ਪਿੰਡ ਦੀ ਫਿਰਨੀ 'ਤੇ ਧੀਆਂ ਨੂੰ ਛੱਡ ਫ਼ਰਾਰ ਹੋਈ ਸੀ ਪਤਨੀ, ਹੁਣ ਪਤੀ ਨੇ ਤਸਵੀਰਾਂ ਵਿਖਾ ਕਰ ਦਿੱਤੇ ਵੱਡੇ ਖ਼ੁਲਾਸੇ
Monday, Nov 21, 2022 - 03:24 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਨੇੜਲੇ ਪਿੰਡ ਸ਼ਾਹਪੁਰ ਬੇਲਾ (ਕੋਟਲਾ ਪਾਵਰ ਹਾਊਸ) ਦੇ ਵਸਨੀਕ ਕੁਲਦੀਪ ਸਿੰਘ ਪੁੱਤਰ ਭੋਲਾ ਸਿੰਘ ਨੇ ਐਤਵਾਰ ਇਥੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਆਪਣੀ ਪਤਨੀ ’ਤੇ ਗੰਭੀਰ ਦੋਸ਼ ਲਗਾਉਂਦਿਆਂ ਪੁਲਸ ਤੋਂ ਆਪਣੀ ਪਤਨੀ ਖ਼ਿਲਾਫ਼ ਸਖ਼ਤ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਗੱਲਬਾਤ ਕਰਦਿਆਂ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ 10 ਅਪ੍ਰੈਲ 2013 ਨੂੰ ਪਿੰਡ ਬਢਲ ਦੀ ਰਹਿਣ ਵਾਲੀ ਹਰਸਿਮਰਤ ਕੌਰ ਨਾਲ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ ਇਹ ਵਿਆਹ ਆਪਣੇ ਮਾਤਾ ਪਿਤਾ ਦੀ ਮਰਜ਼ੀ ਖ਼ਿਲਾਫ਼ ਕੋਰਟ ਰਾਹੀਂ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਉਸ ਦੀਆਂ ਦੋ ਕੁੜੀਆਂ ਹੋਈਆਂ ਜੋਕਿ ਇਸ ਸਮੇਂ ਇਕ 9 ਸਾਲ ਅਤੇ ਦੂਜੀ ਸਾਢੇ ਸੱਤ ਸਾਲ ਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਿਰ ਮੰਡਰਾਅ ਰਿਹੈ ਇਕ ਹੋਰ ਵੱਡਾ ਖ਼ਤਰਾ, ਤਲਖ਼ ਹਕੀਕਤ ਜਾਣ ਖੁੱਲ੍ਹ ਜਾਣਗੀਆਂ ਅੱਖਾਂ
ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਵਿਆਹ ਤੋਂ ਬਾਅਦ ਕੁਝ ਸਾਲ ਮੇਰੀ ਪਤਨੀ ਦਾ ਵਿਵਹਾਰ ਮੇਰੇ ਅਤੇ ਮੇਰੇ ਮਾਤਾ ਪਿਤਾ ਪ੍ਰਤੀ ਬਹੁਤ ਵਧੀਆ ਰਿਹਾ ਪਰ ਉਸ ਤੋਂ ਬਾਅਦ ਉਹ ਮੇਰੇ ਮਾਤਾ-ਪਿਤਾ ਅਤੇ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਅਤੇ ਉਸ ਦਾ ਚਾਲ ਚਲਣ ਵੀ ਠੀਕ ਨਾ ਰਿਹਾ ਅਤੇ ਕਾਫ਼ੀ ਸਮਝਾਉਣ ਤੋਂ ਬਾਅਦ ਵੀ ਜਦੋਂ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਈ ਤਾਂ ਮੈਂ ਮਾਣਯੋਗ ਅਦਾਲਤ ’ਚ ਉਸ ਤੋਂ ਤਲਾਕ ਲੈਣ ਲਈ ਕੇਸ ਦਾਇਰ ਕਰ ਦਿੱਤਾ। ਉਸ ਨੇ ਅੱਗੇ ਦੱਸਿਆ ਕਿ ਅਦਾਲਤ ’ਚ ਕੇਸ ਕਰਨ ਤੋਂ ਬਾਅਦ ਮੇਰੀ ਪਤਨੀ ਹਰਸਿਮਰਤ ਸਾਜਿਸ਼ ਤਹਿਤ ਮੇਰੇ ਕੋਲ ਆਈ ਅਤੇ ਮੁਆਫ਼ੀ ਮੰਗਣ ਲੱਗ ਪਈ ਅਤੇ ਅੱਗੇ ਤੋਂ ਠੀਕ ਰਹਿਣ ਦੀਆਂ ਕਸਮਾਂ ਵੀ ਖਾਣ ਲੱਗ ਪਈ ਤਾਂ ਮੈਂ ਤਰਸ ਖਾ ਕੇ ਆਪਣਾ ਕੇਸ ਵਾਪਸ ਲੈ ਲਿਆ ਪਰ ਬਾਅਦ ਵਿਚ ਇਸ ਨੇ ਮੇਰੇ ’ਤੇ ਦਾਜ ਮੰਗਣ ਅਤੇ ਕੁੱਟਮਾਰ ਦਾ ਝੂਠਾ ਦੋਸ਼ ਲਗਾ ਕੇ ਅਦਾਲਤ ’ਚ ਕੇਸ ਦਾਇਰ ਕਰ ਦਿੱਤਾ ਅਤੇ ਮੇਰੀ ਗੈਰ ਮੌਜੂਦਗੀ ’ਚ ਮੇਰੀਆਂ ਦੋਵੇਂ ਲੜਕੀਆਂ ਨੂੰ ਪਿੰਡ ਦੀ ਫਿਰਨੀ ਕੋਲ ਛੱਡ ਕੇ ਭੱਜ ਗਈ।
ਕੁਲਦੀਪ ਸਿੰਘ ਨੇ ਅੱਗੇ ਦੱਸਿਆ ਕਿ ਉਹ ਰੋਜ਼ੀ-ਰੋਟੀ ਲਈ ਰਾਜਸਥਾਨ ਵਿਚ ਮਸ਼ੀਨ ਚਲਾਉਣ ਦਾ ਕੰਮ ਕਰਦਾ ਹੈ ਅਤੇ ਉਸ ਦੀਆਂ ਦੋਨੋਂ ਲੜਕੀਆਂ ਵੀ ਮੇਰੇ ਕੋਲ ਹੀ ਰਾਜਸਥਾਨ 'ਚ ਰਹਿੰਦੀਆਂ ਹਨ। ਉਸ ਨੇ ਅੱਗੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੇ ਦੋਸਤ ਦਾ ਮੈਨੂੰ ਫੋਨ ਆਇਆ ਕਿ ਅਦਾਲਤ ਵਿਚ ਕੇਸ ਚਲਦਾ ਹੋਣ ਦੇ ਬਾਵਜੂਦ ਤੇਰੀ ਘਰਵਾਲੀ ਨੇ 9 ਅਕਤੂਬਰ 2022 ਨੂੰ ਦੂਜਾ ਵਿਆਹ ਕਰਵਾ ਲਿਆ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਸਲੀਅਤ ਦਾ ਪਤਾ ਕਰਨ ਲਈ ਰਾਜਸਥਾਨ ਤੋਂ ਪੰਜਾਬ ਆਇਆ ਤਾਂ ਉਸ ਦੀ ਪਤਨੀ ਦੇ ਦੂਜੇ ਵਿਆਹ ਦੀ ਗੱਲ ਸੱਚ ਨਿਕਲੀ ਤਾਂ ਉਸ ਨੇ ਇਨਸਾਫ਼ ਲੈਣ ਲਈ ਜ਼ਿਲਾ ਪੁਲਸ ਮੁਖੀ ਰੂਪਨਗਰ ਅਤੇ ਥਾਣਾ ਮੁਖੀ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣੀ ਪਤਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ DGP ਦੀ ਗੈਰ-ਕਾਨੂੰਨੀ ਹਥਿਆਰਾਂ ਤੇ ਭੜਕਾਊ ਭਾਸ਼ਣਾਂ ਖ਼ਿਲਾਫ਼ ਸਖ਼ਤੀ, ਸ਼ੁਰੂ ਹੋਵੇਗੀ 90 ਦਿਨਾਂ ਦੀ ਮੁਹਿੰਮ
ਕੀ ਕਹਿਣਾ ਹੈ ਥਾਣਾ ਮੁਖੀ ਦਾ
ਜਦੋਂ ਇਸ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦਰਖਾਸਤ ਉਨ੍ਹਾਂ ਕੋਲ ਆ ਚੁੱਕੀ ਹੈ ਅਤੇ ਉਹ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ : ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ ਵਧੀ, ਪਿਛਲੇ 3 ਸਾਲਾਂ 'ਚ 13 ਲੱਖ ਲੋਕਾਂ ਨੇ ਰੁਜ਼ਗਾਰ ਲਈ ਛੱਡਿਆ ਦੇਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।