ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ, ਇਸ ਐਲਾਨ ਤੋਂ ਬਾਅਦ ਵਧੇਗੀ ਚਿੰਤਾ

Friday, Oct 04, 2024 - 06:33 PM (IST)

ਪੰਜਾਬ ਦੇ ਕਿਸਾਨਾਂ ਲਈ ਅਹਿਮ ਖ਼ਬਰ, ਇਸ ਐਲਾਨ ਤੋਂ ਬਾਅਦ ਵਧੇਗੀ ਚਿੰਤਾ

ਪਟਿਆਲਾ (ਬਲਜਿੰਦਰ) : ਝੋਨੇ ਦੀ ਖਰੀਦ ਦਾ ਸੰਕਟ ਦਿਨ-ਪ੍ਰਤੀ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਸ਼ੈਲਰ ਮਾਲਕ ਪਹਿਲਾਂ ਹੀ ਸਰਕਾਰ ਨੂੰ ਸਟੋਰੇਜ਼ ਕਰਨ ਤੋਂ ਕੋਰੀ ਨਾਂਹ ਕਰ ਚੁੱਕੇ ਹਨ। ਹੁਣ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਵੀ ਖਰੀਦ ਕਰਨ ਤੋਂ ਨਾਂਹ ਕਰ ਦਿੱਤੀ ਹੈ। ਸਾਰੀਆਂ ਖਰੀਦ ਏਜੰਸੀਆਂ ਦੀ ਸਾਂਝਾ ਤਾਲਮੇਲ ਕਮੇਟੀ ਨੇ ਇਸ ਮਾਮਲੇ ’ਚ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਡਾ. ਰਵਿੰਦਰ ਕੌਰ ਨੂੰ ਪੱਤਰ ਲਿਖ ਕੇ ਆਪਣੇ ਇਸ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਅਤੇ ਖਰੀਦ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਇਸ ਵਾਰ ਸ਼ੈਲਰਾਂ ਨੂੰ ਕੋਈ ਅਲਾਟਮੈਂਟ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਐਗਰੀਮੈਂਟ ਕੀਤਾ ਗਿਆ ਹੈ, ਜਿਸ ਕਾਰਨ ਮੰਡੀਆਂ ’ਚ ਜਿਹੜਾ ਝੋਨਾ ਖਰੀਦਿਆਂ ਜਾ ਰਿਹਾ ਹੈ, ਉੁਸ ਦੀ ਸਟੋਰੇਜ਼ ਨਹੀਂ ਹੋ ਰਹੀ। ਅਜਿਹੇ ’ਚ ਸਟੋਰੇਜ਼ ਨਾ ਹੋਣ ਕਾਰਨ ਝੋਨੇ ਦੀ ਸਾਰਟੇਜ਼ ਲਈ ਕੌਣ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ : ਸਰਪੰਚੀ ਦੇ ਕਾਗਜ਼ ਭਰਨ ਮੌਕੇ ਜ਼ਬਰਦਸਤ ਝੜਪ, ਚੱਲੀਆਂ ਗੋਲੀਆਂ

ਸਾਂਝਾ ਤਾਲਮੇਲ ਕਮੇਟੀ ਨੇ ਸਾਫ ਕਰ ਦਿੱਤਾ ਗਿਆ ਕਿ ਜਦੋਂ ਤੱਕ ਸ਼ੈਲਰ ਮਾਲਕਾਂ ਦੀ ਹੜਤਾਲ ਨਹੀਂ ਖੁਲਦੀ, ਉਦੋਂ ਤੱਕ ਹੋਰ ਖਰੀਦ ਨਹੀਂ ਕਰਨਗੇ। ਜਦੋਂ ਸ਼ੈਲਰ ਮਾਲਕਾਂ ਦੀ ਹੜਤਾਲ ਖੁੱਲ੍ਹ ਜਾਂਦੀ ਹੈ ਤਾਂ ਫਿਰ ਉਨ੍ਹਾਂ ਵੱਲੋਂ ਨਾਲ ਦੀ ਨਾਲ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਆੜ੍ਹਤੀਆਂ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਸੀ ਕਿ ਜਿੰਨਾਂ ਮਾਲ ਖਰੀਦਿਆ ਜਾਵੇਗਾ, ਉਸ ਦੀ ਸਟੋਰੇਜ਼ ਤੋਂ ਬਾਅਦ ਹੀ ਉਹ ਅੱਗੇ ਖਰੀਦ ਕਰਨ ਦੇਣਗੇ ਕਿਉਂਕਿ ਸਾਰਿਆਂ ਨੂੰ ਇਸ ਗੱਲ ਦਾ ਖਤਰਾ ਹੈ ਕਿ ਖਰੀਦ ਤੋਂ ਬਾਅਦ ਜਿਹੜਾ ਸ਼ਾਰਟੇਜ਼ ਦਾ ਘਾਟਾ ਹੋਵੇਗਾ ਉਸ ਨੂੰ ਕੋਣ ਸਹਿਣ ਕਰੇਗਾ। ਇਹੀ ਕਾਰਨ ਹੈ ਕਿ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੇ ਖਰੀਦ ਕਰਨ ਤੋਂ ਨਾਂਹ ਕਰ ਦਿੱਤੀ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਮਸ਼ਹੂਰ ਏਲਾਂਤੇ ਮਾਲ ਨੂੰ ਲੈ ਕੇ ਵੱਡੀ ਖ਼ਬਰ, ਹੋ ਗਈ ਕਾਰਵਾਈ

ਇਥੇ ਇਹ ਦੱਸਣਯੋਗ ਹੈ ਕਿ ਸ਼ੈਲਰ ਮਾਲਕਾਂ ਦੀ ਹੜਤਾਲ ਲਗਾਤਾਰ ਜਾਰੀ ਹੈ ਅਤੇ ਸ਼ੈਲਰ ਮਾਲਕਾਂ ਵੱਲੋਂ ਅੱਜ ਵੀ ਅਲਾਟਮੈਂਟ ਲਈ ਆਪਣੇ ਦਸਤਾਵੇਜ਼ ਨਹੀਂ ਦਿੱਤੇ ਗਏ, ਜਿਸ ਕਾਰਨ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ। ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਅਤੇ ਖਰੀਦ ਅਧਿਕਾਰੀਆਂ ਦੇ ਇਸ ਫੈਸਲੇ ਨਾਲ ਸਰਕਾਰ ਵੱਲੋਂ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ, ਉਹ ਵੀ ਹਵਾ ਹਵਾਈ ਸਾਬਿਤ ਹੋਏ। ਨਤੀਜਾ ਇਹ ਨਿਕਲਿਆ ਕਿ ਸਰਕਾਰ ਵੱਲੋਂ ਪਿਛਲੇ 2 ਦਿਨਾਂ ਤੋਂ ਮੰਡੀਆਂ ’ਚ ਅਧਿਕਾਰੀਆਂ ਨੂੰ ਭੇਜ ਕੇ ਖਰੀਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ, ਉਹ ਅਧਿਕਾਰੀ ਵੀ ਅੱਜ ਮੰਡੀਆਂ ’ਚ ਨਜ਼ਰ ਨਹੀਂ ਆਏ। ਅੱਜ ਮੰਡੀਆਂ ਵਿਚ ਸਿਰਫ ਕਿਸਾਨ ਆਪਣੀਆਂ ਫਸਲਾਂ ਲੈ ਕੇ ਪੂਰਾ ਦਿਨ ਖਰੀਦ ਕਰਨ ਵਾਲਿਆ ਦੀ ਉਡੀਕ ਕਰਦੇ ਰਹੇ ਅਤੇ ਸ਼ਾਮ ਤੱਕ ਕੋਈ ਵੀ ਮੰਡੀਆਂ ’ਚ ਨਹੀਂ ਪੁੱਜਿਆ। ਇੱਧਰ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼ੀ ਨਾਲ ਹੋ ਰਹੀ ਹੈ। ਜੇਕਰ ਇਹੀ ਹਾਲਾਤ ਰਹੇ ਤਾਂ ਅਗਲੇ 2-3 ਦਿਨਾਂ ’ਚ ਮੰਡੀਆਂ ਵਿਚ ਝੋਨਾ ਸੁੱਟਣ ਨੂੰ ਥਾਂ ਨਹੀਂ ਬਚੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਗੈਂਗਵਾਰ, ਇਕ ਘੰਟੇ ਤਕ ਚੱਲਦੀ ਰਹੀ ਝੜਪ, ਚੱਲੀਆਂ ਗੋਲ਼ੀਆਂ

ਸਰਕਾਰ ਸ਼ੈਲਰ ਮਾਲਕਾਂ ਦੀ ਹਡ਼ਤਾਲ ਖਤਮ ਕਰਵਾਏ : ਜਸਵਿੰਦਰ ਰਾਣਾ, ਇੰਜੀ: ਸੈਣੀ

ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਅਤੇ ਨਵੀਂ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਸਤਵਿੰਦਰ ਸਿੰਘ ਸੈਣੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਸ਼ੈਲਰ ਮਾਲਕਾਂ ਦੀ ਹੜਤਾਲ ਨੂੰ ਖਤਮ ਕਰਵਾਏ ਤਾਂ ਕਿ ਖਰੀਦ ਦਾ ਕੰਮ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਇਕ-ਇਕ ਦਿਨ ਬੀਤਣ ਨਾਲ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੋ ਰਹੀ ਹੈ ਅਤੇ ਦੋ-ਤਿੰਨ ਦਿਨਾਂ ਬਾਅਦ ਸਥਿਤੀ ਹੱਥੋਂ ਬਾਹਰ ਚਲੀ ਜਾਵੇਗੀ, ਜਿਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਵੇਗੀ। ਇਸ ਲਈ ਪੰਜਾਬ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਅਜਿਹਾ ਮਸਲਾ ਹੈ, ਜਿਸ ਦਾ ਸਬੰਧ ਪੰਜਾਬ ਦੇ ਹਰ ਪਰਿਵਾਰ ਨਾਲ ਹੈ। ਇਸ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਪੰਜਾਬ 'ਚ 5 ਅਕਤੂਬਰ ਨੂੰ ਛੁੱਟੀ, ਸੂਬਾ ਸਰਕਾਰ ਨੇ ਕੀਤਾ ਐਲਾਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News