ਪੰਜਾਬ ''ਚ ਜਿੰਮ ਟ੍ਰੇਨਰ ਤੇ ਕਬੱਡੀ ਖਿਡਾਰੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਮਗਰੋਂ ਤਲਵਾਰਾਂ ਨਾਲ ਕੀਤੇ ਵਾਰ

Sunday, Feb 02, 2025 - 08:57 AM (IST)

ਪੰਜਾਬ ''ਚ ਜਿੰਮ ਟ੍ਰੇਨਰ ਤੇ ਕਬੱਡੀ ਖਿਡਾਰੀ ਨੂੰ ਗੋਲੀਆਂ ਨਾਲ ਭੁੰਨ੍ਹਿਆ, ਮਗਰੋਂ ਤਲਵਾਰਾਂ ਨਾਲ ਕੀਤੇ ਵਾਰ

ਖਰੜ (ਰਣਬੀਰ/ਗਗਨਦੀਪ/ਅਮਰਦੀਪ) : ਸ਼ਿਵਜੋਤ ਇਨਕਲੇਵ ਦੀ ਮਾਰਕਿਟ ’ਚ ਸ਼ੁੱਕਰਵਾਰ ਦੇਰ ਰਾਤ ਨੂੰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਬਹਿਸ ਪਿੱਛੋਂ ਜਿੰਮ ਟ੍ਰੇਨਰ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਅਤੇ ਬਾਅਦ ’ਚ ਤਲਵਾਰਾਂ ਨਾਲ ਵਾਰ ਕਰਦੇ ਰਹੇ। ਇਸ ਤੋਂ ਬਾਅਦ ਹਮਲਾਵਰ ਕਾਰ ’ਚ ਸਵਾਰ ਹੋ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀਆਂ ਸਣੇ ਫਾਰੈਂਸਿਕ ਮਾਹਿਰ ਮੌਕੇ ’ਤੇ ਪੁੱਜੇ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (31) ਉਰਫ਼ ਗੁਰੀ ਵਾਸੀ ਰਾਮਪੁਰਾ ਫੂਲ ਬਠਿੰਡਾ ਹਾਲ ਵਾਸੀ ਪ੍ਰੀਤ ਇਨਕਲੇਵ ਨੇੜੇ ਸਬਜ਼ੀ ਮੰਡੀ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਮ੍ਰਿਤ ਵਾਸੀ ਫਿਲੌਰ ਜ਼ਿਲ੍ਹਾ ਜਲੰਧਰ ਦਿਹਾਤੀ, ਓਂਕਾਰ ਸਿੰਘ ਉਰਫ਼ ਗੋਲੂ ਵਾਸੀ ਫਗਵਾੜਾ ਤੇ ਆਕਾਸ਼ ਵਾਸੀ ਫਗਵਾੜਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਸ਼ਾਮ 7 ਤੋਂ ਰਾਤ 10 ਵਜੇ ਤੱਕ...

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਘਟਨਾ ਸਥਾਨ ਤੋਂ ਜ਼ਿੰਦਾ ਕਾਰਤੂਸ, ਤਿੰਨ ਖੋਲ ਤੇ ਤਲਵਾਰ ਬਰਾਮਦ ਕੀਤੀ। ਇਸ ਤੋਂ ਇਲਾਵਾ ਪੁਲਸ ਮਾਰਕੀਟ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਲੈ ਕੇ ਦੁਕਾਨਦਾਰਾਂ ਕੋਲੋਂ ਪੁੱਛਗਿਛ ਕਰ ਰਹੀ ਹੈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਦੋਵੇਂ ਵਿਆਹ ਪਿਛੋਂ ਕਰੀਬ 7-8 ਸਾਲਾਂ ਤੋਂ ਖਰੜ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਗੁਰੀ ਦੋ ਹੋਰ ਭਰਾਵਾਂ ’ਚੋਂ ਵਿਚਕਾਰਲਾ ਸੀ। ਗੁਰੀ ਪਹਿਲਾਂ ਜ਼ਮੈਟੋ ਲਈ ਕੰਮ ਕਰਦਾ ਸੀ ਪਰ ਹੁਣ ਗੋਲਡ ਜਿੰਮ ’ਚ ਟ੍ਰੇਨਰ ਸੀ। ਉਹ ਕੱਬਡੀ ਖਿਡਾਰੀ ਵੀ ਸੀ। ਨਾਲ ਹੀ ਬਾਡੀ ਸਪਲੀਮੈਂਟ ਸਪਲਾਈ ਕਰਦਾ ਤੇ ਟੈਕਸੀ ਵੀ ਚਲਾਉਂਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਜ਼ਿਲ੍ਹੇ 'ਚ ਰਜਿਸਟਰੀਆਂ ਨੂੰ ਲੈ ਕੇ ਘਪਲਾ! ਤਹਿਸੀਲਦਾਰ 'ਤੇ ਲਿਆ ਗਿਆ ਵੱਡਾ Action

ਸ਼ੁੱਕਰਵਾਰ ਸ਼ਾਮ ਨੂੰ ਉਹ, ਉਸ ਦਾ ਪਤੀ ਗੁਰਪ੍ਰੀਤ ਸਿੰਘ ਤੇ ਉਸ ਦੇ ਪਤੀ ਦਾ ਦੋਸਤ ਸੁਮੇਸ਼ ਬਾਂਸਲ ਤਿੰਨੇ ਦੇਸੂਮਾਜਰਾ ਵਿਖੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਗਏ ਸਨ। ਗੁਰੀ ਉਸ ਨੂੰ ਵਿਆਹ ’ਚ ਛੱਡ ਕੇ ਸੁਮੇਸ਼ ਨਾਲ ਗੱਡੀ ’ਚ ਚਲਾ ਗਿਆ। ਕਾਫੀ ਦੇਰ‌ ਬਾਅਦ ਜਦੋਂ ਗੁਰਪ੍ਰੀਤ ਵਾਪਸ ਨਹੀਂ ਆਇਆ ਤਾਂ ਉਸ ਨੇ ਫੋਨ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ। ਉਸ ਨੇ ਸੁਮੇਸ਼ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਗੁਰੀ ਦਾ ਝਗੜਾ ਹੋ ਗਿਆ ਹੈ ਅਤੇ ਉਸ ਨੂੰ ਨਾਜ਼ੁਕ ਹਾਲਤ ’ਚ ਸਿਵਲ ਹਸਪਤਾਲ ਖਰੜ ਲੈ ਕੇ ਜਾਇਆ ਜਾ ਰਿਹਾ ਹੈ। ਉਹ ਜਦੋਂ ਸਿਵਲ ਹਸਪਤਾਲ ਪੁੱਜੀ ਤਾਂ ਉਦੋਂ ਤਕ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News