ਅੰਮ੍ਰਿਤਸਰ : ਸੁਪਾਰੀ ਦੇ ਕਰਵਾਇਆ ਦੁਬਈ ਤੋਂ ਪਰਤੇ ਪਤੀ ਦਾ ਕਤਲ, ਪਤਨੀ ਸਣੇ 3 ਗ੍ਰਿਫ਼ਤਾਰ

Sunday, Jun 12, 2022 - 10:52 PM (IST)

ਅੰਮ੍ਰਿਤਸਰ (ਜਸ਼ਨ)-ਜ਼ਿਲ੍ਹਾ ਸ਼ਹਿਰੀ ਪੁਲਸ ਅਧੀਨ ਪੈਂਦੇ ਥਾਣਾ ਛੇਹਰਟਾ ਦੀ ਪੁਲਸ ਨੇ ਹਰਿਕ੍ਰਿਸ਼ਨ ਨਗਰ ’ਚ ਐਤਵਾਰ ਤੜਕੇ 3:15 ਵਜੇ ਹੋਏ ਅੰਨ੍ਹੇ ਕਤਲ ਨੂੰ ਸਿਰਫ਼ 12 ਘੰਟਿਆਂ ’ਚ ਹੀ ਟ੍ਰੇਸ ਕਰ ਲਿਆ ਹੈ। ਇਸ ਗੋਲੀਬਾਰੀ ਦੌਰਾਨ ਕੁਝ ਦਿਨ ਪਹਿਲਾਂ ਦੁਬਈ ਤੋਂ ਆਏ ਟਰੱਕ ਡਰਾਈਵਰ ਹਰਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਅੰਨ੍ਹੇ ਕਤਲ ਦੀ ਮਾਸਟਰ ਮਾਈਂਡ ਹਰਮਿੰਦਰ ਸਿੰਘ ਦੀ ਕਲਯੁੱਗੀ ਪਤਨੀ ਸਤਨਾਮ ਕੌਰ ਹੀ ਨਿਕਲੀ, ਜਿਸ ਨੇ ਨਾਜਾਇਜ਼ ਸੰਬੰਧਾਂ ਕਾਰਨ ਆਪਣੇ ਪ੍ਰੇਮੀ ਅਰਸ਼ਦੀਪ ਸਿੰਘ ਤੇ ਉਸ ਦੇ ਸਾਥੀ ਵਰਿੰਦਰ ਸਿੰਘ ਨਾਲ ਮਿਲ ਆਪਣੇ ਹੀ ਪਤੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਇਹ ਵੀ ਪੜ੍ਹੋ : ਆਵਾਰਾ ਪਸ਼ੂਆਂ ਵੱਲੋਂ ਟੱਕਰ ਮਾਰਨ 'ਤੇ ਨੌਜਵਾਨ ਦੀ ਮੌਤ

PunjabKesari

ਇਸ ਸਬੰਧੀ ਪੁਲਸ ਨੇ ਕਲਯੁੱਗੀ ਪਤਨੀ ਸਤਨਾਮ ਕੌਰ, ਉਸ ਦੇ ਪ੍ਰੇਮੀ ਮੁਲਜ਼ਮ ਅਰਸ਼ਦੀਪ ਸਿੰਘ ਅਤੇ ਉਸ ਦੇ ਤੀਜੇ ਸਾਥੀ ਮੁਲਜ਼ਮ ਵਰਿੰਦਰ ਸਿੰਘ (ਤਿੰਨੋਂ ਵਾਸੀ ਪਿੰਡ ਕਾਲੇ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਅਤੇ ਹੋਰ ਉੱਚ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਸਤਨਾਮ ਕੌਰ ਦਾ ਪਤੀ (ਮ੍ਰਿਤਕ ਹਰਿੰਦਰ ਸਿੰਘ) ਪਿਛਲੇ ਕੁਝ ਸਾਲਾਂ ਤੋਂ ਦੁਬਈ ਵਿਖੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਤਾਂ ਇਸੇ ਦੌਰਾਨ ਸਤਨਾਮ ਕੌਰ ਦੇ ਮੁਲਜ਼ਮ ਅਰਸ਼ਦੀਪ ਸਿੰਘ ਨਾਲ ਨਾਜਾਇਜ਼ ਸੰਬੰਧ ਬਣ ਗਏ। ਇਸ ਦਾ ਪਤਾ ਉਸ ਦੇ ਪਤੀ ਹਰਿੰਦਰ ਸਿੰਘ ਨੂੰ ਲੱਗ ਗਿਆ। ਹਰਿੰਦਰ ਸਿੰਘ 12-13 ਦਿਨ ਪਹਿਲਾਂ ਹੀ ਦੁਬਈ ਤੋਂ ਅੰਮ੍ਰਿਤਸਰ ਆਇਆ ਸੀ। ਇਸ ਦੌਰਾਨ ਜਦੋਂ ਉਸ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸੰਬੰਧਾਂ ਬਾਰੇ ਪਤਾ ਲੱਗਾ ਤਾਂ ਉਹ ਸਤਨਾਮ ਕੌਰ ’ਤੇ ਤਿੱਖੀ ਨਜ਼ਰ ਰੱਖਣ ਲੱਗਾ, ਜਿਸ ਕਾਰਨ ਸਤਨਾਮ ਕੌਰ ਆਪਣੇ ਪ੍ਰੇਮੀ ਅਰਸ਼ਦੀਪ ਸਿੰਘ ਨੂੰ ਨਹੀਂ ਮਿਲ ਪਾ ਰਹੀ ਸੀ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਇਸ ਸਬੰਧੀ ਸਤਨਾਮ ਕੌਰ ਨੇ ਅਰਸ਼ਦੀਪ ਸਿੰਘ ਨਾਲ ਮਿਲ ਕੇ ਆਪਣੇ ਪਤੀ ਹਰਿੰਦਰ ਸਿੰਘ ਨੂੰ ਪੂਰੀ ਤਰ੍ਹਾਂ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਸਤਨਾਮ ਕੌਰ ਨੇ ਇਸ ਕੰਮ ਲਈ ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਨੂੰ 2,70,000 ਰੁਪਏ ਦੇਣ ਦੀ ਗੱਲ ਮੰਨੀ ਹੈ। ਫਿਰ ਕਹਾਣੀ ਅਨੁਸਾਰ ਇਹ ਖੇਡ ਰਚੀ ਗਈ ਤੇ ਇਸ ਸਾਰੇ ਘਟਨਾਕ੍ਰਮ 'ਚ ਹਰਿੰਦਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

ਜ਼ਿਕਰਯੋਗ ਕਿ ਅੱਜ ਸਵੇਰੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਸਤਨਾਮ ਕੌਰ ਨੇ ਦੱਸਿਆ ਸੀ ਕਿ ਉਹ ਆਪਣੇ ਪਤੀ ਅਤੇ 2 ਬੇਟੀਆਂ ਨਾਲ ਮੋਟਰਸਾਈਕਲ ’ਤੇ ਸਵੇਰੇ 3:30 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਹਰਿਕ੍ਰਿਸ਼ਨ ਨਗਰ ਨਜ਼ਦੀਕ ਦਸਮੇਸ਼ ਗੰਨ ਹਾਊਸ ਨੇੜੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸ ਨੂੰ ਫੇਟ ਮਾਰ ਕੇ ਮੋਟਰਸਾਈਕਲ ਤੋਂ ਸੁੱਟ ਦਿੱਤਾ ਤੇ ਫਿਰ ਉਸ ਦਾ ਪਰਸ ਅਤੇ ਮੋਬਾਇਲ ਖੋਹਣ ਦੀ ਨੀਅਤ ਨਾਲ ਉਸ ਦੇ ਪਤੀ ਦੇ ਸਿਰ ’ਤੇ ਗੋਲੀ ਚਲਾ ਦਿੱਤੀ। ਇਸ ਤੋਂ ਬਾਅਦ ਉਸ ਦੇ ਘਰ ਦੇ ਹੋਰ ਮੈਂਬਰ ਮੌਕੇ ’ਤੇ ਆ ਗਏ ਤੇ ਹਰਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ ਸਤਨਾਮ ਕੌਰ ਦੇ ਸਰੀਰ ’ਤੇ ਵੀ ਮਾਮੂਲੀ ਸੱਟਾਂ ਲੱਗੀਆਂ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਤਲ ਦੀਆਂ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਮਨਦੀਪ ਮੰਨਾ ਨੇ ਪੁਲਸ ਪ੍ਰਸ਼ਾਸਨ 'ਤੇ ਚੁੱਕੇ ਸਵਾਲ 

PunjabKesari

 


Mukesh

Content Editor

Related News