ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣ ਵਾਲੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ, ਇਕ ਕਾਬੂ

05/02/2019 7:56:51 PM

ਸੁਲਤਾਨਪੁਰ ਲੋਧੀ,(ਸੁਰਿੰਦਰ ਸਿੰਘ ਸੋਢੀ) : ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੀ ਚੌਕੀ ਭੁਲਾਣਾ ਦੀ ਪੁਲਸ ਪਾਰਟੀ ਵਲੋਂ ਅੱਜ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਇਕ ਟਰੱਕ ਨੂੰ ਕਾਬੂ ਕੀਤਾ ਗਿਆ, ਜਿਸ 'ਚੋਂ ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ 'ਤੇ ਰੇਲ ਕੋਚ ਫੈਕਟਰੀ ਨੇੜੇ ਬੈਕ ਕਰਨ ਦੌਰਾਨ ਇਕ ਟਰੱਕ ਗੁਰਦੁਆਰਾ ਰਵਿਦਾਸ ਸੇਵਕ ਸਭਾ ਨਾਲ ਟਕਰਾ ਗਿਆ, ਜਿਸ ਕਾਰਨ ਗੁਰਦੁਆਰਾ ਪ੍ਰਬੰਧਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਇਸ ਮਾਮਲੇ ਬਾਰੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਵਲੋਂ ਜਦ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 1036 ਪੇਟੀਆਂ ਬਿਨਾ ਲੇਬਲ ਤੇ ਬਿਨਾਂ ਕਿਸੇ ਮਾਰਕੇ ਤੋਂ ਨਜਾਇਜ ਸ਼ਰਾਬ ਦੀਆਂ ਬਰਾਮਦ ਹੋਈਆਂ । ਇਹ ਨਜਾਇਜ਼ ਸ਼ਰਾਬ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਵਰਤੀ ਜਾਣੀ ਦੱਸੀ ਜਾ ਰਹੀ ਹੈ। ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੈ, ਜਿਸ ਦੀ ਪਛਾਣ ਬਰਿੰਦਰ ਸਿੰਘ ਪੁੱਤਰ ਕੇਹਰ ਸਿੰਘ ਨਿਵਾਸੀ ਪਿੰਡ ਬੱਡਪੁਰ ਥਾਣਾ ਧਨੌਲਾ ਵਜੋਂ ਹੋਈ ਹੈ, ਜਦਕਿ ਟਰੱਕ ਦੇ ਕਲੀਨਡਰ ਜਸਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ।


Related News