ਸਹੁਰਿਆਂ ਨੇ ਪੁਲਸੀਆ ਜਵਾਈ ਕੀਤਾ ਫੱਟੜ

Friday, Jan 12, 2018 - 02:44 AM (IST)

ਕੋਟ ਈਸੇ ਖਾਂ,   (ਛਾਬੜਾ)-  ਸਹੁਰਿਆਂ ਵੱਲੋਂ ਸੁੱਤੇ ਪਏ ਪੁਲਸੀਏ ਜਵਾਈ ਨੂੰ ਅਚਾਨਕ ਹਮਲਾ ਕਰ ਕੇ ਗੰਭੀਰ ਰੂਪ 'ਚ ਜ਼ਖਮੀ ਕੀਤੇ ਜਾਣ ਦੀ ਖਬਰ ਹੈ। ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਜ਼ੇਰੇ ਇਲਾਜ ਕਾਂਸਟੇਬਲ ਦਲਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੋਲੂਵਾਲਾ ਥਾਣਾ ਫਤਿਹਗੜ੍ਹ ਪੰਜਤੂਰ ਨੇ ਦੱਸਿਆ ਕਿ ਮੈਂ ਪੰਜਾਬ ਪੁਲਸ 'ਚ ਬਤੌਰ ਕਾਂਸਟੇਬਲ ਥਾਣਾ ਫਤਿਹਗੜ੍ਹ ਪੰਜਤੂਰ ਵਿਖੇ ਤਾਇਨਾਤ ਹਾਂ ਅਤੇ ਮੇਰੀ ਡਿਊਟੀ ਸੰਮਨ ਤਾਮੀਲ ਕਰਵਾਉਣ 'ਤੇ ਲੱਗੀ ਹੋਈ ਹੈ, ਮੇਰਾ ਕੁਝ ਦਿਨ ਪਹਿਲਾਂ ਆਪਣੀ ਘਰਵਾਲੀ ਸਰਬਜੀਤ ਕੌਰ ਨਾਲ ਘਰੇਲੂ ਤਕਰਾਰ ਹੋਇਆ ਸੀ।
ਅੱਜ ਸਵੇਰੇ 6.30 ਵਜੇ ਦੇ ਕਰੀਬ ਜਦਕਿ ਹਾਲੇ ਮੈਂ ਸੁੱਤਾ ਹੋਇਆ ਹੀ ਸੀ ਕਿ ਅਚਾਨਕ ਮੇਰੇ ਕਮਰੇ 'ਚ ਮੇਰਾ ਸਾਲਾ ਗੁਰਨਾਮ ਸਿੰਘ, ਉਸ ਦਾ ਪੁੱਤਰ ਕਨਵਰਪ੍ਰੀਤ ਸਿੰਘ ਆਪਣੇ ਨਾਲ ਕੁਝ ਚਾਰ-ਪੰਜ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਆ ਗਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਪਿਸਤੌਲ ਦੀ ਨੋਕ 'ਤੇ ਉਹ ਮੇਰੀ ਬੇਸਬਾਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਲੱਗੇ, ਮੈਂ ਰੌਲਾ ਪਾਇਆ ਤਾਂ ਮੇਰੇ ਕੁਝ ਰਿਸ਼ਤੇਦਾਰ ਤੇ ਆਂਢੀ-ਗੁਆਂਢੀ ਮੇਰੇ ਘਰ ਆਏ ਤਾਂ ਮੇਰਾ ਸਾਲਾ ਤੇ ਉਸ ਨਾਲ ਆਏ ਹਮਲਾਵਰ ਲਲਕਾਰੇ ਮਾਰਦੇ ਮੇਰੀ ਘਰਵਾਲੀ ਨੂੰ ਨਾਲ ਲੈ ਕੇ ਦੌੜ ਗਏ। ਦਲਜੀਤ ਸਿੰਘ ਨੇ ਦੱਸਿਆ ਮੇਰੇ 'ਤੇ ਹਮਲਾ ਕਰਨ ਵਾਲੇ ਜਾਂਦੇ-ਜਾਂਦੇ ਮੇਰੇ ਕਮਰੇ 'ਚ ਪਏ ਸਰਕਾਰੀ ਸੰਮਨ ਵੀ ਪਾੜ ਕੇ ਸੁੱਟ ਗਏ। ਜ਼ਖਮੀ ਦਲਜੀਤ ਸਿੰਘ ਨੂੰ ਉਸ ਦੇ ਦੋਸਤ ਨੇ ਇਲਾਜ ਲਈ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਦਾਖਲ ਕਰਵਾ ਦਿੱਤਾ ਸੀ। 
ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਇਸ ਘਟਨਾ ਸਬੰਧੀ ਜਦੋਂ ਜਾਂਚ ਅਧਿਕਾਰੀ ਥਾਣੇਦਾਰ ਅਵਨੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਵਾਰਦਾਤ ਦੀ ਜਾਂਚ ਕਰ ਰਹੇ ਹਾਂ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Related News