ਲਾਡੋਵਾਲ ਟੋਲ ਪਲਾਜ਼ਾ ਨੇ ਸਥਾਨਕ ਲੋਕਾਂ ਤੋਂ ਖੋਹੀਆਂ ਸਹੂਲਤਾਂ, ਫਾਸਟੈਗ ਨਹੀਂ ਚੱਲਿਆ ਤਾਂ ਭਰਨੇ ਪੈਣਗੇ 830 ਰੁਪਏ

Thursday, Dec 07, 2023 - 08:01 PM (IST)

ਲਾਡੋਵਾਲ ਟੋਲ ਪਲਾਜ਼ਾ ਨੇ ਸਥਾਨਕ ਲੋਕਾਂ ਤੋਂ ਖੋਹੀਆਂ ਸਹੂਲਤਾਂ, ਫਾਸਟੈਗ ਨਹੀਂ ਚੱਲਿਆ ਤਾਂ ਭਰਨੇ ਪੈਣਗੇ 830 ਰੁਪਏ

ਫਿਲੌਰ (ਭਾਖੜੀ) : ਲਾਡੋਵਾਲ ਟੋਲ ਪਲਾਜ਼ਾ ਦੀਆਂ ਰਿਕਾਰਡ ਵਧੀਆਂ ਕੀਮਤਾਂ ਨੇ ਜਨਤਾ ਦੀਆਂ ਮੁਸ਼ਕਲਾਂ ਵਧਾ ਕੇ ਜੇਬ ’ਤੇ ਵੱਡਾ ਅਸਰ ਪਾਇਆ ਹੈ। ਲੋਕਲ ਅਤੇ 20 ਕਿਲੋਮੀਟਰ ਦੇ ਦਾਇਰੇ ’ਚ ਰਹਿਣ ਵਾਲੇ ਲੋਕਾਂ ਦੀਆਂ ਸਾਰੀਆਂ ਸਹੂਲਤਾਂ ਖਤਮ ਕਰ ਦਿੱਤੀਆਂ ਹਨ। ਲੋਕਲ ਲੋਕਾਂ ਦੇ ਬਣਨ ਵਾਲੇ ਮਹੀਨਾਵਾਰ ਪਾਸ ਜੋ ਪਹਿਲਾਂ 150 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬਣਦੇ ਸਨ, ਉਹ ਹੁਣ 330 ਰੁਪਏ ਦੇ ਹਿਸਾਬ ਨਾਲ ਮਿਲਣਗੇ। ਲੋਕਲ ਕਮਰਸ਼ੀਅਲ ਵਾਹਨ ਚਾਲਕਾਂ ਦੇ ਵੀ ਪਾਸ ਰੇਟ 150 ਰੁਪਏ ਤੋਂ ਵਧਾ ਕੇ ਸਿੱਧਾ 7130 ਰੁਪਏ ਕਰ ਦਿੱਤੇ। ਪਰਮਿਟ ਟੈਕਸੀ ਚਾਲਕਾਂ ਨੂੰ ਪਾਸ ਦੀ ਸਹੂਲਤ ਹੁਣ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤੀ ਹੈ। ਨਵੀਆਂ ਲਾਗੂ ਕੀਮਤਾਂ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ’ਚੋਂ ਪਹਿਲੇ ਸਥਾਨ ’ਤੇ ਆ ਗਿਆ ਹੈ।

ਇਹ ਵੀ ਪੜ੍ਹੋ : ਰੈਸਟੋਰੈਂਟ, ਕਲੱਬ ਅਤੇ ਖਾਣ-ਪੀਣ ਵਾਲੀਆਂ ਥਾਵਾਂ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਹੁਕਮ ਜਾਰੀ

ਸਾਲ 2004 ’ਚ ਖੁੱਲ੍ਹਾ ਸੀ ਲਾਡੋਵਾਲ ਟੋਲ ਪਲਾਜ਼ਾ
ਲਾਡੋਵਾਲ ਟੋਲ ਪਲਾਜ਼ਾ ਸਾਲ 2004 ’ਚ ਇਥੇ ਖੁੱਲ੍ਹਾ ਸੀ, ਜੋ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਅਧੀਨ ਆਉਂਦਾ ਹੈ, ਜਿਸ ਦੀ ਅਗਵਾਈ ਕੇਂਦਰ ਸਰਕਾਰ ਦੇ ਮੰਤਰੀ ਨਿਤਿਨ ਗਡਕਰੀ ਕਰਦੇ ਹਨ। ਪਿਛਲੇ 18 ਸਾਲਾਂ ’ਚ ਹਰ ਸਾਲ ਇਕ ਹੀ ਵਾਰ ਮਾਰਚ ਦੇ ਮਹੀਨੇ ’ਚ 1 ਰੁਪਏ ਤੋਂ ਲੈ ਕੇ 5 ਰੁਪਏ ਵਾਧਾ ਇਸ ਦੇ ਰੇਟ ’ਚ ਕੀਤਾ ਜਾਂਦਾ ਸੀ। ਪਹਿਲਾਂ ਇਸ ਪਲਾਜ਼ਾ ਦਾ ਠੇਕਾ ਸੋਮਾ ਆਈਸੋਲੈਸ ਕੰਪਨੀ ਕੋਲ ਸੀ। ਪਿਛਲੇ 7 ਮਹੀਨੇ ਤੋਂ ਇਸ ਦਾ ਠੇਕਾ ਸਾਹਕਾਰ ਕੰਪਨੀ ਨੂੰ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਸਾਰੇ ਕਾਇਦੇ-ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰ ਕੇ ਪਿਛਲੇ 4 ਮਹੀਨੇ ’ਚ ਪਲਾਜ਼ਾ ਦੇ ਰੇਟਾਂ ’ਚ 2 ਵਾਰ ਵਾਧਾ ਕਰ ਦਿੱਤਾ ਗਿਆ। ਇਹੀ ਨਹੀਂ ਦੂਸਰੀ ਵਾਰ ਬੀਤੇ ਹਫਤੇ ਜੋ ਰੇਟ ਵਧਾਏ ਗਏ ਉਸ ’ਚ ਰਿਕਾਰਡ ਤੋੜ ਵਾਧਾ ਕਰ ਦਿੱਤਾ ਗਿਆ, ਜਿਸ ਦਾ ਸਿੱਧਾ ਅਸਰ ਜਨਤਾ ਦੀ ਜੇਬ ’ਤੇ ਪਿਆ।

ਲੋਕਲ ਜਨਤਾ ਤੋਂ ਇਸ ਤਰ੍ਹਾਂ ਖੋਹੀਆਂ ਗਈਆਂ ਹਨ ਸਹੂਲਤਾਂ
ਨਿਯਮਾਂ ਮੁਤਾਬਕ ਜਿਥੇ ਕਿਤੇ ਵੀ ਟੋਲ ਪਲਾਜ਼ਾ ਲਗਾਇਆ ਜਾਂਦਾ ਹੈ, 20 ਕਿਲੋਮੀਟਰ ਦੇ ਦਾਇਰੇ ’ਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਕੁਝ ਰੁਪਇਆਂ ’ਚ ਪਾਸ ਬਣਾ ਕੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਲਾਡੋਵਾਲ ਟੋਲ ਪਲਾਜ਼ਾ ’ਤੇ ਵੀ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਹੁਣ ਨਵੀਆਂ ਕੀਮਤਾਂ ਮੁਤਾਬਕ ਇਕ ਤਾਂ ਲੋਕਲ ਵਾਹਨਾਂ ਦੇ 150 ਰੁਪਏ ’ਚ ਬਣਨ ਵਾਲੇ ਪਾਸ ਦੇ ਰੇਟ ਵਧਾ ਕੇ ਸਿੱਧੇ 330 ਰੁਪਏ ਕਰ ਦਿੱਤੇ ਗਏ। ਪਹਿਲਾਂ ਲੋਕਲ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਅਤੇ ਫੈਕਟਰੀਆਂ ’ਚ ਕਮਰਸ਼ੀਅਲ ਛੋਟੇ ਵਾਹਨ ਹਨ, ਉਨ੍ਹਾਂ ਦੇ ਵੀ 150 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪਾਸ ਬਣਦੇ ਸਨ, ਹੁਣ ਉਨ੍ਹਾਂ ਦੇ ਰੇਟ ਵੀ 150 ਰੁਪਏ ਤੋਂ ਵਧਾ ਕੇ ਸਿੱਧੇ 710 ਰੁਪਏ ਕਰ ਦਿੱਤੇ ਗਏ ਹਨ। ਮਿੰਨੀ ਬੱਸ ਅਤੇ ਟਰੱਕ ਦੇ ਪਾਸ ਦੇ ਰੇਟ ਪ੍ਰਤੀ ਮਹੀਨੇ 11,500 ਰੁਪਏ ਕਰ ਦਿੱਤਾ ਗਿਆ। ਦੂਸਰਾ ਇਹ ਪਾਸ ਪੂਰਾ ਮਹੀਨਾ ਨਹੀਂ ਚੱਲੇਗਾ। ਜੇਕਰ ਉਸ ਤੋਂ ਪਹਿਲਾਂ ਗੱਡੀ 50 ਚੱਕਰ ਪਲਾਜ਼ਾ ਦੇ ਲਗਾ ਜਾਂਦੀ ਹੈ ਤਾਂ ਉਨ੍ਹਾਂ ਨੂੰ ਦੁਬਾਰਾ ਤੋਂ ਪਾਸ ਬਨਵਾਉਣਾ ਪਵੇਗਾ। ਇਸ ਤੋਂ ਇਲਾਵਾ ਪਰਮਿਟ ਟੈਕਸੀ ਚਾਲਕ, ਜੋ ਲੋਕਲ ਰਹਿਣ ਵਾਲੇ ਹਨ, ਉਨ੍ਹਾਂ ਦੇ ਪਾਸ ਬਣਨਗੇ ਹੀ ਨਹੀਂ। ਉਦਯੋਗਪਤੀ ਅਸ਼ਵਨੀ ਮਲਹੋਤਰਾ, ਗੋਪਾਲ ਥਾਪਰ ਅਤੇ ਰਿੰਕਾ ਪਾਸੀ ਨੇ ਕਿਹਾ ਕਿ ਉਨ੍ਹਾਂ ਦੀਆਂ ਫੈਕਟਰੀਆਂ ’ਚ ਛੋਟੇ ਹਾਥੀ ਅਤੇ ਸਾਮਾਨ ਢੋਣ ਵਾਲੀਆਂ ਜੀਪਾਂ ਹਨ, ਜੋ ਬੈਂਕਾਂ ਤੋਂ ਫਾਈਨਾਂਸ ਕਰਵਾਈਆਂ ਗਈਆਂ ਹਨ, ਜਿਨ੍ਹਾਂ ਦੀ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਸ਼ਤ ਆਉਂਦੀ ਹੈ। ਹੁਣ ਮਹੀਨੇ ਦੇ ਪਾਸ ਦਾ ਰੇਟ ਹੀ 150 ਰੁਪਏ ਤੋਂ ਵਧਾ ਕੇ 7130 ਰੁਪਏ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਇਨ੍ਹਾਂ ਵਾਹਨਾਂ ਦੇ 50 ਚੱਕਰ ਦਾ ਨਵਾਂ ਨਿਯਮ ਬਣਾ ਦਿੱਤਾ। ਉਨ੍ਹਾਂ ਦੇ ਵਾਹਨ ਤਾਂ ਇਕ ਦਿਨ ’ਚ ਹੀ ਲੁਧਿਆਣਾ ’ਚ ਮਾਲ ਛੱਡਣ ਅਤੇ ਲਿਆਉਣ ਦੇ 4 ਤੋਂ 5 ਚੱਕਰ ਲਗਾ ਦਿੰਦੇ ਹਨ। ਹੁਣ ਉਹ ਵਾਹਨਾਂ ਦੀਆਂ ਕਿਸ਼ਤਾਂ ਭਰਨਗੇ ਜਾਂ ਟੋਲ ਪਲਾਜ਼ਾ ਦੇ ਪਾਸ ਬਣਵਾਉਣ। ਇਕ ਪਾਸੇ ਤਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਬਿਆਨ ਦੇ ਰਹੇ ਹਨ ਕਿ ਜਦੋਂ ਵਾਹਨ ਖਰੀਦਦੇ ਸਮੇਂ ਰੋਡ ਟੈਕਸ ਲੈ ਲਿਆ ਜਾਂਦਾ ਹੈ ਤਾਂ ਫਿਰ ਟੋਲ ਪਲਾਜ਼ਾ ਲਗਾਉਣ ਦੀ ਕੀ ਲੋੜ ਹੈ ਜਦ ਕਿ ਦੂਸਰੇ ਪਾਸੇ ਪਲਾਜ਼ਾ ਦੇ ਰੇਟਾਂ ’ਚ ਇੰਨਾ ਵੱਡਾ ਇਜ਼ਾਫਾ ਕਰ ਕੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ : ਜਲਦੀ ਹੀ 100 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰੇਗੀ ‘ਆਪ’

ਫਾਸਟੈਗ ਨਹੀਂ ਚੱਲਿਆ ਤਾਂ ਤੁਹਾਨੂੰ ਪਲਾਜ਼ਾ ’ਤੇ ਆਉਣ-ਜਾਣ ਦੇ ਭਰਨੇ ਪੈਣਗੇ 830 ਰੁਪਏ
ਲਾਡੋਵਾਲ ਟੋਲ ਪਲਾਜ਼ਾ ਦੇ ਨਵੇਂ ਨਿਯਮਾਂ ਮੁਤਾਬਕ ਜੇਕਰ ਤੁਹਾਡੀ ਗੱਡੀ ’ਤੇ ਲੱਗਾ ਫਾਸਟੈਗ ਖਰਾਬ ਹੋ ਗਿਆ ਜਾਂ ਉਸ ’ਚ ਪੈਸੇ ਖਤਮ ਹੋ ਗਏ ਤਾਂ ਤੁਹਾਨੂੰ ਪਰਚੀ ਲੈ ਕੇ ਪਲਾਜ਼ਾ ਤੋਂ ਲੰਘਣ ਲਈ 430 ਰੁਪਏ ਭਰਨੇ ਪੈਣਗੇ ਅਤੇ ਇੰਨੇ ਹੀ ਦੁਬਾਰਾ ਵਾਪਸ ਆਉਣ ਦੇ ਚੁਕਾਉਣੇ ਪੈਣਗੇ।

ਕਿਸਾਨਾਂ ਦੇ ਪਾਸ ਵਿਕ ਰਹੇ 500 ਤੋਂ 1000 ਰੁਪਏ ’ਚ
ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਦੇ ਬਾਹਰ ਟੈਂਟ ਲਗਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਸੀ। ਅੰਦੋਲਨ ਖਤਮ ਹੋਣ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਸ਼ਰਤ ਤੋਂ ਬਾਅਦ ਖੋਲ੍ਹਿਆ ਸੀ ਕਿ ਇਥੋਂ ਲੰਘਦੇ ਸਮੇਂ ਕਿਸਾਨਾਂ ਤੋਂ ਪੈਸੇ ਨਹੀਂ ਲਏ ਜਾਣਗੇ। ਹੁਣ ਉਸਦਾ ਫਾਇਦਾ ਆਮ ਜਨਤਾ ਦੇ ਲੋਕ ਵੀ ਚੁੱਕ ਰਹੇ ਹਨ ਅਤੇ ਕੁਝ ਲੋਕ ਕਿਸਾਨਾਂ ਦੇ ਨਾਂ ’ਤੇ ਮੋਟਾ ਰੁਪਿਆ ਵੀ ਕਮਾ ਰਹੇ ਹਨ, ਜਿਨ੍ਹਾਂ ਦਾ ਕਿਸਾਨੀ ਤੋਂ ਕੋਈ ਲੈਣਾ-ਦੇਣਾ ਨਹੀਂ। ਟੋਲ ਪਲਾਜ਼ਾ ਦੀ ਵੀ.ਆਈ.ਪੀ. ਲੇਨ ਤੋਂ ਵੀ.ਆਈ.ਪੀ. ਗੱਡੀਆਂ ਤੋਂ ਇਲਾਵਾ ਪੁਲਸ, ਮਿਲਟਰੀ ਵਾਹਨ ਅਤੇ ਐਂਬੂਲੈਂਸ ਨੂੰ ਕੱਢਿਆ ਜਾਂਦਾ ਹੈ। ਜਿਨ੍ਹਾਂ ਕੋਲ ਕਿਸਾਨਾਂ ਦੇ ਪਾਸ ਹਨ, ਉਹ ਵਾਹਨ ਵੀ ਉਸੇ ਵੀ.ਆਈ.ਪੀ. ਲੇਨ ਤੋਂ ਲੰਘਦੇ ਹਨ। ਇਸ ਕਾਰਨ ਹੁਣ ਆਮ ਜਨਤਾ ਦੇ ਲੋਕ 500 ਤੋਂ 1000 ਰੁਪਏ ਖਰਚ ਕਰ ਕੇ ਕਿਸਾਨ ਹੋਣ ਦਾ ਕਾਰਡ ਬਣਵਾ ਕੇ ਉਥੋਂ ਮੁਫਤ ’ਚ ਲੰਘ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਵਿਚਾਰੇ ਗਏ ਅਹਿਮ ਮਸਲੇ

ਵਧੇ ਰੇਟਾਂ ਦਾ ਹਰ ਚੀਜ਼ ’ਤੇ ਪਵੇਗਾ ਅਸਰ
ਟੋਲ ਪਲਾਜ਼ਾ ਦੇ ਇਨ੍ਹਾਂ ਵਧੇ ਰੇਟਾਂ ਦਾ ਅਸਰ ਹੁਣ ਹਰ ਚੀਜ਼ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਸਕੂਲ ਵੀ ਹੁਣ ਬੱਚਿਆਂ ਦੀਆਂ ਬੱਸਾਂ ਦੇ ਕਿਰਾਇਆਂ ’ਚ ਵਾਧਾ ਕਰਨ ਜਾ ਰਹੇ ਹਨ। ਆਮ ਬੱਸਾਂ ਦੇ ਕਿਰਾਏ ’ਚ ਵੀ ਇਜ਼ਾਫਾ ਹੋਵੇਗਾ। ਦੂਸਰਾ ਕਮਰਸ਼ੀਅਲ ਵਾਹਨ ਅਤੇ ਟੈਕਸੀ ਚਾਲਕ ਵੀ ਕਿਰਾਇਆਂ’ਚ ਵਾਧਾ ਕਰਨ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਸਵਾਰੀ ਤੋਂ ਵਧੇ ਹੋਏ ਕਿਰਾਏ ਦੀ ਗੱਲ ਕਰਦੇ ਹਨ ਤਾਂ ਉਹ ਬਹਿਸ ’ਤੇ ਉਤਰ ਆਉਂਦੇ ਹਨ।

ਪੱਕਾ ਧਰਨਾ ਦੇਣਗੇ ਪਰਮਿਟ ਟੈਕਸੀ ਚਾਲਕ
ਟੋਲ ਪਲਾਜ਼ਾ ਦੇ ਵਧੇ ਰੇਟਾਂ ਵਿਰੁੱਧ ਜਨਤਾ ਆਵਾਜ਼ ਬੁਲੰਦ ਕਰਨ ਜਾ ਰਹੀ ਹੈ। ਪਰਮਿਟ ਟੈਕਸੀ ਚਾਲਕਾਂ ਨੇ ਐਲਾਨ ਕਰ ਦਿੱਤਾ ਹੈ ਕਿ ਪਲਾਜ਼ਾ ਨੇ ਜੇਕਰ ਆਪਣੇ ਨਿਯਮ ਨਹੀਂ ਬਦਲੇ ਤਾਂ ਉਹ ਪੱਕੇ ਤੌਰ ’ਤੇ ਪਲਾਜ਼ਾ ’ਤੇ ਧਰਨਾ ਦੇ ਦੇਣਗੇ। ਦੂਸਰਾ ਹੁਸ਼ਿਆਰਪੁਰ ਤੋਂ ‘ਆਪ’ ਕੌਂਸਲਰ ਜਸਪਾਲ ਸਿੰਘ ਆਪਣੇ ਸਾਥੀਆਂ ਨਾਲ ਪਲਾਜ਼ਾ ਅਧਿਕਾਰੀਆਂ ਨੂੰ ਪ੍ਰਸ਼ਾਸਨ ਨੂੰ ਮੰਗ-ਪੱਤਰ ਦੇ ਕੇ ਐਲਾਨ ਕਰ ਚੁੱਕੇ ਹਨ ਕਿ ਜੇਕਰ ਉਨ੍ਹਾਂ ਨੇ ਕੀਮਤਾਂ ਘੱਟ ਨਹੀਂ ਕੀਤੀਆਂ ਤਾਂ 17 ਜਨਵਰੀ ਨੂੰ ਉਹ ਵੀ ਆਪਣੇ ਸਾਥੀਆਂ ਨਾਲ ਧਰਨੇ ’ਤੇ ਬੈਠ ਜਾਣਗੇ।

ਕੀ ਕਹਿਣਾ ਹੈ ਟੋਲ ਪਲਾਜ਼ਾ ਦੇ ਮੈਨੇਜਰ ਦਾ
ਇਸ ਸੰਬੰਧ ’ਚ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਗੌਰਵ ਅਤੇ ਵਿਜੀਲੈਂਸ ਮੈਨੇਜਰ ਪ੍ਰਮੋਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਰੇਟ ਨੈਸ਼ਨਲ ਹਾਈਵੇ ਅਥਾਰਿਟੀ ਇੰਡੀਆ ਵਲੋਂ ਵਧਾਏ ਗਏ ਹਨ। ਸਾਨੂੰ ਤਾਂ ਸਿਰਫ ਜੋ ਹੁਕਮ ਮਿਲੇ ਸਨ, ਉਨ੍ਹਾਂ ਨੂੰ ਲਾਗੂ ਕੀਤਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਸ ਤੋਂ ਪਹਿਲਾਂ ਕਦੇ ਸਾਲ ’ਚ 2 ਵਾਰ ਰੇਟ ਵਧੇ ਹਨ ਅਤੇ ਇੰਨੇ ਜ਼ਿਆਦਾ ਵਧਾਏ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਕੇਂਦਰੀ ਲੀਡਰਸ਼ਿਪ ਜੋ ਫੈਸਲਾ ਲੈਂਦਾ ਹੈ ਉਸੇ ਮੁਤਾਬਕ ਉਨ੍ਹਾਂ ਨੂੰ ਚੱਲਣਾ ਪੈਂਦਾ ਹੈ। ਉਹ ਆਪਣੀ ਮਰਜ਼ੀ ਨਾਲ ਕੁਝ ਵੀ ਘੱਟ-ਜ਼ਿਆਦਾ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ : ਨਤੀਜਿਆਂ ਦਾ ਅਸਰ ਪੰਜਾਬ ’ਚ ਵੀ ਦਿਖੇਗਾ, ਔਰਤਾਂ ਨੂੰ ਭਾਜਪਾ ’ਚ ਹੀ ਦਿਸਦੀ ਹੈ ਇਮਾਨਦਾਰੀ ਅਤੇ ਸੁਰੱਖਿਆ ਦੀ ਗਾਰੰਟੀ : ਚੁੱਘ 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News