ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ‘ਹਿੰਦ ਦੀ ਚਾਦਰ’ ਗੀਤ ਲਈ ਸਨਮਾਨਿਤ
Saturday, Nov 08, 2025 - 12:30 AM (IST)
ਅੰਮ੍ਰਿਤਸਰ, (ਸਰਬਜੀਤ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ਨੂੰ ਉਨ੍ਹਾਂ ਦੇ ਗੀਤ ‘ਹਿੰਦ ਦੀ ਚਾਦਰ’ ਲਈ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਕਮੇਟੀ ਦੇ ਦਫ਼ਤਰ ਵਿਚ ਡਾ. ਸਰਤਾਜ ਦੇ ਆਗਮਨ ’ਤੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਸਕੱਤਰ ਜੈਸਮੀਨ ਸਿੰਘ ਨੋਨੀ ਅਤੇ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਾ ਮਾਡਲ, ਇਤਿਹਾਸਕ ਸਿੱਕਾ ਅਤੇ ਸਿਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋ ਅਤੇ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗਾਇਕ ਵਜੋਂ ਡਾ. ਸਰਤਾਜ ਨੇ ਕਈ ਧਾਰਮਿਕ ਅਤੇ ਸਭਿਆਚਾਰਕ ਗੀਤ ਗਾਏ ਹਨ, ਪਰ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ 350ਵੇਂ ਸ਼ਹੀਦੀ ਦਿਵਸ ’ਤੇ ਉਨ੍ਹਾਂ ਵੱਲੋਂ ਗਾਇਆ ਗਿਆ ‘ਹਿੰਦ ਦੀ ਚਾਦਰ’ ਗੀਤ ਉਨ੍ਹਾਂ ਦੇ ਗਾਇਨ ਜੀਵਨ ਦਾ ਮੀਲ ਪੱਥਰ ਸਾਬਤ ਹੋਵੇਗਾ। ਦੇਸ਼ ਤੇ ਵਿਦੇਸ਼ ਵਿੱਚ ਜਦ ਲੋਕ ਇਹ ਗੀਤ ਆਪਣੇ ਘਰਾਂ ਤੇ ਗੱਡੀਆਂ ਵਿੱਚ ਸੁਣਣਗੇ, ਉਨ੍ਹਾਂ ਨੂੰ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਦਾ ਪੂਰਾ ਇਤਿਹਾਸ ਪਤਾ ਲੱਗੇਗਾ।
