ਜਲੰਧਰ ਦੇ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਬੰਟੀ-ਬਬਲੀ ਜੋੜੇ ਦਾ ਕਾਰਨਾਮਾ, ਕੈਨੇਡਾ ਦੇ ਸੁਫਨੇ ਵਿਖਾ ਮਾਰਦੇ ਸੀ ਠੱਗੀ

Tuesday, Sep 27, 2022 - 06:36 PM (IST)

ਜਲੰਧਰ (ਵਰੁਣ) : ਬੀ. ਐੱਮ. ਸੀ. ਚੌਕ ਨਜ਼ਦੀਕ ਸੰਜੇ ਗਾਂਧੀ ਮਾਰਕੀਟ ਸਥਿਤ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਮਾਲਕ ਅਤੇ ਭਾਈਵਾਲ ਬੰਟੀ-ਬਬਲੀ (ਪਤੀ-ਪਤਨੀ) ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ 2 ਹੋਰ ਕੇਸ ਦਰਜ ਕੀਤੇ ਹਨ। ਵਿਨੀਤ ਬੇਰੀ ਅਤੇ ਉਸਦੀ ਪਤਨੀ ਨੇ ਨਰਸ ਸਮੇਤ 2 ਹੋਰ ਲੋਕਾਂ ਨੂੰ ਵੀ ਕੈਨੇਡਾ ਵਿਚ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਕੁੱਲ 28 ਲੱਖ 14 ਹਜ਼ਾਰ ਰੁਪਏ ਠੱਗ ਲਏ ਅਤੇ ਫਿਰ ਦਫਤਰ ਬੰਦ ਕਰ ਕੇ ਫ਼ਰਾਰ ਹੋ ਗਏ। ਇਕ ਮਾਮਲੇ ਵਿਚ ਮੁਲਜ਼ਮਾਂ ਨੇ ਜਾਅਲੀ ਵੀਜ਼ਾ ਵੀ ਬਣਾ ਦਿੱਤਾ ਸੀ। 24 ਸਤੰਬਰ ਨੂੰ ਵੀ ਵਿਨੀਤ ਅਤੇ ਉਸਦੀ ਪਤਨੀ ਮੋਨਾ ਸ਼ਰਮਾ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ 2 ਲੋਕਾਂ ਨੂੰ ਕੈਨੇਡਾ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ 24 ਲੱਖ 69 ਹਜ਼ਾਰ 670 ਰੁਪਏ ਠੱਗ ਲਏ ਸਨ।

ਇਹ ਵੀ ਪੜ੍ਹੋ : NRI ਪਤਨੀ ਨੇ ਪਤੀ ਨੂੰ ਦਿਵਾਈ ਕੈਨੇਡਾ ਦੀ PR, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਹਾਲ ਹੀ ਵਿਚ ਹੋਈ ਐੱਫ. ਆਈ. ਆਰ. ਵਿਚ ਆਸ਼ਾ ਭੱਟੀ ਪੁੱਤਰੀ ਦਾਰ ਮਸੀਹ ਨਿਵਾਸੀ ਬੁੱਲ੍ਹੋਵਾਲ (ਹੁਸ਼ਿਆਰਪੁਰ) ਨੇ ਦੱਸਿਆ ਕਿ 2019 ਵਿਚ ਉਹ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਮਾਲਕ ਵਿਨੀਤ ਬੇਰੀ ਅਤੇ ਉਸਦੀ ਪਤਨੀ ਮੋਨਾ ਸ਼ਰਮਾ ਨੂੰ ਉਨ੍ਹਾਂ ਦੇ ਦਫਤਰ ਵਿਚ ਮਿਲੇ ਸਨ। ਦੋਵਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਨਰਸਿੰਗ ਦੇ ਆਧਾਰ ’ਤੇ ਉਹ ਉਸਨੂੰ ਕੈਨੇਡਾ ਦਾ ਵਰਕ ਪਰਮਿਟ ਦਿਵਾ ਦੇਣਗੇ ਪਰ ਉਸਦੇ ਲਈ 11 ਲੱਖ ਰੁਪਏ ਦਾ ਖਰਚ ਆਵੇਗਾ। ਆਸ਼ਾ ਨੇ ਕਿਸੇ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਦਸਤਾਵੇਜ਼ਾਂ ਸਮੇਤ 11 ਲੱਖ ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਸਤੰਬਰ 2020 ਨੂੰ ਉਕਤ ਲੋਕਾਂ ਨੇ ਫੋਨ ਕਰ ਕੇ ਉਸਨੂੰ ਦਫਤਰ ਵਿਚ ਬੁਲਾਇਆ ਅਤੇ ਕਿਹਾ ਕਿ ਉਸਦਾ ਵੀਜ਼ਾ ਆ ਗਿਆ ਹੈ। ਜਦੋਂ ਆਸ਼ਾ ਨੇ ਘਰ ਜਾ ਕੇ ਚੈੱਕ ਕੀਤਾ ਤਾਂ ਵੀਜ਼ਾ ਜਾਅਲੀ ਨਿਕਲਿਆ। ਜਦੋਂ ਉਸਨੇ ਵਿਨੀਤ ਅਤੇ ਮੋਨਾ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਦੋਵੇਂ ਟਾਲ-ਮਟੋਲ ਕਰਨ ਲੱਗੇ ਪਰ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਸੁਣ ਕੇ ਉਨ੍ਹਾਂ 11 ਲੱਖ ਵਿਚੋਂ 2 ਲੱਖ 94 ਹਜ਼ਾਰ ਰੁਪਏ ਮੋੜ ਦਿੱਤੇ ਅਤੇ ਬਾਕੀ ਦੀ ਰਕਮ ਲਈ ਸਮਾਂ ਮੰਗਿਆ। ਆਸ਼ਾ ਨੇ ਕਿਹਾ ਕਿ ਜਦੋਂ ਉਨ੍ਹਾਂ (ਏਜੰਟ ਪਤੀ-ਪਤਨੀ) ਨੇ ਫੋਨ ਚੁੱਕਣੇ ਬੰਦ ਕਰ ਦਿੱਤੇ ਤਾਂ ਉਹ ਦੁਬਾਰਾ ਉਨ੍ਹਾਂ ਦੇ ਦਫਤਰ ਵਿਚ ਗਈ, ਜਿਨ੍ਹਾਂ ਫਿਰ ਉਸ ਨੂੰ ਝਾਂਸੇ ਵਿਚ ਲੈ ਕੇ ਵਾਪਸ ਭੇਜ ਦਿੱਤਾ ਅਤੇ ਜਦੋਂ ਉਸਨੇ ਦੱਸੇ ਸਮੇਂ ’ਤੇ ਫੋਨ ਕੀਤਾ ਦੋਵਾਂ ਦਾ ਮੋਬਾਇਲ ਬੰਦ ਆ ਰਿਹਾ ਸੀ। ਜਦੋਂ ਉਹ ਦੁਬਾਰਾ ਉਨ੍ਹਾਂ ਦੇ ਦਫਤਰ ਗਈ ਤਾਂ ਪਤਾ ਲੱਗਾ ਕਿ ਦੋਵੇਂ ਏਜੰਟ ਪਤੀ-ਪਤਨੀ ਲੋਕਾਂ ਦੇ ਪੈਸੇ ਲੈ ਕੇ ਦਫਤਰ ਬੰਦ ਕਰ ਕੇ ਫ਼ਰਾਰ ਹੋ ਗਏ ਹਨ। 

ਇਹ ਵੀ ਪੜ੍ਹੋ : ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ

ਦੂਜੇ ਮਾਮਲੇ ਵਿਚ ਹਿਤੇਸ਼ ਭਗਤ ਪੁੱਤਰ ਰਾਜ ਕੁਮਾਰ ਨਿਵਾਸੀ ਗਾਂਧੀ ਨਗਰ ਨੇ ਦੱਸਿਆ ਕਿ 1 ਫਰਵਰੀ 2021 ਨੂੰ ਉਹ ਸੋਸ਼ਲ ਮੀਡੀਆ ਜ਼ਰੀਏ ਵਿਨੀਤ ਬੇਰੀ ਅਤੇ ਉਸਦੀ ਪਤਨੀ ਮੋਨਾ ਨੂੰ ਮਿਲਿਆ ਸੀ। ਨੰਦਨਪੁਰ ਨਿਵਾਸੀ ਦੋਵੇਂ ਪਤੀ-ਪਤਨੀ ਨੇ ਦਾਅਵਾ ਕੀਤਾ ਸੀ ਕਿ ਉਹ ਉਸਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜ ਦੇਣਗੇ, ਜਿਸ ਲਈ 20 ਲੱਖ ਦੇ ਲਗਭਗ ਖਰਚ ਆਵੇਗਾ। ਹਿਤੇਸ਼ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਐਡਵਾਂਸ ਵਿਚ 8 ਲੱਖ ਰੁਪਏ ਅਤੇ ਸਾਰੇ ਦਸਤਾਵੇਜ਼ ਦੇ ਕੇ ਵਾਪਸ ਆ ਗਿਆ। ਹਿਤੇਸ਼ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਵਿਨੀਤ ਦਾ ਫੋਨ ਆਇਆ ਕਿ ਜਲਦ ਉਸਦਾ ਕੰਮ ਬਣ ਜਾਵੇਗਾ ਅਤੇ ਉਹ ਦਫਤਰ ਵਿਚ 7.80 ਲੱਖ ਰੁਪਏ ਪਹੁੰਚਾ ਦੇਵੇ। ਏਜੰਟ ਦੇ ਕਹਿਣ ’ਤੇ ਉਹ ਉਸਨੂੰ ਪੈਸੇ ਦੇ ਆਇਆ ਅਤੇ ਫਿਰ ਏਜੰਟ ਨੇ ਕੁਝ ਹੀ ਦਿਨਾਂ ਵਿਚ 5.80 ਲੱਖ ਰੁਪਏ ਲੈ ਲਏ, 2 ਲੱਖ ਕੈਸ਼, ਫਿਰ 4 ਲੱਖ ਅਤੇ ਮੈਡੀਕਲ ਲਈ 25 ਹਜ਼ਾਰ ਰੁਪਏ ਲੈ ਲਏ। ਵਿਨੀਤ ਨੇ 24 ਦਸੰਬਰ 2021 ਨੂੰ ਲੁਧਿਆਣਾ ਤੋਂ ਉਸਦਾ ਮੈਡੀਕਲ ਕਰਵਾਇਆ।

ਇਹ ਵੀ ਪੜ੍ਹੋ : ਕੰਮ ਤੋਂ ਘਰ ਆਈ ਮਾਂ ਲੱਭਦੀ ਰਹੀ ਛੇ ਸਾਲਾ ਧੀ ਨੂੰ, ਜਦੋਂ ਸਹੁਰੇ ਦੇ ਕਮਰੇ ’ਚ ਦੇਖਿਆ ਤਾਂ ਉੱਡੇ ਹੋਸ਼

ਏਜੰਟ ਨੇ ਦਾਅਵਾ ਕੀਤਾ ਕਿ ਕੁਝ ਹੀ ਦਿਨਾਂ ਬਾਅਦ ਉਸਦਾ ਵੀਜ਼ਾ ਆ ਜਾਵੇਗਾ। ਜਦੋਂ ਹਿਤੇਸ਼ ਨੇ ਵੀਜ਼ਾ ਨਾ ਆਉਣ ’ਤੇ ਵਿਨੀਤ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤਾ। 12 ਮਾਰਚ 2022 ਨੂੰ ਜਦੋਂ ਉਹ ਵੀਜ਼ਾ ਬਾਰੇ ਪੁੱਛਣ ਲਈ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਦੇ ਦਫਤਰ ਪੁੱਜਾ ਤਾਂ ਉਥੇ ਤਾਲਾ ਲੱਗਾ ਹੋਇਆ ਸੀ ਅਤੇ ਦੋਵੇਂ ਮੁਲਜ਼ਮ ਪੈਸੇ ਲੈ ਕੇ ਫ਼ਰਾਰ ਹੋ ਚੁੱਕੇ ਸਨ। ਦੋਵਾਂ ਮਾਮਲਿਆਂ ਵਿਚ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਜਲਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਾਅਲੀ ਵੀਜ਼ਾ ਦੇ ਕੇ ਬਣਾਉਂਦੇ ਸਨ ਕਲਾਈਂਟ ਦੀ ਵੀਡੀਓ, ਫਿਰ ਪਾਉਂਦੇ ਸਨ ਸੋਸ਼ਲ ਮੀਡੀਆ ’ਤੇ

ਮਕਸੂਦਾਂ ਦੇ ਨੰਦਨਪੁਰ ਨਿਵਾਸੀ ਏਜੰਟ ਵਿਨੀਤ ਬੇਰੀ ਅਤੇ ਉਸਦੀ ਪਤਨੀ ਇੰਨੇ ਚਲਾਕ ਸਨ ਕਿ ਉਹ ਆਪਣੇ ਕਲਾਈਂਟ ਨੂੰ ਜਾਅਲੀ ਵੀਜ਼ਾ ਫੜਾ ਕੇ ਮੋਬਾਇਲ ’ਤੇ ਵੀਡੀਓ ਬਣਾਉਂਦੇ ਸਨ। ਉਨ੍ਹਾਂ ਕੋਲੋਂ ਕਹਾਇਆ ਜਾਂਦਾ ਸੀ ਕਿ ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨ ਵਾਲਿਆਂ ਨੇ ਕੁਝ ਹੀ ਸਮੇਂ ਵਿਚ ਕੈਨੇਡਾ ਦਾ ਵੀਜ਼ਾ ਲੁਆ ਦਿੱਤਾ ਹੈ। ਜਿਉਂ ਹੀ ਉਹ ਵੀਡੀਓ ਆਪਣੇ ਪੇਜ ਜਾਂ ਫਿਰ ਸੋਸ਼ਲ ਮੀਡੀਆ ’ਤੇ ਪਾਉਂਦੇ ਸਨ ਤਾਂ ਹੋਰ ਲੋਕ ਵੀ ਇਹ ਸਭ ਦੇਖ ਕੇ ਭਰੋਸਾ ਕਰ ਕੇ ਖੁਦ ਹੀ ਉਨ੍ਹਾਂ ਦੇ ਦਫਤਰ ਪਹੁੰਚ ਜਾਂਦੇ ਸਨ ਅਤੇ ਇਹ ਚਲਾਕ ਏਜੰਟ ਉਨ੍ਹਾਂ ਨੂੰ ਵੀ ਠੱਗ ਲੈਂਦੇ ਸਨ।

ਇਹ ਵੀ ਪੜ੍ਹੋ : ਤੜਕੇ 3 ਵਜੇ ਸਾਹਨੇਵਾਲ ਦੀ ਫੈਕਟਰੀ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਇਕ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Gurminder Singh

Content Editor

Related News