ਨੌਜਵਾਨ ਹੱਦਬੰਦੀ ਦੇ ਚੱਕਰ ''ਚ ਕਈ ਘੰਟੇ ਡੁੱਬਾ ਰਿਹਾ ਚੱਕੀ ਦਰਿਆ ''ਚ

Friday, Mar 02, 2018 - 04:06 AM (IST)

ਨੌਜਵਾਨ ਹੱਦਬੰਦੀ ਦੇ ਚੱਕਰ ''ਚ ਕਈ ਘੰਟੇ ਡੁੱਬਾ ਰਿਹਾ ਚੱਕੀ ਦਰਿਆ ''ਚ

ਪਠਾਨਕੋਟ,  (ਆਦਿਤਿਆ, ਸ਼ਾਰਦਾ)-  ਚੱਕੀ ਦਰਿਆ ਵਿਚ ਅੱਜ ਦੁਪਹਿਰ ਤੋਂ ਪਈ ਨੌਜਵਾਨ ਦੀ ਲਾਸ਼ ਨੂੰ ਆਪਣੇ-ਆਪਣੇ ਏਰੀਆ ਦਾ ਨਾ ਮੰਨਣ ਕਾਰਨ ਪੰਜਾਬ ਤੇ ਹਿਮਾਚਲ ਪੁਲਸ ਦੀ ਜ਼ਿੱਦ ਅੱਗੇ ਇਨਸਾਨੀਅਤ ਸ਼ਰਮਸਾਰ ਹੋਈ ਤੇ ਲਾਸ਼ ਦੀ 25-30 ਘੰਟੇ ਬੇਕਦਰੀ ਹੁੰਦੀ ਰਹੀ। ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੀ ਪੁਲਸ ਨੇ ਆਪਣੀ ਹੱਦਬੰਦੀ ਨੂੰ ਜਾਣਨ ਲਈ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਪਟਵਾਰੀਆਂ ਤੇ ਕਾਨੂੰਨਗੋ ਨੂੰ ਰਿਕਾਰਡ ਸਮੇਤ ਮੌਕੇ 'ਤੇ ਬੁਲਾਇਆ।
ਇਸ ਦੌਰਾਨ ਕਾਰਪੋਰੇਟਰ ਯੋਗੇਸ਼ ਠਾਕੁਰ ਤੇ ਸੋਮਨਾਥ ਭਗਤ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਦੋਵਾਂ ਰਾਜਾਂ ਦੀ ਪੁਲਸ ਨਾਲ ਉਕਤ ਏਰੀਆ ਨੂੰ ਹਿਮਾਚਲ ਪ੍ਰਦੇਸ਼ ਦਾ ਏਰੀਆ ਦੱਸਿਆ ਪਰ ਹਿਮਾਚਲ ਪ੍ਰਦੇਸ਼ ਦੀ ਪੁਲਸ ਤੇ ਪਟਵਾਰੀ ਆਪਣੀ ਇਸ ਗੱਲ 'ਤੇ ਅੜੇ ਰਹੇ ਕਿ ਉਕਤ ਏਰੀਆ ਪੰਜਾਬ ਅਧੀਨ ਆਉਂਦਾ ਹੈ, ਜਿਸ ਕਾਰਨ ਦੋਵਾਂ ਰਾਜਾਂ ਦੀ ਪੁਲਸ ਤੇ ਪਟਵਾਰੀਆਂ ਵਿਚ ਬਹਿਸ ਜਾਰੀ ਰਹੀ। ਆਖਿਰ ਦੁਪਹਿਰ ਸਵਾ ਦੋ ਵਜੇ ਜਦੋਂ ਹਲਕੀ ਬੂੰਦਾਬਾਂਦੀ ਸ਼ੁਰੂ ਹੋਈ ਤਾਂ ਪੰਜਾਬ ਪੁਲਸ ਨੇ ਹੱਦਬੰਦੀ ਨੂੰ ਨਕਾਰਦੇ ਹੋਏ ਲਾਸ਼ ਨੂੰ ਚੱਕੀ ਦਰਿਆ 'ਚੋਂ ਬਾਹਰ ਕੱਢਿਆ ਅਤੇ ਨਾਲ ਹੀ ਹਿਮਾਚਲ ਪ੍ਰਦੇਸ਼ ਪੁਲਸ ਨੂੰ ਸੁਚੇਤ ਕੀਤਾ ਕਿ ਜੇ ਉਕਤ ਏਰੀਆ ਉਨ੍ਹਾਂ ਅਧੀਨ ਨਹੀਂ ਆਉਂਦਾ ਤਾਂ ਅੱਗੇ ਤੋਂ ਜਦੋਂ ਉਨ੍ਹਾਂ ਨੂੰ ਇਸ ਹੱਦਬੰਦੀ ਅਧੀਨ ਕੋਈ ਵੀ ਮਾਈਨਿੰਗ ਕਰਦਾ ਜਾਂ ਨਸ਼ਾ ਕਰਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਉਹ ਉਸ ਨੂੰ ਨਹੀਂ ਬਖਸ਼ਣਗੇ। 
ਪੰਜਾਬ ਪੁਲਸ ਵੱਲੋਂ ਚੱਕੀ ਦਰਿਆ ਵਿਚ ਫਸੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਲੋਕਾਂ ਦੇ ਸਹਿਯੋਗ ਨਾਲ ਬਾਹਰ ਕੱਢਿਆ ਗਿਆ ਅਤੇ ਉਸ ਦੀ ਜਾਂਚ ਕਰਨ 'ਤੇ ਪੁਲਸ ਨੂੰ ਉਸ ਦੀ ਜੇਬ 'ਚੋਂ ਤੰਬਾਕੂ ਦੀ ਪੂੜੀ ਤੇ ਮਾਚਿਸ ਮਿਲੀ ਅਤੇ ਕੋਈ ਵੀ ਸ਼ਨਾਖਤੀ ਕਾਰਡ ਨਾ ਮਿਲਣ ਕਰ ਕੇ ਉਸ ਦੀ ਪਛਾਣ ਨਹੀਂ ਹੋਈ। ਪੁਲਸ ਨੇ ਸਿਵਲ ਹਸਪਤਾਲ ਵਿਚ ਲਾਸ਼ ਨੂੰ ਰੱਖਵਾ ਦਿੱਤਾ ਹੈ। ਇਸ ਸਬੰਧੀ ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਅਧੀਨ ਕਾਰਵਾਈ ਕਰ ਕੇ ਅਗਲੇ 72 ਘੰਟਿਆਂ ਲਈ ਲਾਸ਼ ਹਸਪਤਾਲ ਰੱਖਵਾ ਦਿੱਤੀ ਹੈ।


Related News