ਕਲਯੁਗੀ ਸਹੁਰਿਆਂ ਦਾ ਕਾਰਾ, ਰੋਟੀ 'ਚ ਜ਼ਹਿਰ ਦੇ ਕੇ ਮਾਰੀ ਨੂੰਹ
Friday, Jun 02, 2023 - 04:51 PM (IST)
ਬਟਾਲਾ (ਸਾਹਿਲ)- ਪਿੰਡ ਢਡਿਆਲਾ ਨੱਤ ਵਿਖੇ ਕਲਯੁੱਗੀ ਸਹੁਰਿਆਂ ਵਲੋਂ ਨੂੰਹ ਨੂੰ ਰੋਟੀ ਵਿਚ ਜ਼ਹਿਰ ਦੇ ਕੇ ਮਾਰਨ ਦਾ ਅੱਤ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐੱਸ.ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਮ੍ਰਿਤਕ ਗੁਰਲੀਨ ਕੌਰ ਦੀ ਮਾਤਾ ਬਲਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਸੰਘੇੜਾ ਨੇ ਲਿਖਵਾਇਆ ਹੈ ਕਿ ਮੇਰੀ ਕੁੜੀ ਗੁਰਲੀਨ ਕੌਰ ਦਾ ਵਿਆਹ ਪਿੰਡ ਢਡਿਆਲਾ ਨੱਤ ਦੇ ਰਹਿਣ ਵਾਲੇ ਰਣਜੋਧ ਸਿੰਘ ਪੁੱਤਰ ਕੁਲਵੰਤ ਸਿੰਘ ਨਾਲ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਵਿਦੇਸ਼ ਵਿਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ 2 ਸਾਲ ਇਕ ਮੁੰਡਾ ਵੀ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ
ਉਸ ਦੱਸਿਆ ਕਿ ਮੇਰੀ ਕੁੜੀ ਨੂੰ ਵਿਆਹ ਦੇ ਕੁਝ ਸਮਾਂ ਬਾਅਦ ਹੀ ਇਸ ਦਾ ਸਹੁਰਾ ਪਰਿਵਾਰ ਦਾਜ ਵਿਚ ਪੈਲੀ, 12 ਲੱਖ ਨਕਦ ਤੇ ਇਕ ਕਾਰ ਦੀ ਮੰਗ ਕਰਦੇ ਸਨ ਅਤੇ ਅਕਸਰ ਸਾਡੀ ਕੁੜੀ ਨੂੰ ਮਾਰਦੇ-ਕੁੱਟਦੇ ਰਹਿੰਦੇ ਸਨ। ਉਕਤ ਬਿਆਨਕਰਤਾ ਨੇ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਕਿ ਬੀਤੀ ਦਿਨੀਂ ਨੂੰ ਇਸਦੀ ਸੱਸ ਸਰਬਜੀਤ ਕੌਰ ਨੇ ਗੁਰਲੀਨ ਨੂੰ ਖਾਣੇ ਵਿਚ ਕੋਈ ਜ਼ਹਿਰੀਲੀ ਚੀਜ਼ ਪਾ ਕੇ ਖੁਆ ਦਿੱਤੀ, ਜਿਸ ਨਾਲ ਇਸ ਦੀ ਸਿਹਤ ਖ਼ਰਾਬ ਹੋ ਗਈ ਤੇ ਇਸ ਨੇ ਤੁਰੰਤ ਸਾਨੂੰ ਫੋਨ ਕੀਤਾ। ਜਿਸ ’ਤੇ ਅਸੀਂ ਆਪਣੀ ਧੀ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਇਸ ਨੂੰ ਹਾਲਤ ਨਾਜ਼ੁਕ ਹੁੰਦੀ ਦੇਖ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਅਤੇ ਅੱਜ ਸਵੇਰੇ ਤੜਕਸਾਰ ਇਸ (ਗੁਰਲੀਨ ਕੌਰ) ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ- ਤੰਬਾਕੂ ਦੀ ਗ੍ਰਿਫ਼ਤ ’ਚ ਪੰਜਾਬ, 13 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਤੱਕ ਹੋਏ ਕੈਂਸਰ ਦਾ ਸ਼ਿਕਾਰ
ਏ.ਐੱਸ.ਆਈ ਸੁਖਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਇਸਦੇ ਪਤੀ ਰਣਜੋਧ ਸਿੰਘ, ਸੱਸ ਸਰਬਜੀਤ ਕੌਰ ਤੇ ਸਹੁਰੇ ਕੁਲਵੰਤ ਸਿੰਘ ਵਿਰੁੱਧ ਥਾਣਾ ਸਦਰ ਵਿਚ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।