ਕੈਪਟਨ ਦਾ ਸਿੱਧੂ ''ਤੇ ਹਮਲਾ, ਕਿਹਾ- ਡਰਾਮਾ ਮਾਸਟਰ ਨੂੰ ਨਹੀਂ ਬਣਨ ਦਿਆਂਗਾ CM
Wednesday, Sep 22, 2021 - 10:27 PM (IST)
 
            
            ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਵਿੱਨ੍ਹਿਆ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਸਿੱਧੂ 'ਤੇ ਹਮਲਾ ਕੀਤਾ ਹੈ। ਕੈਪਟਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਸੁਪਰ ਸੀ.ਐਮ. ਵਰਗਾ ਵਿਵਹਾਰ ਕਰ ਰਹੇ ਹਨ, ਜਦੋਂ ਕਿ ਇਸ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਕਮਜ਼ੋਰ ਹੋ ਰਹੀ ਹੈ। ਸਿੱਧੂ ਨੂੰ ਡਰਾਮਾ ਮਾਸਟਰ ਦੱਸਦਿਆਂ ਕੈਪਟਨ ਨੇ ਕਿਹਾ ਕਿ ਇਸ ਡਰਾਮਾ ਮਾਸਟਰ ਦੀ ਅਗਵਾਈ ਵਿੱਚ ਕਾਂਗਰਸ ਲਈ ਪੰਜਾਬ ਚੋਣਾਂ ਵਿੱਚ ਦੋਹਰੇ ਅੰਕੜੇ ਨੂੰ ਛੂਹਣਾ ਵੱਡੀ ਗੱਲ ਹੋਵੇਗੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਪੰਜ ਮਹਾ-ਦਾਗ਼ੀ ਮੰਤਰੀਆਂ ’ਤੇ ਮੁਕੱਦਮੇ ਦਰਜ ਕਰਵਾ ਕੇ ਸਲਾਖ਼ਾਂ ਪਿੱਛੇ ਸੁੱਟਣ : ਹਰਪਾਲ ਚੀਮਾ
ਉਨ੍ਹਾਂ ਲਿਖਿਆ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੇ ਵਿਰੁੱਧ ਇੱਕ ਮਜ਼ਬੂਤ ਵਿਅਕਤੀ ਨੂੰ ਮੈਦਾਨ ਵਿੱਚ ਉਤਾਰਨਗੇ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ। ਸ਼ੱਕ ਹੈ ਕਿ ਉਨ੍ਹਾਂ ਨੇ ਸਿੱਧੂ ਦੇ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹੇ ਕਰਨ ਦੀ ਗੱਲ ਕਹੀ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਉਨ੍ਹਾਂ ਦੇ ਬੱਚਿਆਂ ਵਰਗੇ ਹਨ, ਉਨ੍ਹਾਂ ਨੂੰ ਮੇਰੇ ਨਾਲ ਅਜਿਹਾ ਸਲੂਕ ਨਹੀਂ ਕਰਨਾ ਚਾਹੀਦਾ ਸੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਇਸ ਹਰਕਤ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਬੱਚਿਆਂ ਨੂੰ ਜ਼ਿਆਦਾ ਤਜ਼ਰਬਾ ਨਹੀਂ ਹੈ ਅਤੇ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਅਪੀਲ, ਕਿਹਾ-ਨਰਮੇ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਿਰਦਾਵਰੀ ਦੇ ਦੇਣ ਹੁਕਮ
ਕੈਪਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਰੀਬ ਤਿੰਨ ਹਫਤੇ ਪਹਿਲਾਂ ਸੋਨੀਆ ਗਾਂਧੀ ਨਾਲ ਗੱਲ ਕੀਤੀ ਸੀ ਅਤੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਪਰ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਸੀ। ਕੈਪਟਨ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਮੈਨੂੰ ਬੁਲਾ ਕੇ ਅਸਤੀਫਾ ਦੇਣ ਲਈ ਕਿਹਾ ਹੁੰਦਾ ਤਾਂ ਉਹ ਅਸਤੀਫਾ ਦੇ ਦਿੰਦੇ। ਉਨ੍ਹਾਂ ਕਿਹਾ ਕਿ ਉਹ ਇਹ ਕਦਮ ਇੱਕ ਸਿਪਾਹੀ ਵਾਂਗ ਚੁੱਕਦੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            