ਖੇਤਾਂ ’ਚ ਚਰੀ ਵੱਢਣ ਗਏ ਪਤੀ-ਪਤਨੀ ’ਤੇ ਜਾਨਲੇਵਾ ਹਮਲਾ ਹਮਲਾਵਰਾਂ ਕਿਹਾ-ਤੂੰ ਰੰਗਰਲੀਆਂ ਮਨਾਉਣ ਆਇਐਂ

Friday, Aug 03, 2018 - 04:00 AM (IST)

ਖੇਤਾਂ ’ਚ ਚਰੀ ਵੱਢਣ ਗਏ ਪਤੀ-ਪਤਨੀ ’ਤੇ ਜਾਨਲੇਵਾ ਹਮਲਾ ਹਮਲਾਵਰਾਂ ਕਿਹਾ-ਤੂੰ ਰੰਗਰਲੀਆਂ ਮਨਾਉਣ ਆਇਐਂ

 ਖਰਡ਼,   (ਅਮਰਦੀਪ)-  ਨਗਰ ਕੌਂਸਲ ਖਰਡ਼ ਅਧੀਨ ਪੈਂਦੇ ਪਿੰਡ ਹਰਲਾਲਪੁਰਾ ਵਿਖੇ ਇਕ ਪਤੀ-ਪਤਨੀ ’ਤੇ ਕੁਝ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ  ਤੇ ਕਿਹਾ  ਕਿ ਉਹ ਖੇਤਾਂ ਵਿਚ ਕਿਸੇ ਪਰਾਈ ਅੌਰਤ ਨੂੰ ਲੈ ਕੇ ਰੰਗਰਲੀਆਂ ਮਨਾਉਣ ਆਇਆ ਹੈ।  
ਸਿਵਲ ਹਸਪਤਾਲ ਖਰਡ਼ ਵਿਖੇ ਜ਼ੇਰੇ ਇਲਾਜ ਜਗਦੀਸ਼ ਸਿੰਘ ਗੋਲੀ ਪੁੱਤਰ ਧਨੀ ਰਾਮ ਵਾਸੀ ਪਿੰਡ ਫਤਿਹਉਲਾਪੁਰ ਨੇ ਦੱਸਿਆ ਕਿ ਉਸ ਨੇ ਪਿੰਡ ਹਰਲਾਲਪੁਰ ਵਿਖੇ ਕਿਸਾਨ ਦਰਸ਼ਨ ਸਿੰਘ ਦੀ ਜ਼ਮੀਨ ਠੇਕੇ ’ਤੇ ਲੈ ਕੇ ਚਰੀ ਬੀਜੀ ਹੋਈ ਹੈ ਤੇ ਜਦੋਂ 1 ਅਗਸਤ ਦੀ ਸ਼ਾਮ ਨੂੰ ਉਹ ਆਪਣੀ ਪਤਨੀ ਕਰਮਜੀਤ ਕੌਰ ਨਾਲ ਚਰੀ ਵੱਢਣ ਲਈ ਗਿਆ ਤਾਂ ਉਥੇ ਖਡ਼੍ਹੇ  5 ਵਿਅਕਤੀਆਂ ਨੇ ਉਨ੍ਹਾਂ  ਨੂੰ ਗਾਲ੍ਹਾਂ  ਕੱਢਣੀਅਾਂ  ਸ਼ੁਰੂ ਕਰ ਦਿੱਤੀਅਾਂ ਤੇ ਕਿਹਾ ਕਿ ਤੂੰ ਇਸ ਅੌਰਤ ਨੂੰ ਰੰਗਰਲੀਅਾਂ ਮਨਾਉਣ ਲਈ ਚਰੀ ਦੇ ਖੇਤਾਂ ਵੱਲ ਲੈ ਕੇ ਜਾ ਰਿਹਾ ਹੈ।
ਵਾਰ-ਵਾਰ ਕਹਿਣ ’ਤੇ ਕਿ ਉਸ ਦੇ ਨਾਲ ਕੋਈ ਪਰਾਈ ਅੌਰਤ ਨਹੀਂ ਬਲਕਿ ਉਸ ਦੀ ਹੀ ਪਤਨੀ ਹੈ ਪਰ ਉਹ ਨਾ ਮੰਨੇ ਤੇ ਸ਼ਰਾਬ ਦੇ ਨਸ਼ੇ ਵਿਚ ਉਸ ਦੀ ਪਤਨੀ ਨੂੰ ਧੂਹ ਕੇ ਲੈ ਗਏ ਤੇ ਉਸ ਦੇ ਕੱਪਡ਼ੇ ਪਾਡ਼ ਦਿੱਤੇ। ਜਦੋਂ ਉਹ ਆਪਣੀ ਪਤਨੀ ਨੂੰ ਬਚਾਉਣ ਲੱਗਾ ਤਾਂ ਉਨ੍ਹਾਂ ਨੇ ਉਸ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਕੇ ਉਸ ਦੇ ਨੱਕ ਦੀ ਹੱਡੀ ਤੋਡ਼ ਦਿੱਤੀ  ਤੇ ਉਸ ਦੀ ਪਤਨੀ ਦੀ ਵੀ ਕੁੱਟ-ਮਾਰ ਕੀਤੀ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਨਾਲ ਵਾਲੇ ਖੇਤਾਂ ਵਿਚ ਕੰਮ ਕਰਦੇ ਕੁਝ ਵਿਅਕਤੀ ਆਏ ਤੇ ਉਨ੍ਹਾਂ ਨੂੰ ਵੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। 
ਪੀਡ਼ਤ ਨੇ ਦੱਸਿਆ ਕਿ ਉਹ ਹਮਲਾਵਰਾਂ  ਵਿਚ ਪਿੰਡ ਹਰਲਾਲਪੁਰ ਦੇ ਗੁਰਦੀਪ ਸਿੰਘ, ਗਗਨਦੀਪ ਸਿੰਘ, ਅਮਨਦੀਪ ਸਿੰਘ ਤੇ ਹੋਰ ਦੋ-ਤਿੰਨ ਅਣਪਛਾਤੇ ਵਿਅਕਤੀ ਸ਼ਾਮਲ ਸਨ। ਅੱਜ ਥਾਣਾ ਸਦਰ ਦੇ ਏ. ਐੱਸ. ਆਈ. ਹਰਪਾਲ ਸਿੰਘ ਨੇ ਜ਼ਖਮੀ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਸੰਪਰਕ ਕਰਨ ’ਤੇ ਪਿੰਡ ਦੇ ਵਸਨੀਕ ਗਗਨਦੀਪ ਸਿੰਘ, ਗੁਰਦੀਪ ਸਿੰਘ ਤੇ ਮਨਦੀਪ ਸਿੰਘ ਨੇ ਦੱਸਿਆ ਕਿ ਅਕਸਰ ਖੇਤਾਂ ਵਿਚ ਉਕਤ ਵਿਕਅਤੀ ਪਰਾਈਆਂ ਅੌਰਤਾਂ ਲੈ ਕੇ ਆਉਂਦਾ ਸੀ ਤੇ ਉਸ ਨੂੰ ਪਹਿਲਾਂ ਵੀ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਸੀ ਕਿਉਂਕਿ ਪਿੰਡ ਦਾ ਮਾਹੌਲ ਖਰਾਬ ਹੋ ਰਿਹਾ ਸੀ। ਅੱਜ ਜਦੋਂ ਉਹ ਇਕ ਅੌਰਤ ਨਾਲ ਆ ਰਿਹਾ ਸੀ ਤਾਂ ਉਨ੍ਹਾਂ ਨੂੰ ਨਹੀਂ ਸੀ ਪਤਾ ਸੀ ਕਿ ਉਹ ਉਸ ਦੀ ਪਤਨੀ ਹੈ। ਉਸ ਨੂੰ ਖੇਤਾਂ ਵਿਚੋਂ ਜਾਣ ਲਈ ਕਿਹਾ ਤਾਂ ਉਹ ਡਰਦੇ ਮਾਰੇ ਜਦੋਂ ਭੱਜਿਆ ਤਾਂ ਖੇਤਾਂ ਵਿਚ ਹੀ ਉਹ ਸਿਰ ਭਾਰ ਡਿੱਗ ਪਿਆ। ਉਨ੍ਹਾਂ ਉਸ ’ਤੇ ਕੋਈ ਹਮਲਾ ਨਹੀਂ ਕੀਤਾ। ਜੋ ਕੁੱਟ-ਮਾਰ ਦੇ ਇਲਜ਼ਾਮ ਲਾਏ ਜਾ ਰਹੇ ਹਨ, ਬੇਬੁਨਿਆਦ ਹਨ। 
 


Related News