ਜਨਤਕ ਥਾਵਾਂ ''ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਕੱਟੇ ਚਲਾਨ

Friday, Apr 20, 2018 - 06:45 AM (IST)

ਫ਼ਰੀਦਕੋਟ, (ਹਾਲੀ)- ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਸਥਾਨਾਂ 'ਤੇ ਚੈਕਿੰਗ ਕਰ ਕੇ ਦੇਸ਼ ਭਰ 'ਚ ਲਾਗੂ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰ ਕੇ ਚਲਾਨ ਕੱਟੇ ਅਤੇ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਦੀ ਪਾਬੰਦੀ ਵਾਲੇ ਬੋਰਡ ਵੀ ਲਾਏ। 
ਬਲਾਕ ਐਕਸਟੈਨਸ਼ਨ ਐਜੂਕੇਟਰ ਡਾ. ਪ੍ਰਭਦੀਪ ਸਿੰਘ ਚਾਵਲਾ ਅਤੇ ਐੱਸ. ਆਈ. ਬਰਿੰਦਰਪਾਲ ਸਿੰਘ ਭੋਲਾ ਨੇ ਤੰਬਾਕੂ ਵਿਕਰੇਤਾਵਾਂ, ਬੱਸ ਅੱਡਾ, ਢਾਬਿਆਂ, ਚਾਹ ਸਟਾਲ ਅਤੇ ਇਹੋ ਜਿਹੀਆਂ ਹੋਰ ਜਨਤਕ ਥਾਵਾਂ ਜਿੱਥੇ ਆਮ ਲੋਕ ਆਉਂਦੇ-ਜਾਂਦੇ ਹਨ, ਦੀ ਚੈਕਿੰਗ ਕਰ ਕੇ ਸਿਗਰਟ ਅਤੇ ਬੀੜੀ ਪੀਣ ਵਾਲਿਆਂ ਦੇ ਚਲਾਨ ਕੱਟ ਕੇ ਉਨ੍ਹਾਂ ਨੂੰ ਮੌਕੇ 'ਤੇ ਜੁਰਮਾਨਾ ਕੀਤਾ। ਜਿਹੜੀਆਂ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਦੀ ਪਾਬੰਦੀ ਵਾਲੇ ਬੋਰਡ ਨਹੀਂ ਲੱਗੇ ਸਨ ਜਾਂ ਤੰਬਾਕੂਨੋਸ਼ੀ ਦੇ ਸਬੂਤ ਮਿਲੇ, ਉੱਥੇ ਸਬੰਧਤ ਮਾਲਕਾਂ ਨੂੰ ਮੌਕੇ 'ਤੇ ਜੁਰਮਾਨਾ ਕੀਤਾ ਗਿਆ। ਇਸ ਮੌਕੇ ਅਧਿਕਾਰੀਆਂ ਨੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਭਿਆਨਕ ਬੀਮਾਰੀਆਂ ਤੋਂ ਬਚਾਅ ਸਬੰਧੀ ਪ੍ਰੇਰਿਤ ਵੀ ਕੀਤਾ। 
ਸਿਹਤ ਵਿਭਾਗ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਸਿਗਰਟ, ਬੀੜੀ ਜਾਂ ਹੁੱਕਾ ਨਾ ਪੀਣ ਵਾਲੇ ਲੋਕਾਂ ਨੂੰ ਤੰਬਾਕੂ ਦੇ ਧੂੰਏਂ ਤੋਂ ਹੋਣ ਵਾਲੇ ਕੈਂਸਰ ਅਤੇ ਹੋਰ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਤੋਂ ਦੂਰ ਰੱਖਣ ਲਈ ਦੇਸ਼ ਭਰ ਵਿਚ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ ਲਾਗੂ ਕੀਤਾ ਗਿਆ ਹੈ। ਐਕਟ ਦੀ ਧਾਰਾ 4 ਤਹਿਤ ਜਨਤਕ ਥਾਣਾਂ 'ਤੇ ਤੰਬਾਕੂਨੋਸ਼ੀ ਕਰਨਾ ਅਪਰਾਧ ਹੈ। ਹਰ ਜਨਤਕ ਥਾਂ 'ਤੇ ਤੰਬਾਕੂਨੋਸ਼ੀ ਰਹਿਤ ਖੇਤਰ ਸਬੰਧੀ ਬੋਰਡ ਲਾਉਣ ਅਤੇ ਤੰਬਾਕੂਨੋਸ਼ੀ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ। ਇਸ ਸਮੇਂ ਟਰੈਫਿਕ ਪੁਲਸ ਦੀ ਟੀਮ ਨੇ ਪੂਰਨ ਸਹਿਯੋਗ ਦਿੱਤਾ। ਟੀਮ ਵੱਲੋਂ 4 ਚਲਾਨ ਕੱਟੇ ਗਏ।


Related News