ਸਾਈਬਰ ਕ੍ਰਾਇਮ ਦਾ ਸ਼ਿਕਾਰ ਹੋਣ ਵਾਲਿਆਂ ਲਈ ਅਹਿਮ ਖ਼ਬਰ, ਪੁਲਸ ਨੇ ਬਣਾਇਆ ਪਲਾਨ
Thursday, Oct 31, 2024 - 11:06 AM (IST)
ਅੰਮ੍ਰਿਤਸਰ (ਜਸ਼ਨ)-ਸ਼ਾਤਿਰ ਹੈਕਰ ਹੁਣ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਲੱਖਾਂ ਦੀ ਠੱਗੀਆਂ ਮਾਰ ਰਹੇ ਹਨ। ਦੂਸਰੇ ਪਾਸੇ ਪੁਲਸ ਨੇ ਇਨ੍ਹਾਂ ਹੈਕਰਾਂ ਨੂੰ ਦਬੋਚਣ ਲਈ ਹੁਣ ਇਕ ਵਿਸ਼ੇਸ ਪਲਾਨ ਤਿਆਰ ਕੀਤਾ ਹੈ, ਜਿਸ ਅਧੀਨ ਪੁਲਸ ਨੇ ਸਾਇਬਰ ਸੈੱਲ ਵਿਭਾਗ ਵਿਚ ਤਜ਼ਰਬੇਕਾਰ ਪੁਲਸ ਅਧਿਕਾਰੀਆਂ ਦੀ ਜਿੱਥੇ ਨਿਯੁਕਤੀ ਕਰ ਦਿੱਤੀ ਹੈ, ਉਥੇ ਹੀ ਕੰਪਿਊਟਰ ਦੇ ਮਾਹਿਰ ਨਵੇਂ ਕਰਮਚਾਰੀ ਵੀ ਵਿਭਾਗ ਵਿਚ ਤਾਇਨਾਤ ਕਰ ਦਿੱਤੇ ਹਨ, ਜੋ ਕਿ ਇਨ੍ਹਾਂ ਹੈਕਰਾਂ ’ਤੇ ਤਿੱਖੀ ਨਜ਼ਰ ਰੱਖਣਗੇ। ਇਸ ਦੇ ਨਾਲ-ਨਾਲ ਇਹ ਲੋਕਾਂ ਨਾਲ ਹੋ ਰਹੀ ਠੱਗੀ ਦੀ ਰਕਮ ਨੂੰ ਵੀ ਉਸੇ ਸਮੇਂ ਹੀ ਫਿਰੀਜ਼ ਕਰ ਦੇਣਗੇ ਤਾਂ ਜੋ ਰਕਮ ਇੱਕ ਤੋਂ ਦੂਸਰੇ ਖਾਤੇ ਵਿਚ ਟਰਾਂਸਫਰ ਨਾ ਹੋ ਸਕੇ।
ਵਰਨਣਯੋਗ ਹੈ ਕਿ ਲੋਕਾਂ ਦੀ ਸਹੂਲਤ ਲਈ ਸਰਕਾਰ ਨੇ ਸਾਰੇ ਵਿਭਾਗਾਂ ਦਾ ਕੰਮ ਆਨਲਾਈਨ ਕਰਨ ਦਾ ਉਪਰਾਲਾ ਕੀਤਾ ਹੈ ਅਤੇ ਇਸ ਵਿਚ ਬੈਂਕ ਆਦਿ ਵੀ ਸ਼ਾਮਲ ਹਨ ਪਰ ਆਨਲਾਈਨ ਫਰਾਡ ਕਰਨ ਵਾਲੇ ਇੰਨੇ ਚਲਾਕ ਹਨ ਕਿ ਉਹ ਪੜ੍ਹੇ-ਲਿਖੇ ਲੋਕਾਂ ਨੂੰ ਵੀ ਝਾਂਸੇ ’ਚ ਲੈ ਕੇ ਉਨ੍ਹਾਂ ਨਾਲ ਫਰਾਡ ਕਰ ਕੇ ਠੱਗੀ ਮਾਰ ਲੈਂਦੇ ਹਨ। ਹੈਰਾਨੀਜਨਕ ਪਹਿਲੂ ਇਹ ਹੈ ਕਿ ਅਜਿਹੇ ਧੋਖਾਦੇਹੀ ਦੇ ਮਾਮਲੇ ਕਈ ਪੁਲਸ ਵਾਲਿਆਂ ਨਾਲ ਵੀ ਹੋ ਚੁੱਕੇ ਹਨ ਅਤੇ ਉਹ ਵੀ ਆਪਣੇ ਹੱਥ ਮਲਦੇ ਹੀ ਰਹਿ ਜਾਂਦੇ ਹਨ।
ਇਹ ਵੀ ਪੜ੍ਹੋ- ਦੋ-ਪਹੀਆ ਵਾਹਨਾਂ 'ਤੇ ਟ੍ਰੈਫ਼ਿਕ ਪੁਲਸ ਦੀ ਵੱਡੀ ਕਾਰਵਾਈ, ਮੰਗਵਾ ਲਿਆ ਬੁਲਡੋਜ਼ਰ
ਹੈਕਰਾਂ ਨੇ ਇਮੋਸ਼ਨਲ ਬਲੈਕਮੇਲ ਕਰਨ ਦਾ ਕੱਢਿਆ ਹੁਣ ਨਵਾਂ ਤਰੀਕਾ
ਹੁਣ ਹੈਕਰਾਂ ਨੇ ਇਮੋਸ਼ਨਲ ਬਲੈਕ ਮੇਲਿੰਗ ਕਰ ਕੇ ਧੋਖਾਦੇਹੀ ਕਰਨ ਦਾ ਨਵਾਂ ਤਰੀਕਾ ਕੱਢਿਆ ਹੈ। ਇਸ ਸਬੰਧੀ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਇੰਸਟਾਗ੍ਰਾਮ ਹੈਕਰਾਂ ਨੇ ਹੈਕ ਕਰ ਲਿਆ ਅਤੇ ਉਨ੍ਹਾਂ ਨੇ ਉਸ ਦੇ ਕੁਝ ਜਾਣਕਾਰਾਂ ਨੂੰ ਫੋਨ ਕਰ ਕੇ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਕਾਰਨ ਕੈਨੇਡਾ ਰਹਿੰਦੇ ਉਸ ਦੇ ਪਰਿਵਾਰ ’ਚ ਵੱਡੇ ਭਰਾ ਰਾਜਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਤੁਰੰਤ 1 ਲੱਖ ਰੁਪਿਆ ਚਾਹੀਦਾ ਹੈ ਜੋ ਕਿ ਉਹ ਇਕ ਨੰਬਰ ਦਵੇਗਾ ਉਸ ਤੇ ਹੁਣੇ ਭੇਜਣੇ ਹਨ, ਨਹੀਂ ਤਾਂ ਉਸ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਜਦ ਮੋਹਿਤ ਨੇ ਡਰਦੇ ਹੋਏ ਆਪਣੇ ਕੈਨੇਡਾ ਰਹਿੰਦੇ ਆਪਣੇ ਭਰਾ ਰਾਜੇ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਇਸ ਤਰ੍ਹਾਂ ਦਾ ਕੋਈ ਵੀ ਹਾਦਸਾ ਨਹੀਂ ਵਾਪਰਿਆ ਹੈ। ਇਸ ਇਸ ਮਾਮਲੇ ਤਹਿਤ ਉਸ ਨਾਲ ਲੱਖਾਂ ਰੁਪਏ ਦੀ ਧੋਖਾਦੇਹੀ ਵੀ ਹੋ ਸਕਦੀ ਸੀ।
ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਨਾਲ ਇਮੋਸ਼ਨਲ ਬਲੈਕਮੇਲਿਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹੈਕਰ ਹੁਣ ਲੋਕਾਂ ਨੂੰ ਡਰਾ-ਧਮਕਾ ਕੇ ਅਤੇ ਫੋਨ ’ਤੇ ਪੈਸੇ ਦੀ ਮੰਗ ਕਰ ਕੇ ਲੋਕਾਂ ਦੇ ਇਮੋਸ਼ਨ ਨਾਲ ਖਿਲਵਾੜ ਕਰਦੇ ਹੋਏ ਲੋਕਾਂ ਨੂੰ ਫੋਨ ’ਤੇ ਪੈਸਿਆਂ ਦੀ ਡਿਮਾਂਡ ਕਰਦੇ ਹਨ ਅਤੇ ਫਿਰ ਜਦ ਲੋਕ ਅਚਾਨਕ ਡਰ ਕੇ ਤੁਰੰਤ ਪੈਸਾ ਭੇਜ ਦਿੰਦੇ ਹਨ ਤਾਂ ਫਿਰ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ।
ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਤੋਂ ਪਹਿਲਾਂ ਜਾਰੀ ਹੋਏ ਵੱਡੇ ਹੁਕਮ
ਪੈਸੇ ਦੀ ਅਦਾਇਗੀ ਨੂੰ ਆਸਾਨ ਬਣਾਉਣ ਲਈ ਬਣਾਏ ਗਏ ਸਨ ਐਪਸ
ਮੋਬਾਈਲ ਫੋਨ ਰਾਹੀਂ ਇਕ ਖਾਤੇ ਤੋਂ ਦੂਜੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰਨ ਨੂੰ ਆਸਾਨ ਬਣਾਉਣ ਲਈ ਕਈ ਐਪਸ ਬਣਾਏ ਗਏ, ਪਰ ਇਸ ਸਿਸਟਮ ਨੂੰ ਕੁਝ ਸ਼ਾਤਿਰ ਲੋਕਾਂ ਨੇ ਠੱਗੀ ਬਣਾਉਣ ਦਾ ਸਾਧਨ ਬਣਾ ਲਿਆ। ਮਾਹਿਰਾਂ ਨੇ ਮੋਬਾਈਲ ਫੋਨਾਂ ’ਤੇ ਗੂਗਲ ਪੇਅ, ਫ਼ੋਨ ਪੇਅ, ਪੇਟੀਐੱਮ ਅਤੇ ਕਈ ਹੋਰ ਆਨਲਾਈਨ ਐਪਾਂ ਆਦਿ ਨੂੰ ਲੋਕਾਂ ਨੂੰ ਸਹੂਲਤ ਦੇਣ ਲਈ ਬਣਾਇਆ ਗਿਆ ਸੀ ਪਰ ਹੁਣ ਇਨ੍ਹਾਂ ਐਪਾਂ ਨੂੰ ਧੋਖਾਦੇਹੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਆਪਣਾ ਹਥਿਆਰ ਬਣਾ ਲਿਆ ਹੈ, ਜਿਸ ਕਾਰਨ ਉਹ ਕਿਤੇ ਵੀ ਬੈਠੇ ਹੋਏ ਵੀ ਕੁਝ ਹੀ ਮਿੰਟਾਂ ਵਿੱਚ ਕਿਸੇ ਦੇ ਬੈਂਕ ਖਾਤੇ ਵਿੱਚੋਂ ਸਾਰੀ ਰਕਮ ਕੱਢ ਲੈਂਦੇ ਹਨ।
ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ
ਹੁਣ ਲੋਕਾਂ ਨੂੰ ਅਜਿਹੇ ਮਾਮਲਿਆਂ ਬਾਰੇ ਜਾਗਰੂਕ ਹੋਣਾ ਪਵੇਗਾ, ਤਾਂ ਹੀ ਅਜਿਹੇ ਮਾਮਲਿਆਂ ’ਤੇ ਲਗਾਮ ਲੱਗੇਗੀ। ਜੇਕਰ ਕਿਸੇ ਨੂੰ ਵੀ ਕਿਸੇ ਅਣਜਾਣ ਵਿਅਕਤੀ ਦਾ ਕਾਲ ਆਉਂਦੀ ਹੈ ਤਾਂ ਉਹ ਫੋਨ ਨੂੰ ਧਿਆਨ ਨਾਲ ਸੁਣਨ ਅਤੇ ਕਿਸੇ ਨਾਲ ਕੋਈ ਵੀ ਓ. ਟੀ. ਪੀ. ਸਾਂਝਾ ਨਾ ਕਰਨ ਅਤੇ ਕਿਸੇ ਹੋਰ ਬੈਂਕ ਜਾਂ ਕ੍ਰੈਡਿਟ ਕਾਰਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ, ਨਹੀਂ ਤਾਂ ਜੇਕਰ ਉਹ ਇਹ ਜਾਣਕਾਰੀ ਹੈਕਰ ਨਾਲ ਸਾਂਝੀ ਕਰਦੇ ਹਨ, ਤਾਂ ਉਹ ਕਿਸੇ ਵੀ ਸਮੇਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?
1930 ਨੰਬਰ ’ਤੇ ਕਰੋ ਕਾਲ, ਤੁਰੰਤ ਰਕਮ ਹੋ ਜਾਵੇਗੀ ਫਰੀਜ : ਪੁਲਸ ਕਮਿਸ਼ਨਰ ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕੰਮ ਲਈ ਵਿਸ਼ੇਸ਼ ਤੌਰ ’ਤੇ ਪੜ੍ਹੇ-ਲਿਖੇ ਅਤੇ ਮਾਹਿਰ ਅਧਿਕਾਰੀਆਂ ਦੀ ਇੱਕ ਹਾਈਟੈੱਕ ਟੀਮ ਬਣਾਈ ਹੈ। ਨਵੀਂ ਟੀਮ ਬਹੁਤ ਤਤਪਰ ਹੈ ਅਤੇ ਔਨਲਾਈਨ ਧੋਖਾਧੜੀ ਦੇ ਬਹੁਤ ਸਾਰੇ ਮਾਮਲਿਆਂ ਨੂੰ ਹੱਲ ਕਰ ਰਹੀ ਹੈ। ਸਭ ਤੋਂ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਨਲਾਈਨ ਧੋਖਾਧੜੀ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਦੋ ਪੋਰਟਲ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਹੈਲਪਲਾਈਨ ਨੰਬਰ 1930, ਯੂ. ਐਨ.ਸੀ.ਆਰ.ਬੀ ਪੋਰਟਲ ਅਤੇ ਦੂਜਾ ਪੋਰਟਲ ਪੀ. ਜੀ. ਡੀ ਹੈ, ਜਿਸ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਉਨ੍ਹਾਂ ਕਿਹਾ ਕਿ ਵਿਭਾਗ ਕੋਲ ਜੋ ਵੀ ਸ਼ਿਕਾਇਤ ਆਉਂਦੀ ਹੈ, ਉਸ ਦੀ ਸੂਚਨਾ ਤੁਰੰਤ ਕਮਿਨਰੈਟ ਪੇਜ 'ਤੇ ਪਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਕਿਸੇ ਨਾ ਕਿਸੇ ਮਾਮਲੇ 'ਤੇ ਅਧਿਕਾਰੀ ਜੋ ਵੀ ਕੰਮ ਕਰਦੇ ਹਨ, ਉਸ ਦਾ ਪੂਰਾ ਵੇਰਵਾ ਕਮਿਸ਼ਨਰੇਟ ਪੁਲਸ ਦੇ ਪੇਜ ’ਤੇ ਪਾ ਦਿੱਤਾ ਜਾਂਦਾ ਹੈ, ਤਾਂ ਜੋ ਸ਼ਿਕਾਇਤਕਰਤਾ ਨੂੰ ਆਪਣੇ ਕੇਸ ਸਬੰਧੀ ਰੋਜ਼ਾਨਾ ਪੁਲਿਸ ਦੇ ਕੰਮ ਦੀ ਜਾਣਕਾਰੀ ਮਿਲ ਸਕੇ । ਕਮਿਸ਼ਨਰ ਭੁੱਲਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਹੈ ਤਾਂ ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਹੈਕਰ ਤੁਹਾਨੂੰ ਇਮੋਸ਼ਨਲ ਬਲੈਕਮੇਲ ਨਾ ਕਰ ਸਕੇ। ਜੇਕਰ ਅਜਿਹੀ ਧੋਖਾਧੜੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਹੈਲਪਲਾਈਨ ਨੰਬਰ 1930 ’ਤੇ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਇਸ ਨਾਲ ਧੋਖਾਧੜੀ ਕਰਕੇ ਗਬਨ ਕੀਤਾ ਸਾਰਾ ਪੈਸਾ ਤੁਰੰਤ ਫਰੀਜ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਪੁਲਸ ਨੂੰ ਤੁਰੰਤ ਇਸ ਗੱਲ ਦੀ ਜਾਣਕਾਰੀ ਮਿਲ ਜਾਵੇਗੀ ਕਿ ਪੈਸੇ ਕਿਸ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ ਜਾਂ ਕਿਤੇ ਗਏ ਹਨ। ਇਸ ਨਾਲ ਆਖ਼ਰਕਾਰ ਧੋਖਾਧੜੀ ਕਰਨ ਵਾਲਾ ਸ਼ਾਤਿਰ ਮੁਲਜਮ ਪੁਲਸ ਦੀ ਗ੍ਰਿਫਤ ਵਿੱਚ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8