ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ

Tuesday, Jul 26, 2022 - 12:26 PM (IST)

ਤਲਵੰਡੀ ਸਾਬੋ 'ਚ ਵੱਡੀ ਵਾਰਦਾਤ: ਪਤੀ ਨੇ ਪਤਨੀ ਅਤੇ ਧੀ ਦਾ ਕੀਤਾ ਕਤਲ, ਪੁੱਤ ਨੇ ਭੱਜ ਕੇ ਬਚਾਈ ਜਾਨ

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਓਨਾ ਪੁਜਾਰੀਆ 'ਚ ਸ਼ਰਾਬ ਦੇ ਨਸ਼ੇ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਉਕਤ ਦੋਸ਼ੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਘਰੇਲੂ ਕਲੇਸ਼ ਦੇ ਚੱਲਦਿਆਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਜਸਵੀਰ ਕੌਰ (32 ਸਾਲ) ਤੇ ਉਸ ਦੀ ਧੀ ਸੁਖਪ੍ਰੀਤ ਕੌਰ (6 ਸਾਲ) ਵਜੋਂ ਹੋਈ ਹੈ। ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਜਿਤਣ ਬਾਂਸਲ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਦੀ ਪਛਾਣ ਕਰ ਲਈ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਪੁਲਸ ਦੇ ਬਿਆਨਾਂ ਮੁਤਾਬਕ ਮ੍ਰਿਤਕ ਜਸਵੀਰ ਕੌਰ ਦਾ ਪਤੀ ਅਮਰਜੀਤ ਸਿੰਘ ਨਾਲ ਕਾਫ਼ੀ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ । ਅੱਜ ਜਸਵੀਰ ਕੌਰ ਸਵੇਰੇ 7 ਵਜੇ ਆਪਣੇ ਘਰ ਕੱਪੜੇ ਧੋ ਰਹੀ ਸੀ ਅਤੇ ਉਸ ਦੀ 6 ਸਾਲਾ ਧੀ ਸੁਖਪ੍ਰੀਤ ਕੌਰ ਸਕੂਲ ਜਾਣ ਲਈ ਤਿਆਰ ਸੀ। ਜਦੋਂ ਉਹ ਸਕੂਲ ਜਾਣ ਲਈ ਆਪਣੇ ਘਰ ਤੋਂ ਬਾਹਰ ਚੱਲੀ ਸੀ ਤਾਂ ਦੋਸ਼ੀ ਪਿਤਾ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਧੀ ਅਤੇ ਪਤਨੀ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਜਸਬੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕੁੜੀ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਹਸਪਤਾਲ ਪਹੁੰਚਣ ਮਗਰੋਂ ਕੁੜੀ ਦੀ ਵੀ ਮੌਤ ਹੋ ਗਈ । ਪਿੰਡ ਵਾਲਿਆਂ ਨੇ ਦੱਸਿਆ ਕਿ ਅਮਰਜੀਤ ਸ਼ਰਾਬ ਪੀਣ ਦਾ ਆਦੀ ਸੀ ਜੋ ਆਪਣੇ ਘਰਵਾਲੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਨੇ ਆਪਣੀ ਧੀ ਅਤੇ ਪਤਨੀ ਦੇ ਕਤਲ ਤੋਂ ਬਾਅਦ 10 ਸਾਲਾ ਪੁੱਤਰ ਲਖਵਿੰਦਰ ਸਿੰਘ ਦਾ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਭੱਜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Simran Bhutto

Content Editor

Related News