ਰਾਹ ''ਚ ਟੱਕਰੇ ਕੋਈ ਬਾਬਾ ਤਾਂ ਸਾਵਧਾਨ! ਕਿਤੇ ਅਜਿਹਾ ਤੁਹਾਡੇ ਨਾਲ ਨਾ ਹੋ ਜਾਵੇ

Sunday, Dec 29, 2024 - 12:19 PM (IST)

ਰਾਹ ''ਚ ਟੱਕਰੇ ਕੋਈ ਬਾਬਾ ਤਾਂ ਸਾਵਧਾਨ! ਕਿਤੇ ਅਜਿਹਾ ਤੁਹਾਡੇ ਨਾਲ ਨਾ ਹੋ ਜਾਵੇ

ਖਰੜ (ਰਣਬੀਰ) : ਖਰੜ ’ਚ ਬਾਬੇ ਦੇ ਭੇਸ ’ਚ ਘੁੰਮ ਰਹੇ ਵਿਅਕਤੀ ਵੱਲੋਂ ਇਕ ਬਜ਼ੁਰਗ ਵਿਅਕਤੀ ਤੋਂ ਚਮਤਕਾਰ ਦੇ ਨਾਂ 'ਤੇ ਸੋਨੇ ਦਾ ਕੜਾ ਤੇ ਅੰਗੂਠੀ ਠੱਗ ਲਿਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਉਸ ਨਾਲ ਇਕ ਨੌਜਵਾਨ ਅਤੇ ਇੱਕ ਔਰਤ ਵੀ ਮੌਜੂਦ ਸਨ, ਜੋ ਤਿੰਨੇ ਠੱਗੀ ਨੂੰ ਅੰਜਾਮ ਦੇਣ ਮਗਰੋਂ ਉੱਥੋਂ ਰਫੂਚੱਕਰ ਹੋ ਗਏ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇੱਥੋਂ ਦੇ ਵਾਰਡ ਨੰਬਰ-23 ਦੇ ਰਹਿਣ ਵਾਲੇ ਸੇਵਾਮੁਕਤ ਮੁਲਾਜ਼ਮ ਕੇਹਰ ਸਿੰਘ ਨੇ ਦੱਸਿਆ ਕਿ ਦੁਪਹਿਰ 1 ਵਜੇ ਉਹ ਆਪਣੀ ਪੋਤੀ ਨੂੰ ਗੁਰਦੁਆਰਾ ਅਕਾਲੀ ਦਫ਼ਤਰ ਨੇੜੇ ਸਥਿਤ ਇਕ ਪਲੇਵੇਅ ਸਕੂਲ ਤੋਂ ਲੈਣ ਗਿਆ ਸੀ। ਇਸ ਦੌਰਾਨ ਬਾਬੇ ਦੇ ਭੇਸ ’ਚ ਮੌਜੂਦ ਇਕ ਵਿਅਕਤੀ ਉਸ ਨੂੰ ਆਵਾਜ਼ ਮਾਰ ਕੇ ਉਸ ਦੇ ਕੋਲ ਆਇਆ ਅਤੇ ਕੁੱਝ ਧਾਰਮਿਕ ਗੱਲਾਂ ਕਰਨ ਲੱਗਾ। ਬਜ਼ੁਰਗ ਨੇ ਬਾਬੇ ਨੂੰ ਕਿਹਾ ਕਿ ਉਸ ਨੂੰ ਉਨ੍ਹਾਂ ਦੀਆਂ ਗੱਲਾਂ ਸਮਝ ਨਹੀਂ ਆ ਰਹੀਆਂ। ਇਸੇ ਦਰਮਿਆਨ ਮੋਟਰਸਾਈਕਲ ਸਵਾਰ ਨੌਜਵਾਨ ਉੱਥੇ ਆ ਗਿਆ ਅਤੇ ਬਾਬੇ ਵੱਲ ਵੇਖਦਿਆਂ ਉਸ ਨੇ ਕਿਹਾ ਕਿ ਇਹ ਬਹੁਤ ਕਰਨੀ ਵਾਲੇ ਵਿਅਕਤੀ ਹਨ, ਜੋ ਕਈ ਤਰ੍ਹਾਂ ਦੇ ਚਮਤਕਾਰ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬੀਓ! Full ਕਰਾ ਲਓ ਟੈਂਕੀਆਂ, ਖ਼ਰੀਦ ਲਓ ਸਬਜ਼ੀਆਂ, ਭਲਕੇ ਹੋ ਜਾਣਾ ਬੇਹੱਦ ਔਖਾ

ਇਸ ਪਿੱਛੋਂ ਉਹ ਨੌਜਵਾਨ ਉਸ ਬਾਬੇ ਨਾਲ ਗੱਲਾਂ ਕਰਨ ਲੱਗਾ। ਬਾਬੇ ਨੇ ਉਨ੍ਹਾਂ ਦੋਹਾਂ ਨੂੰ ਗੱਲਾਂ ’ਚ ਉਲਝਾ ਕੇ 100-100 ਰੁਪਏ ਦੇ 2 ਨੋਟਾਂ ’ਚ ਕੁੱਝ ਪੱਥਰ ਲਪੇਟ ਕੇ ਦਿੰਦਿਆਂ ਬਜ਼ੁਰਗ ਸਣੇ ਨੌਜਵਾਨ ਨੂੰ ਆਪਣੀ ਜੇਬ ’ਚ ਰੱਖਣ ਲਈ ਕਿਹਾ। ਬਾਬੇ ਨੇ ਉਸ ਨੌਜਵਾਨ ਨੂੰ ਕਿਹਾ ਕਿ ਉਸ ਨੇ ਜੋ ਹੱਥ ’ਚ ਸੋਨੇ ਦਾ ਕੜਾ ਪਾ ਰੱਖਿਆ ਹੈ, ਉਹ ਉਸ ਲਈ ਅਸ਼ੁੱਭ ਹੈ। ਜੇਕਰ ਉਹ ਕੜਾ ਉਸ ਨੂੰ ਦੇ ਦਿੰਦਾ ਹੈ ਤਾਂ ਉਹ ਕੜੇ ਨੂੰ ਮੰਤਰਾਂ ਰਾਹੀਂ ਸ਼ੁੱਭ ਕਰ ਦੇਵੇਗਾ। ਨੌਜਵਾਨ ਨੇ ਫੌਰੀ ਆਪਣਾ ਕੜਾ ਉਤਾਰ ਕੇ ਉਸ ਬਾਬੇ ਨੂੰ ਦੇ ਦਿੱਤਾ। ਬਾਬੇ ਨੇ 100 ਰੁਪਏ ਦੇ ਇਕ ਨੋਟ ’ਚ ਉਸ ਕੜੇ ਨੂੰ ਲਪੇਟ ਰੁਮਾਲ 'ਚ ਬੰਨ੍ਹ ਕੇ ਦੇ ਦਿੱਤਾ ਅਤੇ ਕਿਹਾ ਕਿ ਇਸ ਨੂੰ ਉਹ ਆਪਣੇ ਘਰ ਜਾ ਕੇ ਹੀ ਖੋਲ੍ਹੇ, ਅੱਜ ਤੋਂ ਬਾਅਦ ਉਸ ਦੀ ਹਰ ਥਾਂ ਬੱਸ ਬੱਲੇ ਹੀ ਬੱਲੇ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ

ਇਹ ਸਭ ਦੇਖ ਬਜ਼ੁਰਗ ਕੇਹਰ ਸਿੰਘ ਨੂੰ ਵੀ ਉਸ ਬਾਬੇ ਦੀਆਂ ਗੱਲਾਂ 'ਤੇ ਭਰੋਸਾ ਹੋ ਗਿਆ। ਆਪਣੇ ਜਾਲ ’ਚ ਫਸਿਆ ਵੇਖ ਬਾਬੇ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਅੰਗੂਠੀ ਤੇ ਹੱਥ ’ਚ ਪਾਇਆ ਕੜਾ ਦੇ ਦੇਵੇ ਤਾਂ ਉਹ ਉਨ੍ਹਾਂ ਨੂੰ ਸ਼ੁੱਭ ਕਰ ਦੇਵੇਗਾ। ਇਸ ਪਿੱਛੋਂ ਉਸ ਦੇ ਰਾਹ ’ਚ ਕੋਈ ਅੜਿੱਕਾ ਨਹੀਂ ਰਹੇਗਾ। ਉਸ ਬਾਬੇ ਨੇ ਗੱਲਾਂ-ਗੱਲਾਂ ’ਚ ਬਜ਼ੁਰਗ ਵਿਅਕਤੀ ਦਾ ਕੜਾ ਅਤੇ ਅੰਗੂਠੀ ਹੱਥਾਂ ’ਚੋਂ ਉਤਰਵਾ ਲਏ। ਕੁੱਝ ਹੀ ਪਲਾਂ ਅੰਦਰ ਦੋਵੇਂ ਗਹਿਣੇ ਬਾਬੇ ਨੇ ਉਸ ਨੂੰ ਵੀ 100 ਦੇ ਨੋਟ ’ਚ ਲਪੇਟ ਕੇ ਰੁਮਾਲ ’ਚ ਪਾ ਕੇ ਵਾਪਸ ਫੜ੍ਹਾ ਕੇ ਜੇਬ ’ਚ ਰੱਖਣ ਲਈ ਕਿਹਾ ਅਤੇ ਕਿਹਾ ਕਿ ਘਰ ਜਾ ਕੇ ਹੱਥ-ਮੂੰਹ ਧੋਣ ਪਿੱਛੋਂ ਹੀ ਮੁੜ ਪਾਉਣੇ ਹਨ। ਬਜ਼ੁਰਗ ਮੁਤਾਬਕ ਬਾਬੇ ਵੱਲੋਂ ਉਸ ਦਾ ਕੜਾ ਤੇ ਅੰਗੂਠੀ ਲਏ ਜਾਣ ਦੌਰਾਨ ਨੇੜੇ ਹੀ ਇਕ ਔਰਤ ਜੋ ਸ਼ਾਇਦ ਪਹਿਲਾਂ ਹੀ ਮੌਜੂਦ ਸੀ, ਉਸ ਬਾਬੇ ਦੀ ਸ਼ਕਤੀ ਦਾ ਗੁਣਗਾਨ ਕਰਦੀ ਨਹੀ ਥੱਕ ਰਹੀ ਸੀ।

ਉਹ ਬਾਬੇ ਵੱਲੋਂ ਬੰਨ੍ਹ ਕੇ ਦਿੱਤਾ ਰੁਮਾਲ ਲੈ ਕੇ ਆਪਣੇ ਘਰ ਆ ਗਿਆ। ਘਰ ਆ ਕੇ ਉਸ ਨੇ ਹੱਥ-ਮੂੰਹ ਧੋ ਕੇ ਜਿਉਂ ਹੀ ਰੁਮਾਲ ਖੋਲ੍ਹਿਆ ਤਾਂ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖ਼ਿਸਕ ਗਈ ਕਿਉਂਕਿ ਰੁਮਾਲ ਅੰਦਰ ਤਿੰਨ-ਚਾਰ ਪੱਥਰ ਮੌਜੂਦ ਸਨ, ਜਦਕਿ ਉਸ ਦਾ ਕੜਾ ਵਜ਼ਨ 3 ਤੋਲੇ ਤੇ ਅੰਗੂਠੀ 7 ਗ੍ਰਾਮ ਦੋਵੇਂ ਗ਼ਾਇਬ ਸਨ। ਇਸ ਤਰ੍ਹਾਂ ਬਜ਼ੁਰਗ ਨਾਲ ਕਰੀਬ ਤਿੰਨ ਲੱਖ ਰੁਪਏ ਦੀ ਠੱਗੀ ਹੋ ਗਈ। ਕੁੱਝ ਗੜਬੜ ਹੋਣ ਦਾ ਅਹਿਸਾਸ ਹੁੰਦਿਆਂ ਸਾਰ ਜਿਉਂ ਹੀ ਉਸ ਨੇ ਮੁੜ ਉਸੇ ਥਾਂ ਜਾ ਕੇ ਦੇਖਿਆ ਤਾਂ ਉੱਥੇ ਕੋਈ ਵੀ ਮੌਜੂਦ ਨਹੀ ਸੀ। ਖ਼ੁਦ ਦੇ ਠੱਗੇ ਜਾਣ ਦਾ ਅਹਿਸਾਸ ਹੁੰਦਿਆਂ ਸਾਰ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਅਣਪਛਾਤੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 
 


author

Babita

Content Editor

Related News