ਗੁਰਦਾਸਪੁਰ ਦੀ ਵਾਇਰਲ ਵੀਡੀਓ ਦੀ ਸੱਚਾਈ ਆਈ ਸਾਹਮਣੇ, ਪਤੀ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ
Tuesday, Sep 26, 2023 - 06:37 PM (IST)
ਗੁਰਦਾਸਪੁਰ (ਬਿਊਰੋ)- ਬੀਤੇ ਦਿਨ ਦਿਲ ਨੂੰ ਝੰਜੋੜ ਦੇਣ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ 'ਚ ਇਕ ਵਿਅਕਤੀ ਇਕ ਔਰਤ ਨੂੰ ਵਾਲਾਂ ਤੋਂ ਫੜ ਕੇ ਗਲੀ 'ਚ ਘਸੀਟ ਕੇ ਲੈ ਜਾ ਰਿਹਾ ਹੈ ਅਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਰਿਹਾ ਹੈ। ਬਾਅਦ 'ਚ ਇਸ ਵੀਡੀਓ ਦਾ ਖੁਲਾਸਾ ਹੋਇਆ ਕਿ ਇਹ ਵੀਡੀਓ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆ ਖਾਨ ਦੇ ਪਿੰਡ ਛੋੜੀਆਂ ਦੀ ਹੈ ਅਤੇ ਔਰਤ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਵਾਲਾ ਆਦਮੀ ਉਸਦਾ ਘਰਵਾਲਾ ਹੀ ਹੈ। ਅੱਜ ਘਰਵਾਲੇ ਦੀ ਤਸ਼ੱਦਦ ਦਾ ਸ਼ਿਕਾਰ ਪੀੜਤ ਔਰਤ ਜੋ ਸਿਵਲ ਹਸਪਤਾਲ ਧਾਰੀਵਾਲ 'ਚ ਇਲਾਜ ਅਧੀਨ ਹੈ ਅਤੇ ਉਸਦੀ ਮਾਂ ਨੇ ਮੀਡੀਆ ਸਾਹਮਣੇ ਆ ਕੇ ਸਾਰੀ ਸੱਚਾਈ ਦੱਸੀ ਹੈ ਕਿ ਉਸ ਸਹੁਰਾ ਪਰਿਵਾਰ ਹਮੇਸ਼ਾ ਦਾਜ ਦੀ ਮੰਗ ਕਰਦਾ ਰਹਿੰਦਾ ਹੈ ਅਤੇ ਉਸ ਦਾ ਘਰਵਾਲਾ ਅਕਸਰ ਉਸ ਦੀ ਕੁੱਟ-ਮਾਰ ਕਰਦਾ ਹੈ । ਉਸ ਨੇ ਦੱਸਿਆ ਹੈ ਕਿ ਮਾਮਲੇ ਦੀ ਸ਼ਿਕਾਇਤ ਥਾਣਾ ਭੈਣੀ ਮੀਆਂ ਖਾਨ ਨੂੰ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ- 12 ਸਾਲ ਤੱਕ ਵੇਚੀਆਂ ਪ੍ਰੇਮਿਕਾ ਦੀਆਂ ਅਸ਼ਲੀਲ ਵੀਡੀਓਜ਼, ਪਤਨੀ ਬਣਾਉਣ ਮਗਰੋਂ ਕਰ 'ਤਾ ਵੱਡਾ ਕਾਂਡ
ਜਾਣਕਾਰੀ ਮਿਲਣ 'ਤੇ ਉਸ ਦੇ ਪੇਕੇ ਪਿੰਡ ਦੇ ਪੰਚਾਇਤ ਮੈਂਬਰ, ਮਾਂ ਅਤੇ ਭਰਾ ਆਏ ਅਤੇ ਉਸ ਨੂੰ ਉਥੋਂ ਲੈ ਕੇ ਸਿਵਲ ਹਸਪਤਾਲ ਧਾਰੀਵਾਲ 'ਚ ਜ਼ਖ਼ਮੀ ਹਾਲਤ 'ਚ ਦਾਖ਼ਲ ਕਰਵਾਇਆ। ਪੀੜਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਉਸ ਦੇ ਸਹੁਰਾ ਪਰਿਵਾਰ ਵੱਲੋਂ ਅਕਸਰ ਦਾਜ ਦੀ ਮੰਗ ਕਰਦਿਆਂ ਉਸ ਨਾਲ ਮਾਰ ਕੁਟਾਈ ਕੀਤੀ ਜਾਂਦੀ ਹੈ। ਪੀੜਤ ਔਰਤ ਮੀਨੂ ਦੀ ਮਾਤਾ ਰੀਟਾ ਨੇ ਦੱਸਿਆ ਕਿ ਉਹ ਧਾਰੀਵਾਲ ਨੇੜੇ ਪਿੰਡ ਸੰਘੜ ਦੇ ਰਹਿਣ ਵਾਲੇ ਹਨ ਅਤੇ ਉਸਦੀ ਕੁੜੀ ਮੀਨੂ ਜੋ ਭੈਣੀ ਮੀਆਂ ਖਾਨ ਨੇੜੇ ਛੋੜੀਆਂ ਵਿਆਹੀ ਹੋਈ ਹੈ। ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਦਾ ਹੈ ਅਤੇ ਉਸ 'ਤੇ ਬਹੁਤ ਅੱਤਿਆਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਤਰਨਾ ਦਲ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ, ਨਿਹੰਗ ਸੇਵਾਦਾਰ ਦੀ ਮੌਤ
ਬੀਤੇ ਦਿਨ ਵੀ ਉਸ ਦੀ ਉਸਦੇ ਘਰਵਾਲੇ ਅਤੇ ਸੱਸ ਵਲੋਂ ਮਾਰ ਕੁੱਟਾਈ ਕੀਤੀ ਗਈ ਅਤੇ ਜਦੋਂ ਮਾਰਕੁਟਾਈ ਤੋਂ ਬਾਅਦ ਉਹ ਨੇੜੇ ਹੀ ਮਾਸੀ ਦੇ ਘਰ ਗਈ ਤਾਂ ਉਸ ਦਾ ਘਰਵਾਲਾ ਉਥੇ ਵੀ ਆ ਗਿਆ ਤੇ ਉਸ ਨੂੰ ਮਾਰਦਾ ਹੋਇਆ ਵਾਲਾਂ ਤੋਂ ਫੜ ਕੇ ਪੂਰੀ ਗਲੀ ਵਿੱਚ ਘਸੀਟਦਾ ਹੋਇਆ ਘਰ ਲੈ ਕੇ ਆਇਆ। ਕੁੜੀ ਦੀ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਹੁੰਦਿਆਂ ਪੂਰੇ ਪਿੰਡ ਨੇ ਦੇਖਿਆ ਪਰ ਕਿਸੇ ਨੇ ਵੀ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਦਾ ਮਾਸੜ ਜਦੋਂ ਉਸ ਨੂੰ ਬਚਾਉਣ ਆਇਆ ਤਾਂ ਉਸ ਨਾਲ ਵੀ ਮੀਨੂ ਦੇ ਘਰਵਾਲੇ ਵੱਲੋਂ ਕੁੱਟ-ਮਾਰ ਕੀਤੀ ਗਈ। ਮੀਨੂ ਦੀ ਮਾਂ ਨੇ ਦੱਸਿਆ ਕਿ ਮੀਨੂ ਦੇ ਪਿਤਾ ਵੀ ਦਿਮਾਗੀ ਤੌਰ 'ਤੇ ਪਰੇਸ਼ਾਨ ਹਨ ਅਤੇ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਇਸ ਲਈ ਮੀਨੂ ਦੇ ਸਹੁਰਿਆਂ ਦੀ ਦਾਜ ਦੀ ਮੰਗ ਪੂਰੀ ਨਹੀਂ ਕਰ ਸਕਦੇ। ਉਨ੍ਹਾਂ ਮੰਗ ਕੀਤੀ ਹੈ ਕਿ ਮੀਨੂ ਨੂੰ ਇਨਸਾਫ਼ ਦਵਾਇਆ ਜਾਵੇ।
ਇਹ ਵੀ ਪੜ੍ਹੋ- ਭਾਰਤ-ਕੈਨੇਡਾ ਵਿਚਾਲੇ ਤਣਾਅ ਕਾਰਨ ਹਵਾਈ ਖੇਤਰ ਪ੍ਰਭਾਵਿਤ, ਕਿਰਾਏ ਵਧੇ, ਯਾਤਰੀਆਂ ਦੀ ਗਿਣਤੀ ਘਟੀ
ਇਸ ਦੌਰਾਨ ਮੌਕੇ 'ਤੇ ਸਿਵਲ ਹਸਪਤਾਲ ਵਿਖੇ ਪਹੁੰਚੇ ਥਾਣਾ ਭੈਣੀ ਮੀਆਂ ਖਾਂ ਪੁਲਸ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਮੀਨੂ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਡਾਕਟਰ ਵੱਲੋਂ ਐੱਮ.ਐੱਲ.ਆਰ ਵੀ ਕੱਟ ਦਿੱਤੀ ਗਈ ਹੈ ਪਰ ਪੀੜਤ ਔਰਤ ਵੱਲੋਂ ਫਿਲਹਾਲ ਬਿਆਨ ਦਰਜ ਨਹੀਂ ਕਰਵਾਇਆ ਗਿਆ ਹੈ। ਉਸਦੇ ਬਿਆਨ ਲੈਣ ਤੋਂ ਬਾਅਦ ਮਾਮਲਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8