ਜੇਕਰ ਰੇਲਵੇ ''ਚ ਭਰਤੀ ਹੋਣ ਲਈ ਤੁਸੀਂ ਵੀ ਅਪਣਾ ਰਹੇ ਹੋ ਅਜਿਹਾ ਰਸਤਾ ਤਾਂ ਹੋ ਜਾਓ ਸਾਵਧਾਨ !

Thursday, Jul 13, 2017 - 05:28 PM (IST)

ਜੇਕਰ ਰੇਲਵੇ ''ਚ ਭਰਤੀ ਹੋਣ ਲਈ ਤੁਸੀਂ ਵੀ ਅਪਣਾ ਰਹੇ ਹੋ ਅਜਿਹਾ ਰਸਤਾ ਤਾਂ ਹੋ ਜਾਓ ਸਾਵਧਾਨ !

ਲੋਪੋਕੇ - ਸਰਹੱਦੀ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਘੋਗਾ ਦੇ ਅਜੀਤ ਸਿੰਘ ਤੇ ਪਿੰਡ ਥੋਬਾ ਦੇ ਬਾਬਾ ਗੁਰਨਾਮ ਸਿੰਘ ਨੇ ਪਿੰਡ ਟਨਾਣਾ ਦੇ ਬਲਵਿੰਦਰ ਸਿੰਘ 'ਤੇ ਰੇਲਵੇ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੀ ਮਾਰਨ ਦੇ ਦੋਸ਼ ਲਾਏ ਹਨ। ਇਸ ਸਬੰਧੀ ਅਜੀਤ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਲਵਿੰਦਰ ਸਿੰਘ ਸਾਨੂੰ ਕਹਿਣ ਲੱਗਾ ਕਿ ਮੇਰਾ ਮੁੰਡਾ ਰੇਲਵੇ ਵਿਚ ਭਰਤੀ ਹੋ ਗਿਆ ਹੈ, ਮੇਰਾ ਕੋਈ ਜਾਣਕਾਰ ਹੈ, ਮੈਂ ਤੁਹਾਡਾ ਮੁੰਡਾ ਵੀ ਰੇਲਵੇ ਵਿਚ ਭਰਤੀ ਕਰਵਾ ਦਿੰਦਾ ਹਾਂ। 6 ਲੱਖ ਰੁਪਏ ਲੱਗਣਗੇ ਇਕ ਜਣੇ ਦੇ। ਅਸੀਂ ਉਸ ਦੀਆਂ ਗੱਲਾਂ 'ਚ ਆ ਗਏ। ਮੇਰੇ ਲੜਕੇ ਗੁਰਲਾਲ ਸਿੰਘ, ਗੁਰਨਾਮ ਸਿੰਘ ਤੇ ਜਗਮੋਹਣ ਸਿੰਘ ਨੂੰ ਭਰਤੀ ਕਰਵਾਉਣ ਦੀ ਗੱਲ 12 ਲੱਖ ਤੈਅ ਹੋਈ, ਇਸ ਤੋਂ ਬਾਅਦ ਬਲਵਿੰਦਰ ਸਿੰਘ ਸਾਡੇ ਘਰੋਂ ਕੁਝ ਪੈਸੇ ਨਕਦ ਲੈ ਗਿਆ ਅਤੇ ਕੁਝ ਪੈਸੇ ਆਪਣੀ ਪਤਨੀ ਬਲਵਿੰਦਰ ਕੌਰ ਦੇ ਖਾਤੇ ਵਿਚ ਪਵਾਉਂਦਾ ਰਿਹਾ, ਜਿਸ ਵਿਚ ਅਜੀਤ ਸਿੰਘ ਕੋਲੋਂ ਸਾਢੇ 5 ਲੱਖ ਅਤੇ ਗੁਰਨਾਮ ਸਿੰਘ ਕੋਲੋਂ 5 ਲੱਖ ਲਏ ਤੇ ਦੋਵਾਂ ਲੜਕਿਆਂ ਨੂੰ ਨੌਕਰੀ ਦਿਵਾਉਣ ਲਈ ਪਟਨਾ ਸਾਹਿਬ ਲੈ ਗਿਆ, ਉਥੇ ਕੁਝ ਦਿਨ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਕੋਲਕਾਤਾ ਲੈ ਗਿਆ, ਜਿਥੇ ਉਨ੍ਹਾਂ ਨੂੰ ਰੇਲਵੇ ਦਾ ਕੋਡ ਅਤੇ ਬੈਚ ਦਿੱਤਾ ਤੇ ਕਿਹਾ ਕਿ ਕੁਝ ਦਿਨਾਂ ਬਾਅਦ ਤੁਸੀਂ ਡਿਊਟੀ 'ਤੇ ਜਾਣ ਲੱਗ ਪਵੋਗੇ ਪਰ 2 ਮਹੀਨੇ ਕਿਰਾਏ ਦੇ ਮਕਾਨ ਅਤੇ ਰੋਟੀ ਦੇ ਤੰਗ ਆਉਣ ਪਿੱਛੋਂ ਸਾਡੇ ਦੋਵਾਂ ਲੜਕਿਆਂ ਨੂੰ ਕੋਈ ਨੌਕਰੀ ਨਹੀਂ ਮਿਲੀ ਅਤੇ ਉਹ ਵਾਪਸ ਪਿੰਡ ਆ ਗਏ। ਜਦੋਂ ਅਸੀਂ ਬਲਵਿੰਦਰ ਸਿੰਘ ਨੂੰ ਪੁੱਛਿਆ ਤਾਂ ਪਹਿਲਾਂ ਸਾਨੂੰ ਲਾਰੇ ਲਾ ਕੇ ਕਿਹਾ ਕਿ ਤੁਹਾਡੇ ਪੈਸੇ ਵਾਪਸ ਕਰ ਦੇਵਾਂਗਾ ਪਰ ਹੁਣ ਉਹ ਪੈਸੇ ਵਾਪਸ ਕਰਨ 'ਚ ਆਨਾਕਾਨੀ ਕਰ ਰਿਹਾ ਹੈ ਅਤੇ ਧਮਕੀਆਂ ਵੀ ਦੇ ਰਿਹਾ ਹੈ। ਇਸ ਸਬੰਧੀ ਬਲਵਿੰਦਰ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ। ਪੁਲਸ ਥਾਣਾ ਭਿੰਡੀ ਸੈਦਾਂ ਦੇ ਐੱਸ. ਐੱਚ. ਓ. ਨੇ ਕਿਹਾ ਕਿ ਅਜੀਤ ਸਿੰਘ ਵੱਲੋਂ ਦਰਖਾਸਤ ਮਿਲੀ ਹੈ, ਤਫਤੀਸ਼ ਕਰ ਕੇ ਕਾਰਵਾਈ ਕੀਤੀ ਜਾਵੇਗੀ।


Related News