ਕੌਂਸਲ ਨੇ ਬਿਨਾਂ ਨਕਸ਼ਾ ਪਾਸ ਉਸਾਰੀਆਂ ਦੁਕਾਨਾਂ ਕੀਤੀਆਂ ਢਹਿ-ਢੇਰੀ

Saturday, Jan 20, 2018 - 08:24 AM (IST)

ਨਾਭਾ  (ਭੁਪਿੰਦਰ ਭੂਪਾ, ਜੈਨ, ਜਗਨਾਰ, ਗੋਇਲ) - ਨਾਭਾ ਵਿਖੇ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਦੇ ਰਾਜ ਵਿਚ ਹੋਈਆਂ ਨਾਜਾਇਜ਼ ਉਸਾਰੀਆਂ ਨੂੰ ਠੱਲ੍ਹ ਪਾਉਣ ਲਈ ਅੱਜ ਸ਼ਹਿਰ ਵਿਚ ਨਗਰ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਨਾਭਾ ਵਿਖੇ ਉੱਘੇ ਉਦਯੋਗਪਤੀ ਓਮ ਪ੍ਰਕਾਸ਼ ਜਿੰਦਲ ਵੱਲੋਂ ਨਗਰ ਕੌਂਸਲ ਦੀ ਥਾਂ 'ਤੇ ਤਕਰੀਬਨ 28 ਦੇ ਕਰੀਬ ਦੁਕਾਨਾਂ ਬਣਾਈਆਂ ਗਈਆਂ ਸਨ। ਨਗਰ ਕੌਂਸਲ ਵੱਲੋਂ ਅੱਜ ਪੀਲੇ ਪੰਜੇ ਨਾਲ ਇਨ੍ਹਾਂ ਨਾਜਾਇਜ਼ ਉਸਾਰੀਆਂ ਨੂੰ ਢਹਿ-ਢੇਰੀ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਨੇ ਕਿਹਾ ਕਿ ਇਹ ਥਾਂ ਨਗਰ ਕੌਂਸਲ ਦੀ ਸੀ। ਕੁਝ ਦੁਕਾਨਾਂ ਬਿਨਾਂ ਨਕਸ਼ਾ ਪਾਸ ਕੀਤੇ ਉਸਾਰੀਆਂ ਗਈਆਂ ਸਨ। ਇਸ ਕਾਰਨ ਇਨ੍ਹਾਂ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ।
ਨਾਭਾ ਨਗਰ ਕੌਂਸਲ ਦੀ ਕਰੋੜਾਂ ਰੁਪਏ ਦੀ ਥਾਂ 'ਤੇ ਇਥੋਂ ਦੇ ਉੱਘੇ ਉਦਯੋਗਪਤੀ ਨੇ ਕਬਜ਼ਾ ਕਰ ਕੇ ਆਪਣੇ ਬੇਟੇ ਅਤੇ ਉਸਦੀ ਪਤਨੀ ਦੇ ਨਾਂ ਕਰਵਾ ਕੇ 28 ਦੇ ਕਰੀਬ ਨਾਜਾਇਜ਼ ਦੁਕਾਨਾਂ ਉਸਾਰ ਦਿੱਤੀਆਂ ਗਈਆਂ ਸਨ। ਨਗਰ ਕੌਂਸਲ ਵੱਲੋਂ ਪੰਜਾਬ ਐਕਟ 1911 ਦੀ ਧਾਰਾ ਤਹਿਤ ਕਾਰਵਾਈ ਕਰ ਕੇ ਇਹ ਨਾਜਾਇਜ਼ ਉਸਾਰੀ 'ਤੇ ਪੀਲਾ ਪੰਜਾ ਚਲਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਰਜਿਸਟਰੀ ਦੀ ਫੋਟੋ ਕਾਪੀ ਆਪਣੀ ਫਾਈਲ ਦੇ ਨਾਲ ਲਾਈ ਗਈ ਸੀ, ਉਹ ਰਜਿਸਟਰੀ ਦੀ ਅਸਲ ਕਾਪੀ ਹਵਾਲੇ ਅਧੀਨ ਪੱਤਰ ਦੇ ਮਿਲਣ ਤੋਂ 3 ਦਿਨਾਂ ਦੇ ਅੰਦਰ-ਅੰਦਰ ਇਸ ਦਫਤਰ ਵਿਖੇ ਪੇਸ਼ ਕੀਤੇ ਜਾਣ ਬਾਰੇ ਕਿਹਾ ਗਿਆ ਸੀ। ਇਸਨੂੰ ਪੇਸ਼ ਨਾ ਕਰਨ ਦੀ ਸੂਰਤ ਵਿਚ ਨਕਸ਼ਾ ਇਸ ਦਫਤਰ ਵੱਲੋਂ ਰੱਦ ਕਰ ਕੇ ਆਪ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਨ੍ਹਾਂ ਵੱਲੋਂ ਕੋਈ ਵੀ ਅਸਲ ਦੀ ਰਜਿਸਟਰੀ ਦੀ ਕਾਪੀ ਨਹੀਂ ਦਿੱਤੀ ਗਈ, ਜਿਸਨੂੰ ਦੇਖਦੇ ਹੋਏ ਉਕਤ ਕਾਰਵਾਈ ਕੀਤੀ ਗਈ। ਇਸ ਮੌਕੇ ਨਗਰ ਕੌਂਸਲ ਵੱਲੋਂ ਅਣਸੁਖਾਵੀ ਘਟਨਾ ਦੇ ਮੱਦੇਨਜ਼ਰ ਪੁਲਸ ਨੂੰ ਵੀ ਤਾਇਨਾਤ ਕੀਤਾ ਹੋਇਆ ਸੀ।
ਜਦੋਂ ਮਾਮਲੇ ਨੂੰ ਲੈ ਕੇ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ 170 ਗਜ ਦੇ ਕਰੀਬ ਨਾਲੇ 'ਤੇ ਦੁਕਾਨਾਂ ਦੀ ਉਸਾਰੀ ਕੀਤੀ ਗਈ ਸੀ ਅਤੇ 28 ਦੇ ਕਰੀਬ ਦੁਕਾਨਾਂ ਵਿੱਚੋਂ 6 ਦਾ ਨਕਸ਼ਾ ਪਾਸ ਕਰਵਾਇਆ ਗਿਆ ਸੀ। ਨਗਰ ਕੌਂਸਲ ਨੂੰ ਇਹ ਜਗ੍ਹਾ ਖਾਲੀ ਕਰਵਾਉਣ ਲਈ ਪੀਲਾ ਪੰਜਾ ਚਲਾਉਣਾ ਪਿਆ। ਇਸ ਮੌਕੇ ਸ਼ਹਿਰ ਨਿਵਾਸੀ ਗੁਰਮੇਲ ਸਿੰਘ ਅਤੇ ਪੰਕਜ ਪੰਪੂ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਦੀ ਸ਼ਲਾਘਾ ਕੀਤੀ। ਉਨ੍ਹਾਂ ਉਦਯੋਗਪਤੀ ਵੱਲੋਂ ਸ਼ਹਿਰ ਵਿਚ ਹੋਰ ਕੀਤੇ ਕਬਜ਼ੇ ਛੁਡਾਉਣ ਦੀ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ।
ਨਾਜਾਇਜ਼ ਕਬਜ਼ਾਧਾਰੀ ਬਖਸ਼ੇ ਨਹੀਂ ਜਾਣਗੇ : ਧਰਮਸੌਤ
ਐਨਾਭਾ, (ਜੈਨ, ਜਗਨਾਰ)-ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਕਹਿਣਾ ਹੈ ਕਿ ਮੈਂ ਚਾਹੁੰਦਾ ਹਾਂ ਸਾਰੇ ਨਾਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ। ਕਬਜ਼ੇ ਕਰਨ ਵਾਲੇ ਦਾ ਸਬੰਧ ਭਾਵੇਂ ਸਾਡੀ ਪਾਰਟੀ ਜਾਂ ਵਿਰੋਧੀ ਪਾਰਟੀ ਨਾਲ ਹੋਵੇ, ਬਖਸ਼ੇ ਨਹੀਂ ਜਾਣਗੇ, ਜਦੋਂ ਜੇ. ਸੀ. ਬੀ. ਮਸ਼ੀਨਾਂ ਦੁਕਾਨਾਂ ਨੂੰ ਢਹਿ-ਢੇਰੀ ਕਰ ਰਹੀਆਂ ਸਨ ਤਾਂ ਦੋ ਫਾਇਰ ਬ੍ਰਿਗੇਡ ਗੱਡੀਆਂ ਵੀ ਮੌਕੇ 'ਤੇ ਖੜ੍ਹੀਆਂ ਸਨ।


Related News