ਮੈਂ ਕਦੇ ਸਿਰਸਾ ਡੇਰੇ ਕੋਲ ਦੀ ਵੀ ਨਹੀਂ ਲੰਘਿਆ: ਲੋਂਗੋਵਾਲ

12/02/2017 7:44:13 PM

ਬੁਢਲਾਡਾ (ਮਨਜੀਤ)- ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੋਜਵਾਨਾਂ ਨੂੰ ਸਿੱਖੀ ਸਰੂਪ ’ਚ ਲਿਆਉਣ ਲਈ ਵੱਡੀ ਪੱਧਰ ’ਤੇ ਮੁੰਹਿਮ ਵਿੱਢੀ ਜਾਵੇਗੀ ਤਾਂ ਕਿ ਪੰਜਾਬ ਦਾ ਨੋਜਵਾਨ ਗੁਰੂਆਂ ਦੇ ਦਰਸਾਏ ਰਸਤੇ ’ਤੇ ਚੱਲ ਕੇ ਦੇਸ਼ ਅਤੇ ਕੌਮ ਦੀ ਸੇਵਾ ਕਰ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਹਰਗੋਬਿੰਦ ਸਿੰਘ ਲੋਂਗੋਵਾਲ ਨੇ ਅੱਜ ਪਲੇਠੀ ਫੇਰੀ ਦੌਰਾਨ ਪਿੰਡ ਬੋੜਾਵਾਲ ਵਿਖੇ ਆਪਣੀ ਭੈਣ ਜਸਵਿੰਦਰ ਕੋਰ ਬੋੜਾਵਾਲ ਦੀ ਸਿਹਤ ਦਾ ਹਾਲ ਪੁੱਛਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਮੇਟੀ ਮੈਂਬਰਾਂ ਵੱਲੋਂ ਜੋ ਦਾਸ ਨੂੰ ਸੇਵਾ ਬਖਸ਼ੀ ਗਈ ਹੈ ਉਹ ਦਾਸ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵੇਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਕਦੇ ਵੀ ਸਿਰਸੇ ਡੇਰੇ ਅਤੇ ਪ੍ਰੇਮੀਆਂ ਦੇ ਸਮਾਗਮ ’ਚ ਨਹੀਂ ਗਏ, ਪਰ ਚੋਣਾਂ ਦੌਰਾਨ ਜੇ ਪ੍ਰੇਮੀਆਂ ਤੋਂ ਵੋਟ ਮੰਗਣ ਦੇ ਪਏ ਰਾਮ ਰੋਲੇ ਤੇ ਨਿਮਾਣੇ ਸਿੱਖ ਵਜੋਂ ਸਿੱਖ ਕੋਮ ਦੀ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਗੇ ਪੇਸ਼ ਹੋ ਕੇ ਪੂਰੀ ਚੋਣ ਮੁੰਹਿਮ ਦੀ ਪ੍ਰਕਿਰਿਆ ਜਥੇਦਾਰਾਂ ਸਾਹਮਣੇ ਰੱਖ ਦਿੱਤੀ ਸੀ, ਜਿਸ ਦੀ ਜਥੇਦਾਰਾਂ ਵੱਲੋਂ ਮਿਲੇ ਹੁਕਮ ਦੀ ਪਾਲਣਾ ਕੀਤੀ ਜਾ ਚੁੱਕੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੀ ਪ੍ਰਕਿਰਿਆ ਵਿੱਚ ਲੋਂਗੋਵਾਲ ਨੇ ਕਿਹਾ ਕਿ ਅਬਜੈਕਟਿਵ ਕਮੇਟੀ ਦੀ ਹੋਣ ਵਾਲੀ ਮੀਟਿੰਗ ’ਚ ਭਾਈ-ਭਤੀਜਾ ਵਿਵਾਦ ਨਾਲ ਸੰਬੰਧਿਤ ਨਿਯੁਕਤੀਆਂ ਅਤੇ ਫਰਜ਼ੀ ਡਿਗਰੀਆਂ ’ਤੇ ਵੀ ਪਹਿਲ ਦੇ ਅਧਾਰ ’ਤੇ ਗੌਰ ਕਰਾਂਗੇ। ਉਨ੍ਹਾਂ ਅਖੀਰ ਵਿੱਚ ਸਿੱਖ ਕੋਮ ਨੂੰ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸਿੱਖੀ ਦਾ ਪ੍ਰਚਾਰ ਤਨਦੇਹੀ ਨਾਲ ਕਰਨ ਤਾਂ ਕਿ ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਤੋਰਿਆ ਜਾ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਭੈਣ ਜਸਵਿੰਦਰ ਕੋਰ, ਗੁਰਨਾਮ ਸਿੰਘ ਯੂਥ ਆਗੂ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਸ਼੍ਰੋਮਣੀ ਕਮੇਟੀ ਦੇ ਸੈਕਟਰੀ ਵਿਜੇ ਸਿੰਘ, ਨਵਇੰਦਰ ਸਿੰਘ ਲੋਂਗੋਵਾਲ, ਏ.ਡੀ.ਸੀ. ਗੁਰਵਿੰਦਰ ਸਿੰਘ ਸਰਾਓਂ, ਸਾਬਕਾ ਸਰਪੰਚ ਕੁਲਦੀਪ ਸਿੰਘ, ਜਥੇਦਾਰ ਬਿੱਕਰ ਸਿੰਘ, ਯੂਥ ਆਗੂ ਜਸਵੀਰ ਸਿੰਘ, ਬਲਰਾਜ ਸਿੰਘ ਧਲੇਵਾਂ, ਸਰਪੰਚ ਸੂਰਤਾ ਸਿੰਘ ਬੋੜਾਵਾਲ, ਡਾ: ਗੁਰਲਾਲ ਸਿੰਘ ਧਲੇਵਾਂ, ਉਦੈ ਸਿੰਘ ਲੋਂਗੋਵਾਲ ਆਦਿ ਤੋਂ ਇਲਾਵਾ ਪਰਿਵਾਰ ਵੱਲੋਂ ਪ੍ਰਧਾਨ ਬਣਨ ਤੇ ਗ੍ਰਹਿ ਵਿਖੇ ਸਨਮਾਨ ਕੀਤਾ।


Related News