ਨਾਜਾਇਜ਼ ਬਦਲੀਆਂ ਵਿਰੁੱਧ ਜੰਗਲਾਤ ਕਾਮਿਆਂ ਕੀਤੀ ਰੋਸ ਰੈਲੀ
Friday, Aug 31, 2018 - 12:27 AM (IST)

ਹੁਸ਼ਿਆਰਪੁਰ, (ਘੁੰਮਣ)- ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਖੋਜ ਸਰਕਲ ਹੁਸ਼ਿਆਰਪੁਰ ਵਿਖੇ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਣਪਾਲ ਵਲੋਂ ਬੇਲਦਾਰਾਂ ਨਾਲ ਪਿਛਲੇ ਇਕ ਸਾਲ ਤੋਂ ਲਗਾਤਾਰ ਬਦਲਾਲਊ ਭਾਵਨਾ ਨਾਲ ਬਹੁਤ ਹੀ ਨਿੰਦਣਯੋਗ ਵਤੀਰਾ ਅਪਣਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਹ ਵਣਪਾਲ ਸਰਕਾਰ ਦੇ ਸਾਰੇ ਹੀ ਨਿਯਮਾਂ ਨੂੰ ਟਿੱਚ ਸਮਝਦਾ ਰਿਹਾ ਹੈ।
ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਉਕਤ ਅਧਿਕਾਰੀ ਨੂੰ ਜਥੇਬੰਦੀ ਵੱਲੋਂ ਵਾਰ-ਵਾਰ ਲਿਖਤੀ ਤੌਰ ’ਤੇ ਬੇਲਦਾਰਾਂ ਨਾਲ ਅਜਿਹਾ ਵਤੀਰਾ ਨਾ ਕਰਨ ਲਈ ਕਿਹਾ ਜਾ ਚੁੱਕਾ ਹੈ ਪਰ ਵਣਪਾਲ ਵਲੋਂ ਸਰਕਲ ਦਫਤਰ ਲੁਧਿਆਣਾ ਸ਼ਿਫਟ ਕਰਨ ਤੋਂ ਬਾਅਦ ਇਕ ਬੇਲਦਾਰ ਨੂੰ ਤਕਰੀਬਨ 6-7 ਮਹੀਨਿਆਂ ਤੋਂ ਲਗਾਤਾਰ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ ਹੈ। ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਦੀ ਥਾਂ ਇਸ ਅਧਿਕਾਰੀ ਵੱਲੋਂ ਹਰੇਕ ਬੇਲਦਾਰ ਨੂੰ ਜ਼ੁਬਾਨੀ ਹੁਕਮਾਂ ਰਾਹੀਂ 15-15 ਕਿਲੋਮੀਟਰ ਦੂਰੀ ’ਤੇ ਕੰਮ ਕਰਨ ਵਾਸਤੇ ਭੇਜਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਇਸ ਹੈਂਕਡ਼ਬਾਜ਼ ਅਧਿਕਾਰੀ ਵੱਲੋਂ ਜੇਕਰ ਇਹ ਬਦਲੀਆਂ ਤੁਰੰਤ ਰੱਦ ਨਾ ਕੀਤੀਆਂ ਤਾਂ ਇਸ ਅਧਿਕਾਰੀ ਦਾ ਹੁਸ਼ਿਆਰਪੁਰ ਅਤੇ ਲੁਧਿਆਣਾ ਦਫ਼ਤਰ ਵਿਖੇ ਵੀ ਘਿਰਾਓ ਕੀਤਾ ਜਾਵੇਗਾ।
ਅੱਜ ਦੀ ਰੋਸ ਰੈਲੀ ਨੂੰ ਜਥੇਬੰਦੀ ਦੇ ਆਗੂ ਪਵਨ ਕੁਮਾਰ, ਗੁਰਬਚਨ ਸਿੰਘ, ਪ. ਸ. ਸ. ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜ਼ਿਲਾ ਪ੍ਰਧਾਨ ਰਾਮਜੀਦਾਸ ਚੌਹਾਨ, ਜਲ ਸਰੋਤ ਆਗੂ ਮੱਖਣ ਸਿੰਘ ਲੰਗੇਰੀ, ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਆਗੂ ਪਰਦੁਮਣ ਸਿੰਘ ਖਰਾਲ, ਰਾਮ ਚੰਦਰ ਆਦਿ ਨੇ ਵੀ ਸੰਬੋਧਨ ਕੀਤਾ।