ਰਾਹ ਜਾਂਦੇ ਪਤੀ-ਪਤਨੀ ਨੂੰ ਫਿਲਮੀ ਸਟਾਇਲ ''ਚ ਲੁੱਟ ਕੇ ਰਫੂ-ਚੱਕਰ ਹੋਇਆ ''ਕਰਨੀ ਵਾਲਾ ਬਾਬਾ''
Wednesday, Dec 11, 2024 - 08:55 PM (IST)
ਬੰਗਾ, (ਰਾਕੇਸ਼ ਅਰੋੜਾ)- ਜਿਵੇਂ-ਜਿਵੇਂ ਸਾਇੰਸ ਤਰੱਕੀ ਕਰ ਰਹੀ ਹੈ ਲੱਗਦਾ ਹੈ ਲੋਕਾ ਨਾਲ ਲੁੱਟਾਂ-ਖੋਹਾਂ ਤੇ ਠੱਗੀਆਂ ਮਾਰਨ ਵਾਲੇ ਵੀ ਉਸੇ ਤਰ੍ਹਾਂ ਆਪਣੇ ਰੰਗ-ਢੰਗ ਬਦਲ ਕੇ ਲੋਕਾ ਨੂੰ ਲੁੱਟ ਅਤੇ ਠੱਗ ਰਹੇ ਹਨ। ਕੁਝ ਇਸੇ ਤਰ੍ਹਾਂ ਹੋਇਆ ਬੰਗਾ ਦੇ ਪਿੰਡ ਨੋਰਾ ਵਿਖੇ, ਜਿੱਥੇ ਬੰਗਾ ਨਿਵਾਸੀ ਸਕੂਟਰ ਸਵਾਰ ਪਤੀ-ਪਤਨੀ ਨੂੰ ਰੋਕ ਕੇ ਨੋਸਰਬਾਜ਼ ਇਕ ਵਿਅਕਤੀ ਤੇ ਅੋਰਤ ਵੱਲੋਂ ਫਿਲਮੀ ਸਟਾਇਲ ਨਾਲ ਉਨ੍ਹਾਂ ਨਾਲ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਲੁੱਟ ਦਾ ਸ਼ਿਕਾਰ ਹੋਏ ਬੰਗਾ ਨਿਵਾਸੀ ਕਮਲ ਕਿਸ਼ੋਰ ਨੇ ਦੱਸਿਆ ਕਿ ਉਹ ਬੰਗਾ ਵਿਖੇ ਕਢਾਈ ਦਾ ਕੰਮ ਕਰਦਾ ਹੈ ਅਤੇ ਬੁੱਧਵਾਰ ਬਾਅਦ ਦੁਪਹਿਰ ਆਪਣੀ ਪਤਨੀ ਅਨਿਤਾ ਦੇਵੀ ਨਾਲ ਆਪਣੇ ਸਕੂਟਰ 'ਤੇ ਸਵਾਰ ਹੋ ਕੇ ਗੜਸ਼ੰਕਰ ਸਥਿਤ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਉਪੰਰਤ ਬੰਗਾ ਨੂੰ ਵਾਪਿਸ ਆ ਰਹੇ ਸੀ। ਉਨ੍ਹਾਂ ਦੱਸਿਆ ਕਿ ਜਿਵੇ ਹੀ ਉਹ ਪਿੰਡ ਨੋਰਾ ਵਿਖੇ ਪੈਂਦੀ ਸੂਆ ਨਹਿਰ ਨਜ਼ਦੀਕ ਪੁੱਜੇ ਤਾਂ ਪਿੱਛੋਂ ਇਕ ਬਿਨਾਂ ਨੰਬਰ ਮੋਟਰ 'ਤੇ ਸਵਾਰ ਇਕ ਵਿਅਕਤੀ ਤੇ ਅੋਰਤ ਨੇ ਆ ਕੇ ਉਨ੍ਹਾਂ ਨੂੰ ਸਕੂਟਰ ਨੂੰ ਰੋਕਣ ਦਾ ਇਸ਼ਾਰਾ ਕੀਤਾ।
ਕਮਲ ਨੇ ਆਪਣਾ ਸਕੂਟਰ ਰੋਕ ਲਿਆ ਤੇ ਉਕਤ ਮੋਟਰ ਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ “ਤੁਹਾਨੂੰ ਪਿੱਛੇ ਇਕ ਬਾਬਾ ਜੀ ਨੇ, ਨਹੀ ਰੋਕਿਆ”? ਉਨ੍ਹਾਂ ਕਿਹਾ ਨਹੀਂ। ਬੱਸ ਫਿਰ ਕਿ ਉਨ੍ਹਾਂ ਨੇ ਕਿਹਾ ਕਿ ਉਕਤ ਬਾਬਾ ਜੀ ਤਾਂ ਬਹੁਤ ਹੀ ਕਰਨੀ ਵਾਲੇ ਹਨ, ਸਾਡੇ ਪਿਤਾ ਜੀ ਦੀਆ ਅੱਖਾ ਖਰਾਬ ਹੋ ਗਈਆ ਸਨ ਅਤੇ ਉਨ੍ਹਾਂ ਦਾ ਅਪਰੇਸ਼ਨ ਹੋਣਾ ਸੀ ਪਰ ਬਾਬਾ ਜੀ ਨੇ ਆਪਣੀ ਸ਼ਕਤੀ ਨਾਲ ਉਨ੍ਹਾਂ ਨੂੰ ਬਿਨਾਂ ਕਿਸੇ ਅਪਰੇਸ਼ਨ ਅਤੇ ਦਵਾਈ ਤੋ ਠੀਕ ਕਰ ਦਿੱਤਾ।
ਉਹ ਉਕਤ ਨੋਸਰਬਾਜ਼ਾ ਨਾਲ ਗੱਲ ਕਰ ਰਹੇ ਸਨ ਕਿ ਉਨ੍ਹੇਂ ਚਿਰ ਵਿੱਚ ਇਕ ਬਾਬਾ ਉੱਥੇ ਪੁੱਜ ਗਿਆ ਅਤੇ ਉਕਤ ਨੋਸਰਬਾਜ਼ਾ ਨੇ ਕਿਹਾ ਇਹ ਹੀ ਉਹ ਬਾਬਾ ਜੀ ਹਨ ਜਿਨਾਂ ਨੇ ਉਨ੍ਹਾਂ ਦੇ ਪਿਤਾ ਜੀ ਨੂੰ ਬਿਨਾਂ ਕਿਸੇ ਇਲਾਜ਼ ਤੋ ਮਿੰਟਾ ਵਿੱਚ ਠੀਕ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਉਪੰਰਤ ਉਕਤ ਬਾਬੇ ਨੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ ਅਤੇ ਜੋ ਕੁਝ ਉਹ ਕਹਿੰਦਾ ਗਿਆ ਉਹ ਕਰਦੇ ਗਏ ਅਤੇ ਉਨ੍ਹਾਂ ਨੇ ਬਾਬੇ ਦੇ ਕਹਿਣ ਤੇ ਆਪਣੇ ਹੱਥਾ ਵਿੱਚ ਪਾਈਆਂ ਸੋਨੇ ਦੀ ਮੁੰਦਰੀਆਂ ਨੂੰ ਲਾ ਕੇ ਉਨ੍ਹਾਂ ਦੁਆਰਾ ਦੱਸੀ ਇਕ ਪੋਟਲੀ ਵਿੱਚ ਰੱਖ ਦਿੱਤਾ ਅਤੇ ਦੇਖਦੇ ਹੀ ਦੇਖਦੇ ਉਹ ਚਕਮਾ ਦੇ ਕੇ ਉਕਤ ਪੋਟਲੀ ਵਿੱਚ ਰੱਖੇ ਸਾਮਾਨ ਨੂੰ ਬਦਲ ਕੇ ਫਰਾਰ ਹੋ ਗਏ।
ਕਮਲ ਨੇ ਦੱਸਿਆ ਕਿ ਜਦੋ ਉਨ੍ਹਾਂ ਨੇ ਉਕਤ ਨੋਸਰਬਾਜ਼ਾ ਦੇ ਜਾਣ ਉਪੰਰਤ ਉਕਤ ਪੋਟਲੀ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚ ਸੋਨੇ ਦੀਆਂ ਮੁੰਦਰੀਆ ਦੀ ਥਾਂ ਪੱਥਰ ਨਿਕਲੇ। ਉਨ੍ਹਾਂ ਨੇ ਲੁੱਟ ਸਬੰਧੀ ਬੰਗਾ ਪੁਲਸ ਨੂੰ ਸੂਚਿਤ ਕੀਤਾ, ਜੋ ਕਿ ਸੂਚਨਾ ਮਿਲਣ ਉਪੰਰਤ ਉਕਤ ਨੋਸਰਬਾਜ਼ਾ ਦੀ ਭਾਲ ਵਿੱਚ ਲੱਗ ਗਈ।