ਹੈਵਾਨ ਬਣੇ ਪਤੀ ਨੇ ਪਤਨੀ ਨੂੰ ਜੇਠ ਨਾਲ ਸਬੰਧ ਨਾ ਬਣਾਉਣ ਕਾਰਨ ਪਸ਼ੂਆਂ ਵਾਂਗ ਕੁੱਟਿਆ

Sunday, Apr 16, 2023 - 06:22 PM (IST)

ਹੈਵਾਨ ਬਣੇ ਪਤੀ ਨੇ ਪਤਨੀ ਨੂੰ ਜੇਠ ਨਾਲ ਸਬੰਧ ਨਾ ਬਣਾਉਣ ਕਾਰਨ ਪਸ਼ੂਆਂ ਵਾਂਗ ਕੁੱਟਿਆ

ਅਬੋਹਰ (ਸੁਨੀਲ) : ਹੈਵਾਨ ਬਣੇ ਇਕ ਪਤੀ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੇ ਲਹੂ-ਲੁਹਾਨ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸਨੂੰ ਕਮਰੇ ’ਚ ਬੰਦ ਕਰ ਦਿੱਤਾ। ਔਰਤ ਕਿਸੇ ਤਰ੍ਹਾਂ ਉਥੋਂ ਨਿਕਲ ਕੇ ਇਥੇ ਪਹੁੰਚੀ, ਜਿਸਨੂੰ ਉਸਦੇ ਪਰਿਵਾਰ ਵਾਲਿਆਂ ਨੇ ਇਥੋਂ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤਾ ਇੰਦਰਾ ਨਗਰੀ ਫਿਰੋਜ਼ਾਬਾਦ ਯੂਪੀ ’ਚ ਵਿਆਹੁਤਾ ਹੈ। ਉਸਨੇ ਦੱਸਿਆ ਕਿ ਉਸਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਅਤੇ ਉਸਦੇ ਤਿੰਨ ਬੱਚੇ ਵੀ ਹਨ। ਪੀੜਤਾ ਦਾ ਦੋਸ਼ ਹੈ ਕਿ ਉਸਦੇ ਦਿਓਰ ਦਾ ਵਿਆਹ ਮਈ ’ਚ ਹੋਣਾ ਹੈ, ਜਿਸ ਲਈ ਉਸਦਾ ਪਤੀ ਅਤੇ ਸਹੁਰੇ ਵਾਲੇ ਪੇਕੇ ਤੋਂ ਪੈਸੇ ਲਿਆਉਣ ਦੀ ਮੰਗ ਕਰਦੇ ਹਨ। ਉਸਦਾ ਪਿਤਾ ਰੇਹੜੀ ਲਗਾਉਂਦਾ ਹੈ ਅਤੇ ਉਹ ਤਿੰਨ ਭੈਣਾਂ ਹਨ, ਜਿਨ੍ਹਾਂ ਦਾ ਉਨ੍ਹਾਂ ਨੇ ਵਿਆਹ ਕੀਤਾ ਹੈ ਅਤੇ ਹੁਣ ਉਸਦੇ ਪਿਤਾ ਕੋਲ ਪੈਸੇ ਨਹੀਂ ਹਨ।

ਪੀੜਤਾ ਦਾ ਦੋਸ਼ ਹੈ ਕਿ 6 ਮਹੀਨੇ ਪਹਿਲਾਂ ਵੀ ਉਸਦੇ ਪਤੀ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਬਾਅਦ ਉਹ ਆਪਣੇ ਪੇਕੇ ਆ ਗਈ, ਜਿਸਦੇ ਬਾਅਦ ਪੰਚਾਇਤ ਨੇ ਉਸਨੂੰ ਵਾਪਿਸ ਭੇਜ ਦਿੱਤਾ। ਫਿਰ ਉਸਦੇ ਪਤੀ ਰਾਕੇਸ਼ ਨੇ ਪੈਸੇ ਨਾ ਲਿਆਉਣ ਦੀ ਸੂਰਤ ’ਚ ਉਸਦੇ ਜੇਠ ਨਾਲ ਸਬੰਧ ਬਣਾਉਣ ਦਾ ਦਬਾਅ ਬਣਾਇਆ। ਉਸ ਨੇ ਜਦੋਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੂੰ ਬੁਰੀ ਤਰ੍ਹਾਂ ਪਸ਼ੂਆਂ ਵਾਂਗ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ। ਮੁਲਜ਼ਮ ਨੇ ਫਿਰ ਉਸ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ, ਜਿਸ ਦੇ ਬਾਅਦ ਉਸਦੀ 9 ਸਾਲ ਦੀ ਬੇਟੀ ਨੇ ਉਸਨੂੰ ਕਮਰੇ ’ਚੋਂ ਬਾਹਰ ਕੱਢਿਆ। ਅਤੇ ਉਹ ਗੱਡੀ ਰਾਹੀਂ ਇਥੇ ਆਪਣੇ ਪੇਕੇ ਪਹੁੰਚੀ ਅਤੇ ਪਰਿਵਾਰ ਵਾਲਿਆਂ ਨੇ ਉਸਨੂੰ ਜ਼ਖਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਆਪਣੇ ਪਤੀ, ਸਹੁਰੇ ਵਾਲਿਆਂ ਅਤੇ ਹੋਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗੀ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

 


author

Gurminder Singh

Content Editor

Related News