ਨਹਿਰ 'ਚ ਕਾਰ ਡਿੱਗਣ ਕਾਰਨ ਜੋੜੇ ਦੀ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ
Monday, Jun 15, 2020 - 11:13 AM (IST)
ਖਨੌਰੀ (ਪੁਜਾਰੀ)— ਪੁਲਸ ਥਾਣਾ ਖਨੌਰੀ ਅਧੀਨ ਪੈਂਦੇ ਨਜ਼ਦੀਕੀ ਪਿੰਡ ਚੱਠਾ ਗੋਬਿੰਦਪੁਰਾ ਵਿਖੇ ਕਾਰ ਭਾਖੜਾ ਨਹਿਰ 'ਚ ਡਿੱਗ ਜਾਣ ਪਤੀ-ਪਤਨੀ ਦੀ ਮੌਤ ਹੋ ਗਈ। ਦੋਹਾਂ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ। ਸਹਾਇਕ ਥਾਣੇਦਾਰ ਤਰਸੇਮ ਲਾਲ ਅਤੇ ਐੱਸ. ਐੱਚ. ਓ.ਖਨੌਰੀ ਇੰਸਪੈਕਟਰ ਹਾਕਮ ਸਿੰਘ ਦੇ ਦੱਸਣ ਅਨੁਸਾਰ ਸਥਾਨਕ ਵਾਰਡ ਨੰਬਰ. 13 ਵਾਸੀ ਰਾਗਵ (27) ਪੁੱਤਰ ਸੁਸ਼ੀਲ ਕੁਮਾਰ ਆਪਣੀ ਪਤਨੀ ਰਿੰਪੀ (25) ਪੁੱਤਰੀ ਸ਼ਾਮ ਲਾਲ ਨਾਲ ਕਾਰ 'ਚ ਹਰਿਆਣਾ ਦੇ ਕਸਬਾ ਟੋਹਾਣਾ ਦੇ ਮਾਲਵਾ ਹਸਪਤਾਲ ਤੋਂ ਆਪਣੀ ਪਤਨੀ ਦੀ ਦਵਾਈ ਲੈਣ ਜਾ ਰਿਹਾ ਸੀ ਕਿ ਜਦੋਂ ਕਾਰ ਪੁਲ ਭਾਖੜਾ ਨਹਿਰ ਪਿੰਡ ਚੱਠਾ ਗੋਬਿੰਦਪੁਰਾ ਨੇੜੇ ਪਹੁੰਚੀ ਤਾਂ ਅਚਾਨਕ ਕਾਰ ਦਾ ਐਕਸਲ ਟੁੱਟ ਜਾਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਭਾਖੜਾ ਨਹਿਰ 'ਚ ਜਾ ਡਿੱਗੀ।
ਇਸ ਦੌਰਾਨ ਉੱਥੇ ਮੌਜੂਦ ਚੱਠਾ ਗੋਬਿੰਦਪੁਰਾ ਦੇ ਕੁਝ ਨੌਜਵਾਨਾਂ ਨੇ ਤੁਰੰਤ ਨਹਿਰ 'ਚ ਛਾਲ ਮਾਰ ਦਿੱਤੀ ਅਤੇ ਕਾਰ 'ਚ ਸਵਾਰ ਰਿੰਪੀ ਨੂੰ ਬਾਹਰ ਕੱਢ ਲਿਆ ਪਰ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਉਸ ਦਾ ਪਤੀ ਰਾਗਵ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਐੱਸ. ਐੱਚ. ਓ. ਦੀ ਅਗਵਾਈ 'ਚ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਈ ਅਤੇ ਕਾਰ ਨੂੰ ਭਾਖੜਾ ਨਹਿਰ 'ਚੋਂ ਬਾਹਰ ਕਢਵਾਇਆ।
ਐੱਸ. ਐੱਚ. ਓ. ਖਨੌਰੀ ਨੇ ਦੱਸਿਆ ਕਿ ਰਾਗਵ ਦੇ ਪਿਤਾ ਸੁਸ਼ੀਲ ਕੁਮਾਰ ਦੇ ਬਿਆਨ 'ਤੇ 174 ਦੀ ਕਾਰਵਾਈ ਕਰਕੇ ਰਿੰਪੀ ਦੀ ਲਾਸ਼ ਸਰਕਾਰੀ ਹਸਪਤਾਲ ਮੂਨਕ ਵਿਖੇ ਭੇਜ ਦਿੱਤੀ ਗਈ ਹੈ, ਜੋ ਸੋਮਵਾਰ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ, ਜਦਕਿ ਰਾਗਵ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰਾਗਵ ਖਨੌਰੀ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਸੀ।