''ਆਪ'' ਵਿਧਾਇਕ ਕੰਵਰਪਾਲ ਸੰਧੂ ਕੋਲ ਪੁਲਸ ਦੇ ਦਾਅਵਿਆਂ ਖਿਲਾਫ ਕੋਈ ਸਬੂਤ ਹਨ ਤਾਂ ਪੇਸ਼ ਕਰਨ : ਰਾਣਾ ਗੁਰਜੀਤ

11/17/2017 7:36:29 AM

ਜਲੰਧਰ  (ਧਵਨ) - ਪੰਜਾਬ ਦੇ ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਟਾਰਗੇਟ ਕਿਲਿੰਗ ਮਾਮਲੇ ਵਿਚ ਇਕ ਇੰਗਲੈਂਡ ਵਾਸੀ ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ 'ਤੇ ਸ਼ੱਕ ਪ੍ਰਗਟ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੰਵਰਪਾਲ ਸੰਧੂ ਨੂੰ ਸਿਆਸੀ ਤੌਰ 'ਤੇ ਘੇਰਦਿਆਂ ਕਿਹਾ ਕਿ ਜੇਕਰ ਕੰਵਰਪਾਲ ਸੰਧੂ ਕੋਲ ਪੁਲਸ ਦੇ ਦਾਅਵਿਆਂ ਖਿਲਾਫ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰਨ, ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਉਹ ਸਿਆਸੀ ਲਾਭ ਲਈ ਅਜਿਹਾ ਕਰ ਰਹੇ ਹਨ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਕੰਵਰਪਾਲ ਸੰਧੂ ਵੱਲੋਂ ਪੰਜਾਬ ਪੁਲਸ ਦੀ ਬਿਨਾਂ ਕਾਰਨ ਆਲੋਚਨਾ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਟਾਰਗੇਟ ਹੱਤਿਆਵਾਂ ਦੇ ਦੋਸ਼ੀਆਂ, ਜੋ ਪੰਜਾਬ ਵਿਚ ਅੱਤਵਾਦ ਨੂੰ ਹੱਲਾਸ਼ੇਰੀ ਦੇਣਾ ਚਾਹੁੰਦੇ ਸਨ, ਨੂੰ ਕਾਬੂ ਕਰਨ ਦੇ ਮਾਮਲੇ ਨੂੰ ਇਕ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਸੂਬਾ ਪੁਲਸ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਨੀਵਾਂ ਦਿਖਾਉਣ ਲਈ ਅਜਿਹੀ ਬਿਆਨਬਾਜ਼ੀ 'ਆਪ' ਵਿਧਾਇਕ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਧੂ ਅਜਿਹੇ ਬਿਆਨ ਦੇ ਕੇ ਦੇਸ਼ ਵਿਰੋਧੀ ਗੱਲਾਂ ਕਰ ਰਹੇ ਹਨ।
 ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੱਗੀ ਨੇ ਇੰਗਲੈਂਡ ਵਿਚ ਸਥਿਤ ਕੇ. ਐੱਲ. ਐੱਫ. ਦੇ ਕੁਝ ਸਮਰਥਕਾਂ ਨੂੰ ਫੰਡ ਮੁਹੱਈਆ ਕਰਵਾ ਕੇ ਟਾਰਗੇਟ ਹੱਤਿਆਵਾਂ ਵਿਚ ਅਹਿਮ ਭੂਮਿਕਾ ਨਿਭਾਈ ਸੀ ਤੇ ਇਸ ਯੋਜਨਾ ਨੂੰ ਪੰਜਾਬ ਵਿਚ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਜੰਮੂ-ਕਸ਼ਮੀਰ ਤੇ ਪੰਜਾਬ ਵਿਚ ਇਕ ਅੱਤਵਾਦੀ ਮਡਿਊਲ ਬਣਾਉਣ ਲਈ ਹਥਿਆਰਾਂ ਦੀ ਖਰੀਦ ਤੇ ਸਪਲਾਈ ਵਿਚ ਵੀ ਸ਼ਾਮਲ ਰਿਹਾ। ਉਨ੍ਹਾਂ ਕਿਹਾ ਕਿ ਸਿਰਫ ਬਿਆਨਬਾਜ਼ੀ ਨਾਲ ਕੁਝ ਹੋਣ ਵਾਲਾ ਨਹੀਂ।  ਸੰਧੂ ਨੂੰ ਪੰਜਾਬ ਦੀ ਜਨਤਾ ਸਾਹਮਣੇ ਸਬੂਤ ਪੇਸ਼ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਵਿਚ ਹਿੰਦੂ ਆਗੂਆਂ ਤੇ ਆਰ. ਐੱਸ. ਐੱਸ. ਦੇ ਮੈਂਬਰਾਂ ਦੀਆਂ ਹੱਤਿਆਵਾਂ ਕਰਵਾਈਆਂ। ਇਸਦੇ ਪਿੱਛੇ ਪਾਕਿਸਤਾਨੀ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਤੇ ਹੋਰ ਅੱਤਵਾਦੀ ਸੰਗਠਨਾਂ ਦਾ ਵੀ ਹੱਥ ਰਿਹਾ ਹੈ। ਸੰਧੂ ਨੂੰ ਇੰਗਲੈਂਡ ਵਾਸੀ ਜੱਗੀ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇੰਗਲੈਂਡ ਵਾਸੀ ਕੋਈ ਵਿਅਕਤੀ ਭਾਰਤ ਵਿਚ ਵਿਆਹ ਕਰਵਾ ਲੈਂਦਾ ਹੈ ਤਾਂ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਉਹ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੋ ਸਕਦਾ। ਅਸਲ ਵਿਚ ਜੱਗੀ ਨੇ ਵਿਆਹ ਨੂੰ ਅਜਿਹੀਆਂ ਸਰਗਰਮੀਆਂ ਲਈ ਢਾਲ ਬਣਾਇਆ ਹੋਇਆ ਸੀ।


Related News