ਆਵਾਰਾ ਪਸ਼ੂਆਂ ਦੀ ਗਿਣਤੀ ''ਚ ਹੋਇਆ ਵਾਧਾ

Sunday, Oct 29, 2017 - 02:26 AM (IST)

ਰੂਪਨਗਰ,   (ਕੈਲਾਸ਼)-  ਸ਼ਹਿਰ ਦੇ ਨਾਲ ਲੱਗਦੇ ਖੇਤਰਾਂ 'ਚੋਂ ਆਵਾਰਾ ਪਸ਼ੂਆਂ ਦੀ ਆਮਦ 'ਤੇ ਰੋਕ ਨਾ ਲੱਗਣ ਕਾਰਨ ਇਨ੍ਹਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ, ਜਿਸ ਕਾਰਨ ਲੋਕਾਂ 'ਚ ਹਾਦਸਿਆਂ ਦਾ ਡਰ ਵੀ ਵਧਦਾ ਜਾ ਰਿਹਾ ਹੈ। 
ਇਸ ਸੰਬੰਧੀ ਰਿਟਾਇਰਡ ਜ਼ਿਲਾ ਪ੍ਰੋਜੈਕਟ ਅਫਸਰ ਰਾਜ ਕੁਮਾਰ ਕਪੂਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਦਾਖਲ ਹੋ ਰਹੇ ਆਵਾਰਾ ਪਸ਼ੂਆਂ 'ਤੇ ਰੋਕ ਲਈ ਠੋਸ ਪ੍ਰਬੰਧ ਨਾ ਕਰਨ ਕਾਰਨ ਨਾਲ ਲੱਗਦੇ ਖੇਤਰਾਂ ਦੇ ਲੋਕ ਆਵਾਰਾ ਪਸ਼ੂਆਂ ਨੂੰ ਆਪਣੀਆਂ ਟਰਾਲੀਆਂ ਰਾਹੀਂ ਸ਼ਹਿਰ ਵੱਲ ਛੱਡ ਦਿੰਦੇ ਹਨ, ਜਿਸ ਕਾਰਨ ਇਨ੍ਹਾਂ ਦੀ ਗਿਣਤੀ ਸ਼ਹਿਰ 'ਚ ਕਾਫੀ ਵਧ ਗਈ ਹੈ। ਭਾਵੇਂ ਨਗਰ ਕੌਂਸਲ ਵੱਲੋਂ ਕੁਝ ਸਮਾਂ ਪਹਿਲਾਂ ਪਟਿਆਲਾ ਤੋਂ ਇਕ ਵਿਸ਼ੇਸ਼ ਟੀਮ ਮੰਗਵਾ ਕੇ ਆਵਾਰਾ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਚਲਾਈ ਗਈ ਸੀ ਪਰ ਉਹ ਮੁਹਿੰਮ ਵੀ ਠੁੱਸ ਹੋ ਗਈ।
ਹਰ ਗਲੀ-ਮੁਹੱਲੇ 'ਚ ਆਵਾਰਾ ਪਸ਼ੂ ਘੁੰਮਦੇ ਦੇਖੇ ਜਾ ਸਕਦੇ ਹਨ, ਜਿਸ ਕਾਰਨ ਬੱਚਿਆਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਫੈਲੀ ਗੰਦਗੀ 'ਤੇ ਵੀ ਆਵਾਰਾ ਪਸ਼ੂ ਮੂੰਹ ਮਾਰਦੇ ਦੇਖੇ ਜਾਂਦੇ ਹਨ, ਜੋ ਗੰਦਗੀ ਨੂੰ ਦੂਰ-ਦੂਰ ਤੱਕ ਖਿਲਾਰ ਦਿੰਦੇ ਹਨ, ਜਦਕਿ ਇਨ੍ਹਾਂ ਕਾਰਨ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਲੋਕ ਜਾਨਾਂ ਵੀ ਗੁਆ ਚੁੱਕੇ ਹਨ। ਰਾਹਗੀਰਾਂ 'ਤੇ ਜਦੋਂ ਆਵਾਰਾ ਪਸ਼ੂ ਹਮਲਾ ਕਰਦੇ ਹਨ ਤਾਂ ਭਗਦੜ ਮਚ ਜਾਂਦੀ ਹੈ। ਪ੍ਰਸ਼ਾਸਨ ਵੱਲੋਂ ਨੂਰਪੁਰਬੇਦੀ ਦੇ ਨੇੜੇ ਇਕ ਗਊਸ਼ਾਲਾ ਵੀ ਬਣਾਈ ਗਈ ਹੈ ਪਰ ਸ਼ਹਿਰ 'ਚ ਮੌਜੂਦ ਆਵਾਰਾ ਖੂੰਖਾਰ ਸਾਨ੍ਹਾਂ ਅਤੇ ਗਊਆਂ ਨੂੰ ਦੇਖ ਕੇ ਜ਼ਿਲਾ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਕੌਂਸਲ ਤੇ ਜ਼ਿਲਾ ਪ੍ਰਸ਼ਾਸਨ ਨੂੰ ਮਿਲ ਕੇ ਸ਼ਹਿਰ ਦੀਆਂ ਹੱਦਾਂ 'ਤੇ ਚੌਕਸੀ ਵਰਤਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੇ ਪਸ਼ੂਆਂ ਨੂੰ ਸ਼ਹਿਰ 'ਚ ਨਾ ਛੱਡ ਸਕਣ। ਇਸ ਦੇ ਨਾਲ ਹੀ ਸ਼ਹਿਰ 'ਚ ਘੁੰਮ ਰਹੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ 'ਚ ਵੀ ਭੇਜਣਾ ਚਾਹੀਦਾ ਹੈ।


Related News