ਕੋਈ ਵੀ ਕੰਮ ਨਾ ਹੋਣ ''ਤੇ ਆਜ਼ਾਦ ਕੌਂਸਲਰ ਵੱਲੋਂ ਮੀਟਿੰਗ ਦਾ ਬਾਈਕਾਟ
Friday, Sep 01, 2017 - 12:42 AM (IST)

ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ 'ਚ ਸਾਰੇ ਕੌਂਸਲਰਾਂ ਨੇ ਵਿਧਾਇਕ ਅੰਗਦ ਸਿੰਘ ਅੱਗੇ ਕੌਂਸਲ ਅਧਿਕਾਰੀਆਂ ਦੀ ਮਨਮਰਜ਼ੀ ਤੇ ਉਨ੍ਹਾਂ ਦੀ ਸੁਣਵਾਈ ਨਾ ਹੋਣ ਦਾ ਰੋਣਾ ਰੋਇਆ, ਜਿਸ 'ਤੇ ਵਿਧਾਇਕ ਅੰਗਦ ਸਿੰਘ ਨੇ ਕੌਂਸਲ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਨੂੰ ਮਨਮਰਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ, ਇਸ ਲਈ ਉਹ ਨਿਯਮ ਤੇ ਕਾਨੂੰਨ ਤਹਿਤ ਆਪਣਾ ਕੰਮ ਕਰਨ। ਕਾਂਗਰਸੀ ਕੌਂਸਲਰ ਵਰਿੰਦਰ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਜੋ ਸੜਕ ਬਣਾਈ ਹੈ, ਉਹ ਨਿਯਮਾਂ ਅਨੁਸਾਰ ਨਹੀਂ ਬਣਾਈ ਗਈ। ਇਸ ਦੀ ਸ਼ਿਕਾਇਤ ਲਿਖਤੀ ਤੌਰ 'ਤੇ ਅਧਿਕਾਰੀਆਂ ਨੂੰ ਵੀ ਕੀਤੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਡਿਪਟੀ ਡਾਇਰੈਕਟਰ ਵੱਲੋਂ ਕੌਂਸਲ ਦੇ 2 ਕਰਮਚਾਰੀਆਂ 'ਤੇ ਕਾਰਵਾਈ ਕਰਨ ਲਈ ਲਿਖਿਆ ਹੈ ਪਰ ਉਸ ਪੱਤਰ ਨੂੰ ਹਾਊਸ 'ਚ ਰੱਖਿਆ ਹੀ ਨਹੀਂ ਗਿਆ।
ਇਸ 'ਤੇ ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਇਸ ਪੱਤਰ 'ਤੇ ਲੀਗਲ ਰਾਏ ਲੈ ਕੇ ਹਾਊਸ 'ਚ ਰੱਖਿਆ ਜਾਵੇਗਾ। ਇਸ ਦੌਰਾਨ ਆਜ਼ਾਦ ਕੌਂਸਲਰ ਗੁਰਪ੍ਰੀਤ ਕੌਰ ਨੇ ਇਹ ਕਹਿੰਦੇ ਹੋਏ ਮੀਟਿੰਗ 'ਚੋਂ ਵਾਕਆਊਟ ਕਰ ਦਿੱਤਾ ਕਿ ਉਨ੍ਹਾਂ ਦੇ ਵਾਰਡ 'ਚ ਕੂੜੇ ਦਾ ਸਹੀ ਪ੍ਰਬੰਧ ਨਹੀਂ ਹੋ ਰਿਹਾ, ਵਾਰਡ 'ਚ ਨਾ ਕੋਈ ਸਫਾਈ ਕਰਮਚਾਰੀ ਹੈ ਤੇ ਨਾ ਹੀ ਇਥੇ ਵਿਕਾਸ ਦੇ ਹੋਰ ਕੰਮ ਹੋ ਰਹੇ ਹਨ।ਕੌਂਸਲਰ ਵਿਨੋਦ ਕੁਮਾਰ ਪਿੰਕਾ ਤੇ ਡਾ. ਕਮਲ ਨੇ ਸ਼ਹਿਰ 'ਚ ਗੰਦੇ ਵਾਟਰ ਸਪਲਾਈ ਦਾ ਮੁੱਦਾ ਵੀ ਚੁੱਕਿਆ। ਅਕਾਲੀ ਕੌਂਸਲਰ ਪਰਮ ਸਿੰਘ ਖਾਲਸਾ ਨੇ ਨਕਸ਼ਾ ਪਾਸ ਕਰਵਾਉਣ ਲਈ ਐੱਨ. ਓ. ਸੀ. ਦੇ ਬੰਦ ਹੋਣ ਦੇ ਮੁੱਦੇ ਨੂੰ ਵਿਧਾਇਕ ਅੱਗੇ ਉਠਾਉਂਦੇ ਹੋਏ ਇਸ ਸਰਕਾਰ ਤੋਂ ਹੱਲ ਕਰਵਾਉਣ ਦੀ ਅਪੀਲ ਕੀਤੀ। ਕੌਂਸਲਰ ਪਰਮ ਸਿੰਘ ਖਾਲਸਾ ਨੇ ਕਿਹਾ ਕਿ ਜਦੋਂ ਐੱਨ. ਓ. ਸੀ. ਬੰਦ ਹੋਈ ਤਾਂ ਨਗਰ ਕੌਂਸਲ ਕਰਮਚਾਰੀ ਨਕਸ਼ੇ ਦੀ ਫੀਸ ਜਮ੍ਹਾ ਕਰਵਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਿਉਂ ਕਰ ਰਹੇ ਹਨ।