ਨਾ ਮਿਹਨਤਾਨਾ ਤੇ ਨਾ ਹੀ ਦਿੱਤਾ ਪਲਾਟ, ਪਲੰਬਰ ਭਰਾਵਾਂ ਤੋਂ ਠੱਗੇ ਲਏ 20 ਲੱਖ
Saturday, Feb 01, 2025 - 02:27 PM (IST)
ਖਰੜ (ਰਣਬੀਰ) : ਹਾਊਸਿੰਗ ਕੰਪਨੀ ਦੇ ਮਾਲਕ ਵੱਲੋਂ ਪਲੰਬਰ ਦਾ ਕੰਮ ਕਰਦੇ 2 ਭਰਾਵਾਂ ਨਾਲ ਕਰੀਬ 20 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਐੱਸ. ਪੀ. ਨੂੰ ਦਰਖ਼ਾਸਤ ’ਚ ਪਿੰਡ ਫ਼ਤਹਿ ਉੱਲਾਪੁਰ ਦੇ ਸਚਿੰਦਰ ਮਹਿਤੋਂ ਨੇ ਦੱਸਿਆ ਕਿ ਉਹ ਭਰਾ ਧਰਮਿੰਦਰ ਨਾਲ ਪਲੰਬਰ ਦਾ ਕੰਮ ਕਰਦਾ ਹੈ। ਗੁਰਪ੍ਰੀਤ ਸਿੰਘ ਗਰੇਵਾਲ ਦੀ ਕੰਪਨੀ ਲਵਲੀ ਗਰੁੱਪ ਦੇ ਪ੍ਰਾਜੈਕਟ ਆਸ਼ਿਆਨਾ, ਲਵਲੀ ਸਮਾਰਟ ਹੋਮ, ਸਕਾਈ ਲਾਈਨ ਕੰਪਨੀ, ਲਵਲੀ ਮੈਨਸ਼ਨ, ਲਵਲੀ ਹਿਲ ਵਿਊ ਤੇ ਲਵਲੀ ਰਿੱਚ ਮੌਡਿਯੂ ਦੀਆਂ ਕੋਠੀਆਂ ’ਚ 2019 ਤੋਂ ਮਾਰਚ 2021 ਤੱਕ ਦੋਵਾਂ ਨੇ ਕੰਮ ਕੀਤਾ ਸੀ। ਕੁੱਲ ਲੇਬਰ 34 ਲੱਖ 45 ਹਜ਼ਾਰ 500 ਰੁਪਏ ਬਣੀ ਸੀ।
ਗੁਰਪ੍ਰੀਤ ਨੇ 9 ਲੱਖ 35 ਹਜ਼ਾਰ ਰੁਪਏ ਦੇ ਦਿੱਤੇ। ਬਕਾਇਆ 25 ਲੱਖ 10 ਹਜ਼ਾਰ ਦੇ ਬਦਲੇ ਪਲਾਟ (116.66 ਗਜ) ਦੀ ਰਜਿਸਟਰੀ ਕਰਵਾ ਦਿੱਤੀ, ਜਿਸ ਦਾ ਇੰਤਕਾਲ ਵੀ ਉਨ੍ਹਾਂ ਦੇ ਨਾਂ ’ਤੇ ਦਰਜ ਹੋ ਗਿਆ। ਇਹ ਪਲਾਟ ਗਲੋਬਲ ਸੰਨੀ ਇਨਕਲੇਵ ਵਿਖੇ ਦੱਸਿਆ ਗਿਆ, ਜਿਸ ਦਾ ਕਬਜ਼ਾ ਨਹੀਂ ਦਿੱਤਾ ਗਿਆ। ਗੁਰਪ੍ਰੀਤ ਸਿੰਘ ਨੇ ਦਰਖ਼ਾਸਤ ਕਰਤਾ ਨਾਲ ਜ਼ੁਬਾਨੀ ਫ਼ੈਸਲਾ ਕੀਤਾ ਸੀ ਕਿ ਉਹ ਜਰਨੈਲ ਸਿੰਘ ਬਾਜਵਾ ਨਾਲ ਉਕਤ ਪਲਾਟ ਦੇਣ ਲਈ ਗੱਲ ਕਰੇਗਾ। ਜਦੋਂ ਪੜਤਾਲ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਪੀੜਤ ਦੀ ਬਾਜਵਾ ਨਾਲ ਨਾ ਕੋਈ ਡੀਲ ਹੋਈ ਸੀ ਤੇ ਨਾ ਹੀ ਇਸ ’ਚ ਕੋਈ ਰੋਲ ਸੀ। ਇੰਨਾ ਹੀ ਨਹੀਂ, ਪਲਾਟ ਗਲੋਬਲ ਸਿਟੀ ’ਚ ਵੀ ਨਹੀਂ ਹੈ। ਇਸ ਤੋਂ ਸਾਫ਼ ਹੋ ਗਿਆ ਕਿ ਮੁਲਜ਼ਮ ਵੱਲੋਂ ਧੋਖਾਧੜੀ ਕੀਤੀ ਗਈ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।