ਤਰਨਤਾਰਨ 'ਚ ਵੱਡੀ ਵਾਰਦਾਤ, ‘ਆਪ’ ਵਿਧਾਇਕ ਦੇ ਸਰਕਾਰੀ ਦਫ਼ਤਰ 'ਚ ਹੋਈ ਚੋਰੀ

06/15/2024 1:51:33 PM

ਤਰਨਤਾਰਨ(ਰਮਨ)- ਸ਼ਹਿਰ ’ਚ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ, ਜਿਸ ਨੂੰ ਰੋਕਣ ’ਚ ਪੁਲਸ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਿਹਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੌਜੂਦਾ ‘ਆਪ’ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫਤਰ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਉਸ ’ਚੋਂ 4 ਏਅਰ ਕੰਡੀਸ਼ਨਰ, ਅੱਧੀ ਦਰਜਨ ਤੋਂ ਵੱਧ ਪੱਖੇ, 2 ਇਨਵਰਟਰ, ਬੈਟਰੇ, ਬਿਜਲੀ ਦੀਆਂ ਸਾਰੀਆਂ ਤਾਰਾਂ, ਟੂਟੀਆਂ ਅਤੇ ਅਲਮਾਰੀ ’ਚੋਂ ਦਸਤਾਵੇਜ਼ ਚੋਰੀ ਕਰਕੇ ਲੈ ਗਏ।

ਇਸ ਚੋਰੀ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਸ਼ਹਿਰ ’ਚ ਹੋ ਰਹੀਆਂ ਵੱਡੀਆਂ ਵਾਰਦਾਤਾਂ ਨੇ ਸ਼ਹਿਰ ਵਾਸੀਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਜਿਸ ਦੇ ਚੱਲਦਿਆਂ ਵਪਾਰੀ ਦਿਨ ’ਚ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਥਾਣਾ ਸਿਟੀ ਤੋਂ ਕੁਝ ਦੂਰੀ ਉਪਰ ਮੌਜੂਦ ਪੀ.ਡਬਲਯੂ.ਡੀ ਵਿਭਾਗ ਦੇ ਰੈਸਟ ਹਾਊਸ, ਜਿਸ ਨੂੰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਸਰਕਾਰੀ ਦਫਤਰ ਵਜੋਂ ਵਰਤੋਂ ’ਚ ਲਿਆਂਦਾ ਜਾ ਰਿਹਾ ਸੀ, ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪਹਾੜਾਂ 'ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਬੁਰੀ ਤਰ੍ਹਾਂ ਕੁੱਟਮਾਰ, ਪੀੜਤ ਦੀ ਪਤਨੀ ਨੇ ਦੱਸੀ ਸਾਰੀ ਗੱਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਮਾਸਟਰ ਤਸਵੀਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਚੱਲਦਿਆਂ ਇਸ ਸਰਕਾਰੀ ਦਫਤਰ, ਜਿਸ ਨੂੰ ਹਲਕਾ ਤਰਨਤਾਰਨ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਸਬੰਧੀ ਵਰਤੋਂ ’ਚ ਲਿਆਂਦਾ ਜਾਂਦਾ ਸੀ ਨੂੰ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ ਢਾਈ ਮਹੀਨੇ ਤੋਂ ਵੱਧ ਸਮੇਂ ਦੌਰਾਨ ਬੰਦ ਰਹੇ ਇਸ ਦਫਤਰ ਨੂੰ ਅੱਜ ਜਦੋਂ ਉਹ ਖੋਲ੍ਹਣ ਆਏ ਤਾਂ ਦਫਤਰ ਦੇ ਤਾਲੇ ਟੁੱਟੇ ਪਾਏ ਗਏ।

ਇਸ ਸਰਕਾਰੀ ਦਫਤਰ ਅੰਦਰ ਲੱਗੇ ਕਰੀਬ 4 ਏਅਰ ਕੰਡੀਸ਼ਨਰ, ਅੱਧੀ ਦਰਜਨ ਤੋਂ ਵੱਧ ਛੱਤ ਵਾਲੇ ਨਵੇਂ ਪੱਖੇ, 2 ਇਨਵਰਟਰ ਬੈਟਰੇ ਸੈਟ, ਸਾਰੇ ਕਮਰਿਆਂ ਵਿਚ ਹੋਈ ਬਿਜਲੀ ਦੀ ਵਾਇਰਿੰਗ, ਬਾਥਰੂਮਾਂ ਵਿਚ ਲੱਗੀਆਂ ਸਾਰੀਆਂ ਟੂਟੀਆਂ ਅਤੇ ਅਲਮਾਰੀ ਵਿਚ ਪਏ ਵੱਖ ਵੱਖ ਕਿਸਮ ਦੇ ਦਸਤਾਵੇਜ਼ ਚੋਰੀ ਕਰ ਲਏ ਗਏ ਹਨ। ਮਾਸਟਰ ਤਸਵੀਰ ਸਿੰਘ ਨੇ ਇਸ ਚੋਰੀ ਸਬੰਧੀ ਪੁਲਸ ਪ੍ਰਸ਼ਾਸਨ ਉਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹੋਏ ਦੱਸਿਆ ਕਿ ਥਾਣੇ ਤੋਂ ਕਰੀਬ 150 ਗਜ ਦੂਰ ਚੋਰੀ ਹੋਣਾ ਪੁਲਸ ਦੀ ਨਾਲਾਇਕੀ ਸਾਬਤ ਕਰਦਾ ਹੈ।

ਇਹ ਵੀ ਪੜ੍ਹੋ-  ਅੱਜ ਤੋਂ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੇਣ ਲਈ ਤਿਆਰੀ ਮੁਕੰਮਲ

ਮਾਸਟਰ ਤਸਵੀਰ ਸਿੰਘ ਨੇ ਦੱਸਿਆ ਕਿ ਇਸ ਹੋਈ ਚੋਰੀ ਸਬੰਧੀ ਸ਼ਿਕਾਇਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਮੌਕਾ ਵੇਖਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਤਰਸੇਮ ਮਸੀਹ ਨੇ ਦੱਸਿਆ ਕਿ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫਤਰ ’ਚ ਹੋਈ ਚੋਰੀ ਸਬੰਧੀ ਪੁਲਸ ਵੱਲੋਂ ਵੱਖ-ਵੱਖ ਐਂਗਲਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪੁਲਸ ਵੱਲੋਂ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ।

ਪੁਲਸ ਦੀ ਨਾਲਾਇਕੀ ਆਈ ਸਾਹਮਣੇ : ਵਿਧਾਇਕ ਸੋਹਲ

ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ਹਿਰ ’ਚ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਬਹੁਤ ਨਿੰਦਨਯੋਗ ਹੈ, ਜਿਸ ਨੂੰ ਸੁਧਾਰਨ ਲਈ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਡਾਕਟਰ ਸੋਹਲ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਤੋਂ ਕੁਝ ਕਦਮਾਂ ਦੀ ਦੂਰੀ ਉਪਰ ਮੌਜੂਦ ਸਰਕਾਰੀ ਦਫਤਰ ’ਚ ਚੋਰਾਂ ਵੱਲੋਂ ਕੀਤੀ ਗਈ ਚੋਰੀ ਨੇ ਪੁਲਸ ਦੀ ਨਾਲਾਇਕੀ ਸਾਬਤ ਕੀਤੀ ਹੈ। ਇਸ ਸਬੰਧੀ ਉਹ ਡੀ. ਜੀ. ਪੀ. ਪੰਜਾਬ ਨਾਲ ਜ਼ਰੂਰ ਗੱਲ ਕਰਨਗੇ।

ਇਹ ਵੀ ਪੜ੍ਹੋ- ਔਰਤਾਂ ਦੇ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਯੋਜਨਾ, ਜਾਣੋ ਕਿਸ ਨੂੰ ਮਿਲੇਗਾ ਲਾਭ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Shivani Bassan

Content Editor

Related News