ਭੁਲੱਥ ਵਿਖੇ ਡੇਰੇ ''ਚ ਚੱਲ ਰਿਹਾ ਸੀ ਨਸ਼ਾ ਛੁਡਾਊ ਕੇਂਦਰ, ਪੁਲਸ ਨੇ ਛਾਪਾ ਮਾਰ 20 ਨੌਜਵਾਨ ਛੁਡਵਾਏ

07/03/2022 11:31:02 AM

ਭੁਲੱਥ (ਰਜਿੰਦਰ)- ਗੁਰਮਤਿ ਗਿਆਨ ਦੇਣ ਦੀ ਆੜ ਵਿਚ ਚਲਾਏ ਜਾ ਰਹੇ ਡੇਰੇ ਵਿਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਤੋਂ 20 ਨੌਜਵਾਨਾਂ ਨੂੰ ਛੁਡਾਉਣ ਵਿੱਚ ਸੁਭਾਨਪੁਰ ਪੁਲਸ ਨੇ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡੇਰਾ ਸੰਚਾਲਕ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਡੇਰੇ ਤੋਂ 4 ਲੱਕੜ ਦੇ ਡੰਡੇ, ਕੁਝ ਜ਼ਰੂਰੀ ਕਾਗਜਾਤ ਅਤੇ ਇਕ ਸਵਿੱਫਟ ਕਾਰ ਬਰਾਮਦ ਕੀਤੀ ਗਈ। ਡੀ. ਐੱਸ. ਪੀ. ਭੁਲੱਥ ਨੇ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਹੁਕਮਾਂ ਅਨੁਸਾਰ ਅਤੇ ਐੱਸ. ਪੀ. (ਡੀ) ਕਪੂਰਥਲਾ ਜਗਜੀਤ ਸਿੰਘ ਸਰੋਆ ਦੀ ਅਗਵਾਈ ਹੇਠ ਸਬ ਡਿਵੀਜ਼ਨ ਭੁਲੱਥ ਵਿਚ ਨਸ਼ਿਆਂ ਅਤੇ ਗੈਰ ਕਨੂੰਨੀ ਢੰਗ ਨਾਲ ਨਸ਼ਾ ਛਡਾਉਣ ਵਾਲੇ ਕੇਂਦਰਾਂ ਉਪਰ ਨਿਗਰਾਨੀ ਅਤੇ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚੱਲ ਰਹੀ ਹੈ। 

ਇਹ ਵੀ ਪੜ੍ਹੋ: ਐਕਸਾਈਜ਼ ਪਾਲਿਸੀ: ਟੈਂਡਰ ਭਰਨ ਲਈ ਮਹਿਕਮੇ ਨੇ ਦਿੱਤਾ ਇੰਨਾ ਸਮਾਂ, ਅੱਜ ਖੁੱਲ੍ਹਣਗੇ 1500 ਨਵੇਂ ਠੇਕੇ

ਇਸੇ ਮੁਹਿੰਮ ਤਹਿਤ ਬੀਤੇ ਦਿਨੀਂ ਮੁਦੱਈ ਪਰਮਜੀਤ ਸਿੰਘ ਚੰਦੀ ਪੁੱਤਰ ਸੋਹਣ ਸਿੰਘ ਚੰਦੀ ਵਾਸੀ ਪਿੰਡ ਪਰਜੀਆ ਖ਼ੁਰਦ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਹਾਲ ਵਾਸੀ ਪਿੰਡ ਰਾਜੋਵਾਲ ਥਾਣਾ ਨੂਰਮਹਿਲ ਜ਼ਿਲ੍ਹਾ ਜਲੰਧਰ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਨਸ਼ਾ ਛਡਾਊ ਕੇਂਦਰ ਪਿੰਡ ਰਮੀਦੀ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਰਮੀਦੀ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਨੰਬਰ 96 ਅ/ਧ 323,506,366-ਏ,344,148,149 ਆਈ.ਪੀ.ਸੀ. ਰਜਿਸਟਰ ਕਰਵਾਇਆ ਗਿਆ ਕਿ ਉਸ ਦਾ ਲੜਕਾ ਨਰਿੰਦਰ ਪਾਲ ਸਿੰਘ ਜੋ ਵਿਦੇਸ਼ ਡੁਬੇਈ ਤੋਂ ਕਰੀਬ 4 ਮਹੀਨੇ ਪਹਿਲਾਂ ਪਿੰਡ ਰਾਜੋਵਾਲ ਆਇਆ ਸੀ। ਜੋ ਮਾੜੀ ਸੰਗਤ ਦਾ ਆਦੀ ਹੋ ਗਿਆ ਹੈ ਅਤੇ ਨਸ਼ਾ ਕਰਨ ਲੱਗ ਪਿਆ । ਉਸ ਨੂੰ ਪਤਾ ਲੱਗਾ ਕਿ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਪਿੰਡ ਰਮੀਦੀ ਥਾਣਾ ਸੁਭਾਨਪੁਰ ਵਿਚ ਹੈ, ਜੋਕਿ ਨਸ਼ਾ ਕਰਨ ਵਾਲੇ ਵਿਆਕਤੀਆਂ ਦਾ ਨਸ਼ਾ ਛੁਡਾਉਣ ਵਿਚ ਅਹਿਮ ਯੋਗਦਾਨ ਪਾਉਂਦਾ ਹੈ ਅਤੇ ਗੁਰਮਤਿ ਸਿੱਖਿਆ ਦੇ ਨਾਲ ਬੱਚਿਆਂ ਨੂੰ ਨਸ਼ਾ ਰਹਿਤ ਕਰਦੇ ਹਨ। ਜਿਸ 'ਤੇ ਉਸ ਨੇ ਆਪਣੇ ਲੜਕੇ ਨੂੰ ਉਨ੍ਹਾਂ ਦੇ ਨਸ਼ਾ ਛਡਾਊ ਕੇਂਦਰ ਵਿਚ ਜਮ੍ਹਾ ਕਰਵਾ ਦਿੱਤਾ ਅਤੇ 20 ਹਜ਼ਾਰ ਰੁਪਏ ਫ਼ੀਸ ਵੀ ਜਮ੍ਹਾ ਕਰਵਾ ਦਿੱਤੀ ਸੀ। ਪਰ ਡੇਰੇ ਦਾ ਸੰਚਾਲਕ ਜਗਤਾਰ ਸਿੰਘ ਉਕਤ ਉਨ੍ਹਾਂ ਦੇ ਬੇਟੇ ਦੀ ਕੁੱਟਮਾਰ ਕਰਦੇ ਹਨ ਅਤੇ ਹੁਣ ਉਨ੍ਹਾਂ ਤੋਂ 3 ਲੱਖ ਦੀ ਮੰਗ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਹ ਉਸ ਦੇ ਲੜਕੇ ਨੂੰ ਮਾਰ ਦੇਣਗੇ। 

ਮੁਕੱਦਮੇ ਦੀ ਤਫ਼ਤੀਸ਼ ਵਿਚ ਹਰਜੀਤ ਸਿੰਘ ਮੁੱਖ ਅਫ਼ਸਰ ਥਾਣਾ ਸੁਭਾਨਪੁਰ ਸਮੇਤ ਪੁਲਸ ਪਾਰਟੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਵਿਦਿਆਲਿਆ ਪਿੰਡ ਰਮੀਦੀ ਦੇ ਖੇਤਾ ਵਿਚ ਬਣੇ ਡੇਰੇ 'ਤੇ ਰੇਡ ਕੀਤਾ ਗਿਆ, ਜਿੱਥੋਂ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਰਮੀਦੀ ਸਮੇਤ ਸੁਖਵਿੰਦਰ ਸਿੰਘ ਉਰਫ ਸੁੱਖਾ ਗਰਨੇਟ ਪੁੱਤਰ ਜਰਨੈਲ ਸਿੰਘ ਵਾਸੀ ਜੈ ਰਾਮਪੁਰ, ਬਲਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਡੋਗਰਾਂਵਾਲ ਥਾਣਾ ਸੁਭਾਨਪੁਰ, ਪਵਿੱਤਰ ਸਿੰਘ ਪੁੱਤਰ ਜਰਮਨ ਸਿੰਘ ਵਾਸੀ ਅਹਿਮ ਕਾਜੀ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਦੇ ਕਬਜੇ ਵਿਚੋਂ ਇਕ ਵੱਡੇ ਹਾਲ ਵਿਚ ਬੰਦ 20 ਨੌਜਵਾਨਾਂ ਨੂੰ ਛੁਡਾਇਆ ਗਿਆ ਅਤੇ ਇਨ੍ਹਾਂ ਦੇ ਡੇਰੇ ਤੋਂ 4 ਲੱਕੜ ਦੇ ਡੰਡੇ, ਕੁਝ ਜ਼ਰੂਰੀ ਕਾਗਜਾਤ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਗਈ। 

ਇਹ ਵੀ ਪੜ੍ਹੋ: ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਤੇ ਬੁੱਧਰਾਮ ਮੰਤਰੀ ਅਹੁਦੇ ਦੀ ਦੌੜ ’ਚ

ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਡੇਰੇ ਦਾ ਸੰਚਾਲਕ ਜਗਤਾਰ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਛਡਾਉਣ ਅਤੇ ਗੁਰਮਤਿ ਗਿਆਨ ਦੇਣ ਦੀ ਆੜ ਵਿਚ, ਨਸ਼ੇ ਦੇ ਆਦੀ ਨੌਜਵਾਨਾਂ ਨੂੰ ਡੇਰੇ ਵਿਚ ਚੁੱਕ ਕੇ ਲੈ ਆਉਂਦੇ ਸਨ ਅਤੇ ਉਨ੍ਹਾਂ ਦੇ ਭੋਲੇ-ਭਾਲੇ ਪਰਿਵਾਰਾਂ ਪਾਸੋਂ ਭਾਰੀ ਮਾਤਰਾ ਵਿਚ ਪੈਸੇ ਵਸੂਲ ਕਰਦੇ ਸਨ ਅਤੇ ਫਿਰ ਉਨ੍ਹਾਂ ਦੇ ਬੱਚਿਆਂ ਨੂੰ ਛੱਡਣ ਦੇ ਬਦਲੇ ਉਨ੍ਹਾਂ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕਰਦੇ ਸਨ ਅਤੇ ਪੈਸੇ ਲੈਂਦੇ ਸਨ ਅਤੇ ਇਹ ਡੇਰੇ ਅੰਦਰ ਨੌਜਵਾਨਾਂ ਨੂੰ ਨਸ਼ੇ ਵੱਜੋਂ ਨਸ਼ੀਲੀਆ ਗੋਲ਼ੀਆਂ ਖਵਾਉਂਦੇ ਅਤੇ ਉਨ੍ਹਾਂ ਦੀ ਕੁੱਟਮਾਰ ਕਰਦੇ ਸਨ। ਜਿਸ 'ਤੇ ਡੇਰੇ ਦੇ ਸੰਚਾਲਕ ਜਗਤਾਰ ਸਿੰਘ ਪੁੱਤਰ ਸਵਰਣ ਸਿੰਘ ਵਾਸੀ ਰਮੀਦੀ ਸਮੇਤ ਸੁਖਵਿੰਦਰ ਸਿੰਘ ਉਰਫ਼ ਸੁਖਾ ਗਰਨੇਟ ਪੁੱਤਰ ਜਰਨੈਲ ਸਿੰਘ ਵਾਸੀ ਜੈ ਰਾਮਪੁਰ, ਬਲਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਡੋਗਰਾਵਾਲ ਥਾਣਾ ਸੁਭਾਨਪੁਰ, ਪਵਿੱਤਰ ਸਿੰਘ ਪੁੱਤਰ ਜਰਮਨ ਸਿੰਘ ਵਾਸੀ ਅਹਿਮ ਕਾਜੀ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ ਨੂੰ ਇਸ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਪੁਛਗਿੱਛ ਕੀਤੀ ਜਾਵੇਗੀ ਅਤੇ ਮੁਕੱਦਮੇ ਵਿਚ ਦੌਰਾਨੇ ਪੁਛਗਿੱਛ ਅਹਿਮ ਖ਼ੁਲਾਸੇ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ:   ਨੰਗਲ ਵਿਖੇ ਭਾਖੜਾ ਨਹਿਰ 'ਚ ਡੁੱਬਾ ਮਾਪਿਆਂ ਦਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News