ਪੰਜਾਬ ਦੇ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਲਈ ਜਾਰੀ ਹੋ ਗਏ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
Tuesday, Jan 28, 2025 - 10:40 AM (IST)

ਚੰਡੀਗੜ੍ਹ (ਅੰਕੁਰ) : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੂਬੇ ਭਰ ਦੇ ਸਾਰੇ ਮੈਡੀਕਲ ਕਾਲਜਾਂ, ਸਿਵਲ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਬਲਾਕ ਪੱਧਰ ਦੇ ਹਸਪਤਾਲਾਂ ’ਚ ਬਿਜਲੀ ਸਪਲਾਈ ਤੇ ਫਾਇਰ ਸੇਫਟੀ ਦਾ ਆਡਿਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਾਰੇ ਸਿਵਲ ਸਰਜਨਾਂ ਤੇ ਮੈਡੀਕਲ ਕਾਲਜਾਂ ਦੇ ਮੈਡੀਕਲ ਸੁਪਰੀਡੈਂਟਾਂ ਨਾਲ ਉੱਚ-ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਬੰਦ ਹੋਣ ਦੀ ਸਥਿਤੀ ’ਚ ਸਾਰੀਆਂ ਮਹੱਤਵਪੂਰਨ ਦੇਖਭਾਲ ਇਕਾਈਆਂ ਆਪ੍ਰੇਸ਼ਨ ਥੀਏਟਰ, ਲੇਬਰ ਰੂਮ, ਐਮਰਜੈਂਸੀ, ਐੱਸ. ਐੱਨ. ਸੀ. ਯੂਜ਼. ਅਤੇ ਐੱਨ. ਆਈ. ਸੀ. ਯੂਜ਼ ’ਚ ਘੱਟੋ-ਘੱਟ 30 ਮਿੰਟਾਂ ਦਾ ਯੂ. ਪੀ. ਐੱਸ. ਪਾਵਰ ਬੈਕਅਪ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਰੀਆਂ ਸਿਹਤ ਸਹੂਲਤਾਂ ’ਚ ਡੀਜ਼ਲ ਦੀ ਲੋੜੀਂਦੀ ਸਪਲਾਈ ਦੇ ਨਾਲ ਇਕ ਪੂਰੀ ਤਰ੍ਹਾਂ ਕਾਰਜਸ਼ੀਲ ਜਨਰੇਟਰ ਸੈੱਟ ਮੌਜੂਦ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਹੋਏ ਜ਼ਰੂਰੀ ਦਿਸ਼ਾ-ਨਿਰਦੇਸ਼
ਉਨ੍ਹਾਂ ਨੇ ਜ਼ਿਲ੍ਹਾ, ਸਬ-ਡਵੀਜ਼ਨ ਅਤੇ ਬਲਾਕ ਪੱਧਰ ਦੇ ਹਸਪਤਾਲਾਂ ਸਮੇਤ ਸਾਰੇ ਪੱਧਰਾਂ 'ਤੇ ਕਮੇਟੀਆਂ ਦਾ ਗਠਨ ਕਰਨ ਦੇ ਹੁਕਮ ਵੀ ਜਾਰੀ ਕੀਤੇ, ਜੋ ਸਾਰੀਆਂ ਸਿਹਤ ਸਹੂਲਤਾਂ ਵਿਖੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੀਆਂ। ਇਹ ਕਮੇਟੀਆਂ ਆਪੋ-ਆਪਣੇ ਸਬੰਧਿਤ ਹਸਪਤਾਲਾਂ ਦਾ ਸਮੇਂ-ਸਮੇਂ ‘ਤੇ ਦੌਰਾ ਕਰ ਕੇ ਇਹ ਯਕੀਨੀ ਬਣਾਉਣਗੀਆਂ ਕਿ ਉੱਥੇ ਬਿਜਲੀ ਬੈਕਅਪ ਤੇ ਪੂਰੀ ਤਰ੍ਹਾਂ ਕਾਰਜਸ਼ੀਲ ਜਰਨੇਟਰ ਸੈੱਟ ਦੀ ਸਹੂਲਤ ਮੌਜੂਦ ਹੈ। ਉਨ੍ਹਾਂ ਨੇ ਸਾਰੇ ਸਿਵਲ ਸਰਜਨਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਕੱਟ ਲੱਗਣ ਦੀ ਸਥਿਤੀ ’ਚ ਬੈਕਅੱਪ ਬਿਜਲੀ ਸਪਲਾਈ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਮਹੱਤਵਪੂਰਨ ਦੇਖਭਾਲ ਸੇਵਾਵਾਂ ਪ੍ਰਦਾਨ ਕਰਨ ’ਚ ਕੋਈ ਦਿੱਕਤ ਨਾ ਆਵੇ।
ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਅਦਾਲਤ ਨੇ ਸੁਣਾਇਆ ਫ਼ੈਸਲਾ
ਉਨ੍ਹਾਂ ਨੇ ਬਿਜਲੀ ਬੰਦ ਹੋਣ ਦੀ ਕਿਸੇ ਵੀ ਸਥਿਤੀ ’ਚ ਤੁਰੰਤ ਕਾਰਵਾਈ ਯਕੀਨੀ ਬਣਾਉਣ ਲਈ ਉਪਰੋਕਤ ਕਮੇਟੀਆਂ ਦੇ ਸਾਰੇ ਮੈਂਬਰਾਂ ਦਾ ਇਕ ਵਟਸਐਪ ਗਰੁੱਪ ਬਣਾਉਣ ਦੇ ਵੀ ਹੁਕਮ ਵੀ ਦਿੱਤੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਫੌਰੀ ਢੰਗ ਨਾਲ ਫਾਇਰ ਸੇਫਟੀ ਆਡਿਟ ਕਰਵਾਉਣ ਤੇ ਸਿਹਤ ਸਹੂਲਤਾਂ ਖ਼ਾਸ ਕਰਕੇ ਸਾਰੀਆਂ ਮਹੱਤਵਪੂਰਨ ਦੇਖਭਾਲ ਇਕਾਈਆਂ ’ਚ ਅੱਗ ਬੁਝਾਊ ਉਪਕਰਨਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਪ੍ਰਸ਼ਾਸਨਿਕ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਸਕੱਤਰ ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਰਵੀ ਭਗਤ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਸੀ. ਐੱਮ. ਡੀ. ਪੀ. ਐੱਸ. ਪੀ. ਸੀ. ਐੱਲ. ਇੰਜੀਨੀਅਰ ਬਲਦੇਵ ਸਿੰਘ ਸਰਾਂ, ਡਾਇਰੈਕਟਰ ਸਿਹਤ ਡਾ. ਹਿਤਿੰਦਰ ਕੌਰ ਤੇ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਡਾ. ਅਵਨੀਸ਼ ਕੁਮਾਰ ਵੀ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8