ICAI ਪ੍ਰੀਖਿਆ : ਮਹਾਨਗਰ ਦੇ 40 ਨੌਜਵਾਨ ਬਣੇ ਚਾਰਟਰਡ ਅਕਾਊਂਟੈਂਟ
Friday, Jan 17, 2020 - 11:27 AM (IST)
ਜਲੰਧਰ (ਵਿਨੀਤ ਜੋਸ਼ੀ) - 'ਦਿ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ' (ਆਈ. ਸੀ. ਏ. ਆਈ.) ਵਲੋਂ ਨਵੰਬਰ 2019 'ਚ ਲਈ ਗਈ ਸੀ. ਏ. ਫਾਈਨਲ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਨਤੀਜੇ 'ਚ ਜਲੰਧਰ ਭਰ ਤੋਂ ਪ੍ਰੀਖਿਆ ਦੇਣ ਵਾਲੇ ਸਟੂਡੈਂਟਸ 'ਚੋਂ 40 ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਐਲਾਨੇ ਨਤੀਜੇ ਮਗਰੋਂ ਸੀ. ਏ. ਬਣੇ ਨੌਜਵਾਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਇਸ ਵਾਰ ਵੀ ਆਪਣੀ ਪਹਿਲੀ ਕੋਸ਼ਿਸ਼ 'ਚ ਆਪਣੇ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਦੀ ਖੁਸ਼ੀ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਸਾਫ ਦਿਖਾਈ ਦੇ ਰਹੀ ਸੀ। ਵਿਦਿਆਰਥੀਆਂ ਦੇ ਮਾਪਿਆਂ ਤੇ ਗਾਈਡਸ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ।
ਦੱਸ ਦੇਈਏ ਕਿ ਇਸ ਦੌਰਾਨ ਜੇਕਰ ਪਿਛਲੀ ਵਾਰ ਦਾ ਨਤੀਜਾ ਦੇਖਿਆ ਜਾਵੇ ਤਾਂ ਉਸ ਸਮੇਂ ਦੀਪਕ ਮਿੱਤਲ ਨੇ ਸਭ ਤੋਂ ਜ਼ਿਆਦਾ 525/800 ਅਤੇ ਸਹਿਰ ਆਹੂਜਾ ਨੇ 507/800 ਅੰਕ ਹਾਸਲ ਕਰ ਕੇ ਸਫਲਤਾ ਪਾਈ ਸੀ। ਉਸ ਤੋਂ ਇਲਾਵਾ ਇਸ ਵਾਰ ਦੇ ਐਲਾਨ ਕੀਤੇ ਨਤੀਜੇ 'ਚ ਕੋਈ ਵੀ ਉਮੀਦਵਾਰ 500 ਦੇ ਅੰਕੜੇ ਤੱਕ ਵੀ ਨਾ ਪਹੁੰਚ ਸਕਿਆ।
ਪ੍ਰੋਫੈਸ਼ਨਲ ਪ੍ਰੈਕਟਿਸ, ਬੈਂਕਿੰਗ ਅਤੇ ਅਕਾਊਂਟਿੰਗ ਸੈਕਟਰ 'ਚ ਸੰਭਾਵਨਾਵਾਂ
ਆਈ. ਸੀ. ਏ. ਆਈ. (ਜਲੰਧਰ ਬ੍ਰਾਂਚ) ਦੇ ਚੇਅਰਮੈਨ ਸੀ. ਏ. ਉਮੇਸ਼ ਦਾਦਾ ਨੇ ਨਵੇਂ ਚਾਰਟਰਡ ਅਕਾਊਂਟੈਟ ਬਣੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਸੀ. ਏ. ਬਣ ਕੇ ਸਟੂਡੈਂਟਸ ਆਪਣੀ ਪ੍ਰੋਫੈਸ਼ਨਲ ਪ੍ਰੈਕਟਿਸ ਕਰ ਸਕਦੇ ਹਨ। ਇਸ ਤੋਂ ਇਲਾਵਾ ਅਕਾਊਂਟਿੰਗ ਸੈਕਟਰ ਅਤੇ ਬੈਂਕਿੰਗ ਸੈਕਟਰ 'ਚ ਉਨ੍ਹਾਂ ਲਈ ਜੌਬ ਦੀਆਂ ਕਾਫੀ ਜ਼ਿਆਦਾ ਸੰਭਾਵਨਾਵਾਂ ਮੌਜੂਦ ਹਨ। ਉਮੇਸ਼ ਨੇ ਦੱਸਿਆ ਕਿ 1 ਜੁਲਾਈ, 2017 ਤੋਂ ਜੀ. ਐੱਸ. ਟੀ. ਟੈਕਸ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਹੀ ਚਾਰਟਰਡ ਅਕਾਊਂਟੈਂਟਸ ਦੀ ਭਾਰੀ ਮੰਗ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਨਵੇਂ ਬਣੇ ਸੀ. ਏਜ਼ ਨੂੰ ਕਾਫੀ ਲਾਭ ਮਿਲੇਗਾ।