ਨਸ਼ੇੜੀ ਪਤੀ ਅਤੇ ਜੀਜੇ ਤੋਂ ਦੁੱਖੀ ਹੋ 2 ਬੱਚਿਆਂ ਦੀ ਮਾਂ ਨੇ ਨਿਗਲੀ ਜ਼ਹਿਰੀਲੀ ਚੀਜ਼, ਹੋਈ ਮੌਤ
Tuesday, Apr 27, 2021 - 12:23 PM (IST)
ਵਲਟੋਹਾ (ਜ.ਬ) - ਸਰਹੱਦੀ ਪਿੰਡ ਆਸਲ ਉਤਾੜ ਵਿਖੇ ਨਸ਼ੇੜੀ ਪਤੀ ਅਤੇ ਜੀਜੇ ਤੋਂ ਦੁਖੀ ਹੋ ਕੇ ਦੋ ਬੱਚਿਆਂ ਦੀ ਮਾਂ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖੇਮਕਰਨ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਸੁਖਵਿੰਦਰ ਕੌਰ ਪਤਨੀ ਲੇਟ ਬਲਬੀਰ ਸਿੰਘ ਵਾਸੀ ਸੂਰਵਿੰਡ ਨੇ ਦੱਸਿਆ ਕਿ ਉਸ ਦੀਆਂ ਦੋ ਕੁੜੀਆਂ ਗੁਰਵਿੰਦਰ ਕੌਰ ਅਤੇ ਹਰਜਿੰਦਰ ਕੌਰ ਹਨ ਅਤੇ ਦੋਵੇਂ ਵਿਆਹੀਆਂ ਹੋਈਆਂ ਹਨ। ਉਸ ਦੇ ਦੋਵੇਂ ਜਵਾਈ ਨਸ਼ੇੜੀ ਹਨ ਅਤੇ ਕੋਈ ਕੰਮ ਧੰਦਾ ਨਹੀਂ ਕਰਦੇ।
ਉਸ ਨੇ ਦੱਸਿਆ ਕਿ ਉਸ ਦੇ ਛੋਟੇ ਜਵਾਈ ਤੇਜਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਦਿਆਲਪੁਰਾ ਨੇ ਉਸ ਦੀ ਛੋਟੀ ਕੁੜੀ ਨੂੰ ਕੁੱਟ-ਮਾਰ ਕਰਕੇ ਘਰੋਂ ਕੱਢਿਆ ਹੋਇਆ ਹੈ, ਜੋ ਉਸ ਦੇ ਕੋਲ ਰਹਿ ਰਹੀ ਹੈ। ਵੱਡੀ ਕੁੜੀ ਗੁਰਵਿੰਦਰ ਕੌਰ ਪਿੰਡ ਆਸਲ ਉਤਾੜ ਨਿਵਾਸੀ ਰਣਜੀਤ ਸਿੰਘ ਪੁੱਤਰ ਬਲਬੀਰ ਸਿੰਘ ਨਾਲ ਵਿਆਹੀ ਹੋਈ ਹੈ, ਜਿਸ ਦੇ ਦੋ ਬੱਚੇ ਹਨ। ਉਸ ਦਾ ਜਵਾਈ ਅਕਸਰ ਉਸ ਦੀ ਕੁੜੀ ਨਾਲ ਕੁੱਟ-ਮਾਰ ਕਰਦਾ ਰਹਿੰਦਾ ਸੀ। ਬੀਤੇ ਦਿਨ ਉਸ ਨੂੰ ਗੁਰਵਿੰਦਰ ਕੌਰ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਹਰਜਿੰਦਰ ਕੌਰ ਦਾ ਪਤੀ ਤੇਜਬੀਰ ਸਿੰਘ ਸਾਡੇ ਘਰ ਆਇਆ ਹੋਇਆ ਹੈ ਅਤੇ ਮੇਰਾ ਪਤੀ ਅਤੇ ਜੀਜਾ ਤੇਜਬੀਰ ਸਿੰਘ ਦੋਵੇਂ ਸ਼ਰਾਬ ਪੀ ਕੇ ਉਸ ਦੀ ਕੁੱਟ ਮਾਰ ਕਰ ਰਹੇ ਹਨ।
ਬੀਤੀ ਰਾਤ ਉਸ ਨੇ ਆਪਣੇ ਗੁਆਂਢ ਰਹਿੰਦੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਰਾਤ ਕੱਟੀ ਅਤੇ ਆਪਣੀ ਜਾਨ ਬਚਾਈ। ਅੱਜ ਜਦੋਂ ਮੈਂ ਆਪਣੀ ਕੁੜੀ ਦਾ ਹਾਲ ਜਾਨਣ ਵਾਸਤੇ ਉਸ ਦੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੈਨੂੰ ਪਤਾ ਲੱਗਾ ਕਿ ਉਸ ਦੀ ਕੁੜੀ ਨੇ ਆਪਣੇ ਪਤੀ ਅਤੇ ਜੀਜੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਖਾ ਲਈ। ਵਲਟੋਹਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹੈ। ਜਦ ਮੈਂ ਹਸਪਤਾਲ ਪੁੱਜਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨ ਕਲਮਬੰਦ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।