ ਨਾਲ ਵੇਚ ਰਿਹਾ ਹੈ। ਜਦੋਂਕਿ ਭਾਰਤ ਆਪਣੇ ਹੀ ਦੇਸ਼ ਵਾਸੀਆਂ ਨੂੰ ਇਹੀ ਪੈਟਰੋਲ ਤੇ ਡੀਜ਼ਲ ਦੁੱਗਣੇ ਤੋਂ ਵੀ ਜ਼ਿਆਦਾ ਰੇਟ 'ਤੇ ਮੁਹੱਈਆ ਕਰਵਾਉਂਦਾ ਹੈ। ਰੋਹਿਤ ਸੱਭਰਵਾਲ ਨੇ ਕਿਹਾ ਕਿ ਦੇਸ਼ ਵਿਚ ਆਸਮਾਨ ਨੂੰ ਛੂਹ ਰਹੇ ਰੇਟਾਂ ਪਿੱਛੇ ਭਾਰਤ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਟੈਕਸ ਲਾਉਣ ਕਾਰਨ ਰੇਟ ਵਧ ਗਏ ਹਨ।

125 ਤੋਂ 150 ਫੀਸਦੀ ਤਕ ਵਸੂਲਿਆ ਜਾ ਰਿਹੈ ਟੈਕਸ
ਰੋਹਿਤ ਸੱਭਰਵਾਲ ਨੇ ਕਿਹਾ ਕਿ ਦੇਸ਼ 'ਚ ਆਸਮਾਨ ਨੂੰ ਛੂਹ ਰਹੀਆਂ ਪੈਟਰੋ  ਪਦਾਰਥਾਂ ਦੀਆਂ ਕੀਮਤਾਂ ਪਿੱਛੇ ਭਾਰਤ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਟੈਕਸ ਲਾਉਣ ਕਾਰਨ ਰੇਟ ਵਧ ਗਏ ਹਨ। ਇਸ 'ਤੇ 125 ਫੀਸਦੀ ਤੋਂ ਲੈ ਕੇ 150 ਫੀਸਦੀ ਤਕ ਟੈਕਸ ਵਸੂਲਿਆ ਗਿਆ ਹੈ। ਅੱਜ ਜਿਸ ਗੱਡੀ ਦੀ ਟੈਂਕੀ 900 ਰੁਪਏ ਵਿਚ ਫੁਲ ਹੋ ਸਕਦੀ ਹੈ, ਉਹੀ 2500 ਰੁਪਏ ਵਿਚ ਭਰਦੀ ਹੈ, ਜੋ ਦੇਸ਼ ਵਾਸੀਆਂ ਨਾਲ ਕੋਝਾ ਮਜ਼ਾਕ ਨਹੀਂ ਤਾਂ ਹੋਰ ਕੀ ਹੈ? ਜਿਸ ਦਾ ਸਿੱਧਾ ਅਸਰ ਦੇਸ਼ ਦੀ ਅਰਥ-ਵਿਵਸਥਾ 'ਤੇ ਪੈ ਰਿਹਾ ਹੈ। 
ਇਨ੍ਹਾਂ ਦੇਸ਼ਾਂ ਨੂੰ ਭਾਰਤ ਵੇਚ ਰਿਹੈ ਪੈਟਰੋਲ ਤੇ ਡੀਜ਼ਲ ਅਮਰੀਕਾ, ਇੰਗਲੈਂਡ, ਇਸਰਾਈਲ, ਜੌਰਡਨ, ਆਸਟਰੇਲੀਆ, ਹਾਂਗਕਾਂਗ, ਸਿੰਘਾਪੁਰ, ਸਾਊਥ ਅਫਰੀਕਾ, ਮੌਰੀਸ਼ੀਅਸ, ਇਰਾਕ, ਮਲੇਸ਼ੀਆ, ਯੂ. ਏ. ਈ. ਤੇ ਹੋਰ ਦੇਸ਼ ਵੀ ਸ਼ਾਮਲ ਹਨ।
 


Related News