ਹਕੀਕਤ ''ਚ ਧਰਮਵੀਰ ਦੀ ਜੋੜੀ ਹੈ ''ਸੋਨੂ'' ਤੇ ''ਕਰਨ'' ਦੀ, ਚਾਰ ਅਨਾਥ ਬੱਚਿਆਂ ਦਾ ਬਣੇ ਸਹਾਰਾ
Saturday, Aug 08, 2020 - 06:53 PM (IST)
ਲੁਧਿਆਣਾ/ਚੰਡੀਗੜ੍ਹ (ਰਿੰਕੂ) : ਦਿਲ ਤਾਂ ਹਰ ਕਿਸੇ ਦੇ ਕੋਲ ਹੁੰਦਾ ਹੈ ਪਰ ਦਿਲਦਾਰ ਕੋਈ-ਕੋਈ ਹੀ ਹੁੰਦਾ ਹੈ ਅਤੇ ਜਦ ਇਕ ਦੇ ਨਾਲ ਦੂਜਾ ਦਿਲਦਾਰ ਮਿਲ ਜਾਵੇ ਤਾਂ 'ਸੋਨੇ 'ਤੇ ਸੁਹਾਗੇ' ਵਾਲੀ ਗੱਲ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਸੋਨੇ ਵਰਗੀ ਚਮਕ ਖਿਲਾਰਣ ਵਾਲੀ ਜੋੜੀ ਹੈ ਪੰਜਾਬ ਦੇ ਦੋ ਸ਼ੇਰ ਦਿਲ ਦੋਸਤਾਂ ਸੋਨੂ ਸੂਦ ਅਤੇ ਕਰਨ ਗਿਲਹੋਤਰਾ ਦੀ, ਭਾਵੇਂ ਦੋਵਾਂ ਦੇ ਆਪਣੇ ਵੱਖ-ਵੱਖ ਫੀਲਡ ਹਨ। ਇਕ ਕਾਰੋਬਾਰੀ ਤੇ ਦੂਜਾ ਫਿਲਮ ਜਗਤ ਦਾ ਪ੍ਰਸਿੱਧ ਅਦਾਕਾਰ ਪਰ ਉਨ੍ਹਾਂ ਦੇ ਸੀਨੇ ਵਿਚ ਜੋ ਦਿਲ ਧੜਕਦੇ ਹਨ, ਉਨ੍ਹਾਂ ਵਿਚ ਇਨਸਾਨੀਅਤ ਦੇ ਪ੍ਰਤੀ ਜਜ਼ਬਾ ਹੈ। ਇਹੀ ਵਜ੍ਹਾ ਹੈ ਕਿ ਦੋਵੇਂ ਮਿਲ ਕੇ ਦੀਨ-ਦੁਖੀਆਂ ਦੇ ਕੰਮ ਆ ਰਹੇ ਹਨ। ਸੋਨੂ ਸੂਦ ਨੂੰ ਤਾਂ ਸਭ ਜਾਣਦੇ ਹੀ ਹਨ। ਇਕ ਅਦਾਕਾਰ ਦੇ ਰੂਪ ਵਿਚ ਅਤੇ ਉਸ ਤੋਂ ਕਿਤੇ ਜ਼ਿਆਦਾ ਤਾਲਾਬੰਦੀ ਦੌਰਾਨ ਬੇਸਹਾਰਾ ਮਜ਼ਦੂਰਾਂ ਨੂੰ ਆਪਣੇ ਖਰਚ 'ਤੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਾਲੇ ਮਸੀਹਾ ਦੇ ਰੂਪ ਵਿਚ। ਉਥੇ ਇਸ ਸ਼ਖਸੀਅਤ ਦੇ ਨਾਲ ਇਕ ਹੋਰ ਨਾਮ ਹੈ, ਜੋ ਮੂਲ ਰੂਪ ਵਿਚ ਫਾਜ਼ਿਲਕਾ ਨਿਵਾਸੀ ਅਤੇ ਪੀ. ਐੱਚ. ਡੀ. ਚੈਂਬਰਸ ਆਫ ਕਾਮਰਸ ਐਂਡ ਇੰਡਸਟ੍ਰੀਜ਼ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ।
ਇਹ ਵੀ ਪੜ੍ਹੋ : ਮਿਸਾਲ ਬਣੀ 'ਚਾਹ ਵਾਲੇ ਦੀ ਗੁਰੂ ਦਕਸ਼ਣਾ', ਦੁਕਾਨ ਨੂੰ ਬਣਾਇਆ ਹੈਲਪ ਡੈਸਕ
ਇਹ ਵੀ ਪੜ੍ਹੋ : ਕਾਂਗਰਸ ਹਾਈਕਮਾਂਡ ਵੱਲੋਂ ਗੱਲ ਨਾ ਸੁਣੇ ਜਾਣ 'ਤੇ 'ਬਾਜਵਾ' ਦਾ ਸਪੱਸ਼ਟੀਕਰਨ
ਦੋਵਾਂ ਦੀ ਦੋਸਤੀ ਜੱਗ ਜ਼ਾਹਿਰ
ਦੋਵਾਂ ਦੀ ਦੋਸਤੀ ਜੱਗ ਜ਼ਾਹਿਰ ਹੈ ਪਰ ਇਹ ਦੋਸਤੀ ਹੋਰ ਲੋਕਾਂ ਦੀ ਜ਼ਿੰਦਗੀ ਬਦਲ ਦੇਵੇਗੀ, ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ। ਕੁਝ ਦਿਨ ਪਹਿਲਾਂ ਆਂਧਰਾ ਪ੍ਰਦੇਸ ਦੀਆਂ ਹਲ ਜੋਤਣ ਵਾਲੀਆਂ ਦੋ ਲੜਕੀਆਂ ਨੂੰ ਟਰੈਕਟਰ ਮੁਹੱਈਆ ਕਰਵਾਉਣ ਵਾਲੀ ਇਸ ਜੋੜੀ ਨੇ ਹੁਣ ਹਾਲ ਹੀ ਵਿਚ ਸ਼ਰਾਬ ਕਾਰਨ ਪੰਜਾਬ ਵਿਚ ਹੋਈਆਂ ਮੌਤਾਂ 'ਚ ਜਾਨ ਗੁਆਉਣ ਵਾਲੇ ਤਰਨਤਾਰਨ ਦੇ ਇਕ ਰਿਕਸ਼ਾ ਚਾਲਕ ਸੁਖਦੇਵ ਸਿੰਘ ਦੇ ਅਨਾਥ ਹੋਏ ਬੱਚਿਆਂ ਦੇ ਸੁਰੱਖਿਅਤ ਭਵਿੱਖ ਦਾ ਪ੍ਰਬੰਧ ਕੀਤਾ ਹੈ। ਸੁਖਦੇਵ ਦੀ ਮੌਤ ਦੇ ਸਦਮੇਂ 'ਚ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ। ਸੋਨੂ ਸੂਦ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਦੋਸਤ ਕਰਨ ਨਾਲ ਇਸ ਬਾਰੇ ਗੱਲ ਕੀਤੀ। ਕਰਨ ਨੇ ਸੋਨੂ ਦੇ ਕਹਿਣ 'ਤੇ ਅਬੋਹਰ ਸਥਿਤ ਆਸ਼ਰਮ ਵਿਚ 4 ਬੱਚਿਆਂ ਕਰਨਬੀਰ 13, ਗੁਰਪ੍ਰੀਤ 11, ਅਰਸ਼ਪ੍ਰੀਤ 9 ਅਤੇ ਸੰਦੀਪ 5 ਦੇ ਰਹਿਣ, ਖਾਣ-ਪੀਣ ਅਤੇ ਸਿੱਖਿਆ ਦਾ ਪ੍ਰਬੰਧ ਕਰ ਦਿੱਤਾ ਹੈ। ਦੋਵੇਂ ਦੋਸਤਾਂ ਦੀ ਦੋਸਤੀ ਇਕ ਵਾਰ ਫਿਰ ਤੋਂ ਕਿਸੇ ਉਜਵਲ ਭਵਿੱਖ ਦਾ ਆਧਾਰ ਬਣੀ ਹੈ। ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।