ਲੁਧਿਆਣੇ ਦੀ ਪੂਜਾ ਨੇ 4 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਬ੍ਰੇਨ ਡੈੱਡ ਹੋਣ ਮਗਰੋਂ ਲੋੜਵੰਦਾਂ ਨੂੰ ਦਿੱਤੇ ਗਏ ਅੰਗ
Monday, Jul 01, 2024 - 01:58 PM (IST)
ਚੰਡੀਗੜ੍ਹ (ਪਾਲ) : ਪੀ. ਜੀ. ਆਈ. ’ਚ ਬ੍ਰੇਨ ਡੈੱਡ ਔਰਤ ਦੀ ਬਦੌਲਤ ਚਾਰ ਜਣਿਆਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਲੁਧਿਆਣਾ ਵਾਸੀ ਪੂਜਾ ਅਰੋੜਾ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਦੋਵੇਂ ਗੁਰਦੇ ਤੇ ਦੋਵੇਂ ਕੋਰਨੀਆ ਦਾਨ ਹੋਏ। ਪੀ. ਜੀ. ਆਈ ’ਚ ਹੀ ਚਾਰ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤਾ ਗਿਆ। 18 ਜੂਨ ਨੂੰ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਈ ਪੂਜਾ ਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ। ਇਲਾਜ ਦੇ ਬਾਵਜੂਦ ਉਸ ਦੀ ਹਾਲਤ ’ਚ ਸੁਧਾਰ ਨਾ ਹੋਇਆ ਤਾਂ ਡਾਕਟਰਾਂ ਨੇ 26 ਨੂੰ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ।
ਇਸ ਤੋਂ ਬਾਅਦ ਟਰਾਂਸਪਲਾਂਟ ਕੋਆਰਡੀਨੇਟਰ ਨੇ ਪਰਿਵਾਰ ਨੂੰ ਅੰਗ ਦਾਨ ਕਰਨ ਲਈ ਕਿਹਾ। ਪੂਜਾ ਦੇ ਪਤੀ ਜਗਦੀਸ਼ ਅਰੋੜਾ ਨੇ ਦੁੱਖ ਦੀ ਘੜੀ ’ਚ ਹਿੰਮਤ ਦਿਖਾਈ ਤੇ ਆਪਣੀ ਪਤਨੀ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ। ਜਗਦੀਸ਼ ਅਨੁਸਾਰ ਇਹ ਇਕ ਮੁਸ਼ਕਲ ਫ਼ੈਸਲਾ ਸੀ ਪਰ ਲੱਗਦਾ ਹੈ ਕਿ ਇਹ ਸਹੀ ਸੀ।
ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਪਲ ਆਪਣੀ ਮਾਂ ਦੀ ਯਾਦ ਆਵੇਗੀ। ਉਨ੍ਹ ਦੀ ਥਾਂ ਕੋਈ ਨਹੀਂ ਲੈ ਸਕਦਾ। ਉਹ ਬਹੁਤ ਦਿਆਲੂ ਸੀ ਅਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਦੀ ਸੀ। ਦੁਨੀਆ ਤੋਂ ਜਾਂਦੇ-ਜਾਂਦੇ ਵੀ ਲੋਕਾਂ ਦੀ ਮਦਦ ਕੀਤੀ। ਪਰਿਵਾਰ ਤੋਂ ਸਹਿਮਤੀ ਲੈਣ ਤੋਂ ਬਾਅਦ ਦੋਵੇਂ ਗੁਰਦਿਆਂ, ਪੈਨਕ੍ਰਿਆਜ਼ ਤੇ ਕੋਰਨੀਆ ਲਈ ਮੇਲ ਖਾਂਦੇ ਪ੍ਰਾਪਤ ਕਰਤਾਵਾਂ ਦੀ ਖੋਜ ਕੀਤੀ ਗਈ। ਰਾਜਸਥਾਨ ਦੇ ਇਕ 23 ਸਾਲਾ ਨੌਜਵਾਨ ਅਤੇ ਮੰਡੀ ਦੇ ਇਕ 25 ਸਾਲਾ ਨੌਜਵਾਨ ਨੂੰ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਜਦਕਿ ਪੀ. ਜੀ. ਆਈ. ’ਚ ਹੀ ਦੋਵੇਂ ਕੋਰਨੀਆ ਟਰਾਂਸਪਲਾਂਟ ਕੀਤੇ ਗਏ।