ਆਵਾਰਾ ਪਸ਼ੂਆਂ ਦੇ ਮਾਮਲੇ ''ਤੇ ਕਿਸਾਨ ਹੋਣ ਲੱਗੇ ''ਆਹਮੋ-ਸਾਹਮਣੇ''

Thursday, Dec 21, 2017 - 01:24 PM (IST)

ਆਵਾਰਾ ਪਸ਼ੂਆਂ ਦੇ ਮਾਮਲੇ ''ਤੇ ਕਿਸਾਨ ਹੋਣ ਲੱਗੇ ''ਆਹਮੋ-ਸਾਹਮਣੇ''

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਮਾਲਵਾ ਖਿੱਤੇ 'ਚ ਕਿਸਾਨਾਂ ਨੇ ਵਧਣੇ ਪਈ ਕਣਕ ਦੀ ਫਸਲ ਨੂੰ ਆਵਾਰਾ ਪਸ਼ੂਆਂ ਦੀ ਮਾਰ ਤੋਂ ਬਚਾਉਣ ਲਈ ਖੇਤਾਂ ਦਾ ਪਹਿਰਾ ਲਾ ਲਿਆ ਹੈ। ਕਿਸਾਨ ਮਜਬੂਰੀਵੱਸ ਜਿਥੇ ਠੰਡ ਦੀਆਂ ਰਾਤਾਂ ਦੌਰਾਨ ਖੇਤਾਂ 'ਚ ਜਾਗ ਕੇ ਰਾਤਾਂ ਕੱਟ ਰਹੇ ਹਨ, ਉਥੇ ਰਾਤ ਵੇਲੇ ਇਕ ਪਿੰਡ 'ਚੋਂ ਦੂਜੇ ਪਿੰਡ 'ਚ ਪਸ਼ੂਆਂ ਨੂੰ ਦਾਖਲ ਕਰਨ ਵੇਲੇ ਕਈ ਥਾਵਾਂ 'ਤੇ ਕਿਸਾਨ 'ਆਹਮੋ-ਸਾਹਮਣੇ' ਹੋਣ ਲੱਗੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਰ੍ਹਿਆਂ ਪੁਰਾਣੀ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਹੁਣ ਤੱਕ ਸਮੇਂ ਦੀਆਂ ਹਕੂਮਤਾਂ ਅਤੇ ਪ੍ਰਸ਼ਾਸਨਿਕ ਅਧਿਕਾਰੀ 'ਫੇਲ' ਸਾਬਤ ਹੋਏ ਹਨ, ਜਿਸ ਕਰਕੇ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਤਰ੍ਹਾਂ ਦੀ ਬਣੀ ਸਥਿਤੀ ਕਰਕੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਆਰਥਿਕ 'ਰਗੜਾ' ਲੱਗ ਰਿਹਾ ਹੈ। ਇਸ ਸਬੰਧ 'ਚ 'ਜਗ ਬਾਣੀ' ਵੱਲੋਂ ਇਕੱਤਰ ਕੀਤੇ ਵੇਰਵਿਆਂ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਇਹ ਸਮੱਸਿਆ ਕਿਸੇ ਇਕ-ਅੱਧੇ ਪਿੰਡ ਦੀ ਨਹੀਂ ਸਗੋਂ ਸਮੁੱਚੇ ਪਿੰਡਾਂ ਦੇ ਕਿਸਾਨਾਂ ਦੇ ਹਾਲਾਤ ਲਗਭਗ ਇਕੋ ਜਿਹੇ ਬਣੇ ਹੋਏ ਹਨ। ਜ਼ਿਲੇ ਦੇ ਪਿੰਡਾਂ ਦੇ ਕਈ ਕਿਸਾਨਾਂ ਦੀ ਸਮੱਸਿਆ ਤਾਂ ਇੰਨੀ ਵਧ ਗਈ ਹੈ ਕਿ ਕਿਸਾਨਾਂ ਨੇ ਆਪਣੇ ਪੱਧਰ 'ਤੇ ਪੱਲਿਓਂ ਪੈਸੇ ਖਰਚ ਕਰ ਕੇ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਰਾਤਾਂ ਨੂੰ ਪ੍ਰਾਈਵੇਟ ਤੌਰ 'ਤੇ ਪਹਿਰੇਦਾਰ ਰੱਖ ਲਏ ਹਨ। ਮਾਲਵਾ ਖਿੱਤੇ ਦੇ ਕਿਸਾਨਾਂ ਵੱਲੋਂ ਪਿਛਲੇ ਸਮੇਂ ਦੌਰਾਨ ਘੋੜ ਸਵਾਰਾਂ ਰਾਹੀਂ ਵੀ ਆਪਣੀਆਂ ਫਸਲਾਂ ਦੀ ਰਾਖੀ ਕਰਵਾਈ ਗਈ ਸੀ ਪਰ ਕਿਸਾਨਾਂ ਦਾ ਇਹ ਫੈਸਲਾ ਕਾਫੀ ਮਹਿੰਗਾ ਸਾਬਤ ਹੋਣ ਮਗਰੋਂ ਕਿਸਾਨਾਂ ਨੇ ਮੁੜ ਹੁਣ 'ਡੰਡਿਆਂ' ਨਾਲ ਫਸਲਾਂ ਦੀ ਰਖਵਾਲੀ ਕਰਨ ਵਾਲੇ 'ਪਹਿਰੇਦਾਰ' ਰੱਖਣਾ ਹੀ ਬਿਹਤਰ ਸਮਝਿਆ ਹੈ।


Related News