ਮਨਾਹੀ ਦੇ ਬਾਵਜੂਦ ਸੜਕਾਂ ''ਤੇ ਸ਼ਰੇਆਮ ਦੌੜਦੇ ਨੇ ਓਵਰਲੋਡ ਵਾਹਨ

Friday, Nov 10, 2017 - 01:10 AM (IST)

ਮਨਾਹੀ ਦੇ ਬਾਵਜੂਦ ਸੜਕਾਂ ''ਤੇ ਸ਼ਰੇਆਮ ਦੌੜਦੇ ਨੇ ਓਵਰਲੋਡ ਵਾਹਨ

ਮੋਗਾ,   (ਪਵਨ ਗਰੋਵਰ/ਗੋਪੀ ਰਾਊਕੇ)-  ਇਕ ਪਾਸੇ ਜਿੱਥੇ 'ਧੁੰਦ' ਕਾਰਨ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ 'ਪਾਠ' ਪੜ੍ਹਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੂਬੇ ਭਰ ਦੀਆਂ ਸੜਕਾਂ 'ਤੇ ਪ੍ਰਸ਼ਾਸਨ ਨੂੰ ਕਥਿਤ ਤੌਰ 'ਤੇ ਅੱਖਾਂ ਦਿਖਾਉਂਦੇ ਹੋਏ ਵੱਡੇ ਵਾਹਨਾਂ ਦੇ ਚਾਲਕਾਂ ਵੱਲੋਂ ਸ਼ਰੇਆਮ ਇਨ੍ਹਾਂ ਨੂੰ ਓਵਰਲੋਡ ਕਰ ਕੇ ਸੜਕਾਂ 'ਤੇ ਚਲਾਇਆ ਜਾ ਰਿਹਾ ਹੈ। 
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੂਬੇ ਭਰ ਦੀਆਂ ਸੜਕਾਂ 'ਤੇ ਲੱਗੇ ਪੁਲਸ ਨਾਕਿਆਂ ਨੇੜਿਓਂ ਲੰਘਦੇ ਇਨ੍ਹਾਂ ਵਾਹਨ ਚਾਲਕਾਂ ਦੀ ਓਵਰਲੋਡਿੰਗ ਸਬੰਧੀ ਅਧਿਕਾਰੀਆਂ ਨੂੰ
ਸਭ ਕੁਝ ਪਤਾ ਹੋਣ ਦੇ ਬਾਵਜੂਦ ਅਜੇ
ਤੱਕ ਕੋਈ ਠੋਸ ਕਾਰਵਾਈ ਨਹੀਂ ਹੋ ਸਕੀ ਹੈ, ਜਿਸ ਕਰ ਕੇ ਇਹ ਓਵਰਲੋਡ ਵਾਹਨ ਚਿੱਟੇ ਦਿਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਮੰਡੀਆਂ 'ਚ ਝੋਨੇ ਦੀ ਢੋਆ-ਢੁਆਈ ਲਈ ਜਾਣ ਵਾਲੇ ਟਰੱਕਾਂ ਦੇ ਚਾਲਕ ਅਤੇ ਟਰੈਕਟਰ-ਟਰਾਲੀਆਂ ਵੱਡੀ ਪੱਧਰ 'ਤੇ ਓਵਰਲੋਡ ਹੁੰਦੀਆਂ ਸਨ। ਵੱਡੇ ਵਾਹਨਾਂ 'ਚ ਭਾਵੇਂ ਓਵਰਲੋਡ ਨਾ ਕਰਨ ਸਬੰਧੀ ਪੰਜਾਬ ਸਰਕਾਰ ਅਤੇ ਟ੍ਰੈਫਿਕ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਹੁਕਮ ਤਾਂ ਜਾਰੀ ਕੀਤੇ ਜਾਂਦੇ ਹਨ ਪਰ ਕਣਕ ਤੇ ਝੋਨੇ ਦੀ ਭਰਾਈ ਸਮੇਤ ਤੂੜੀ ਦੇ ਵਪਾਰੀਆਂ ਵੱਲੋਂ ਵਾਹਨਾਂ ਨੂੰ ਓਵਰਲੋਡ ਕੀਤਾ ਜਾ ਰਿਹਾ ਹੈ। ਇਹ ਵਾਹਨ ਕਿਸੇ ਵੇਲੇ ਵੀ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ।
ਓਵਰਲੋਡ ਵਾਹਨ ਚਾਲਕਾਂ ਵਿਰੁੱਧ ਲਗਾਤਾਰ ਸਖਤ ਕਾਰਵਾਈ ਕਰਨ ਦੀ ਲੋੜ
ਇਸ ਮਾਮਲੇ 'ਤੇ ਸ਼ਹਿਰ ਦੇ ਵੱਖ-ਵੱਖ ਚੇਤੰਨ ਵਿਅਕਤੀਆਂ ਨਾਲ ਗੱਲਬਾਤ ਕਰਨ 'ਤੇ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਕਿਸੇ ਵੀ ਘਟਨਾ ਦੇ ਵਾਪਰਨ ਮਗਰੋਂ ਕੁਝ ਸਮੇਂ ਲਈ ਤਾਂ ਪ੍ਰਸ਼ਾਸਨ ਵੱਲੋਂ ਓਵਰਲੋਡਿੰਗ ਵਾਹਨ ਚਾਲਕਾਂ ਵਿਰੁੱਧ ਸਖਤੀ ਵਰਤੀ ਜਾਂਦੀ ਹੈ ਪਰ ਬਾਅਦ 'ਚ ਪਰਨਾਲਾ ਫਿਰ ਉੱਥੇ ਹੀ ਆ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਓਵਰਲੋਡ ਵਾਹਨ ਚਾਲਕਾਂ ਵਿਰੁੱਧ ਲਗਾਤਾਰ ਸਖਤ ਕਾਰਵਾਈ ਕਰਨ ਦੀ ਲੋੜ ਹੈ। 
ਇਸ ਦੌਰਾਨ ਹੀ ਕੁਝ ਲੋਕਾਂ ਨੇ ਦੱਬਵੀਂ ਸੁਰ 'ਚ ਇਹ ਵੀ ਕਿਹਾ ਕਿ ਟ੍ਰੈਫਿਕ ਵਿਭਾਗ ਕੋਈ ਵੀ ਕਾਰਵਾਈ ਸਿਰਫ ਦੋਪਹੀਆ ਵਾਹਨ ਚਾਲਕਾਂ ਵਿਰੁੱਧ ਹੀ ਕਰਦਾ ਹੈ, ਜਦਕਿ ਵੱਡੇ ਵਾਹਨਾਂ ਦੇ ਚਾਲਕ ਵੀ ਪ੍ਰੈਸ਼ਰ ਹਾਰਨ, ਓਵਰਲੋਡਿੰਗ, ਤੇਜ਼ ਰਫ਼ਤਾਰ ਸਮੇਤ ਹੋਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਤਾਂ ਉਡਾਉਂਦੇ ਹਨ ਪਰ ਇਨ੍ਹਾਂ ਵਿਰੁੱਧ ਲੋੜ ਅਨੁਸਾਰ ਕਾਰਵਾਈ ਨਹੀਂ ਹੁੰਦੀ। 
ਟ੍ਰੈਫਿਕ ਵਿਭਾਗ ਦੇ ਅਧਿਕਾਰੀ ਦਾ ਪੱਖ
ਇਸ ਮਾਮਲੇ ਸਬੰਧੀ ਟ੍ਰੈਫਿਕ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਰਾਮ ਸਿੰਘ ਨੇ ਕਿਹਾ ਕਿ ਓਵਰਲੋਡ ਵਾਹਨ ਚਾਲਕਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ 56 ਚਲਾਨ ਕੱਟੇ ਗਏ ਹਨ, ਜਿਨ੍ਹਾਂ 'ਚੋਂ ਜ਼ਿਆਦਾ ਓਵਰਲੋਡ ਵਾਹਨਾਂ ਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਓਵਰਲੋਡ ਵਾਹਨ ਚਾਲਕਾਂ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


Related News