ਪੰਜਾਬ ਤੋਂ 2 ਵੱਡੇ ਆਗੂਆਂ ਦੀ ਮੋਦੀ ਕੈਬਨਿਟ 'ਚ ਹੋ ਸਕਦੀ ਹੈ ਐਂਟਰੀ! ਪੜ੍ਹੋ ਕਿਹੜੇ ਨਾਵਾਂ 'ਤੇ ਹੋ ਰਹੀ ਚਰਚਾ
Thursday, Oct 08, 2026 - 11:05 AM (IST)
ਚੰਡੀਗੜ੍ਹ (ਅੰਕੁਰ) : ਪੰਜਾਬ ’ਚ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸੂਬੇ ’ਚ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੀ ਰਣਨੀਤੀ ’ਤੇ ਕੰਮ ਤੇਜ਼ ਕਰ ਦਿੱਤਾ ਹੈ। ਪਾਰਟੀ ਸੂਤਰਾਂ ਅਨੁਸਾਰ ਕੇਂਦਰੀ ਪੱਧਰ ’ਤੇ ਪੰਜਾਬ ਨੂੰ ਹੋਰ ਪ੍ਰਤੀਨਿਧਤਾ ਦੇਣ ਦੀ ਸੰਭਾਵਨਾ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਇਸੇ ਕੜੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ’ਚ ਪੰਜਾਬ ਨਾਲ ਸਬੰਧਿਤ ਦੋ ਆਗੂਆਂ ਨੂੰ ਜਗ੍ਹਾ ਦੇਣ ਦੀ ਚਰਚਾ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਭਾਜਪਾ ਦੀ ਸਿਖਰਲੀ ਲੀਡਰਸ਼ਿਪ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸੂਬੇ ’ਚ ਪਾਰਟੀ ਦੇ ਸੰਗਠਨ ਅਤੇ ਸਿਆਸੀ ਆਧਾਰ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਪੱਧਰਾਂ ’ਤੇ ਰਣਨੀਤੀ ਤਿਆਰ ਕਰ ਰਹੀ ਹੈ। ਇਸੇ ਰਣਨੀਤੀ ਦੇ ਹਿੱਸੇ ਵਜੋਂ ਪੰਜਾਬ ਤੋਂ ਕੇਂਦਰ ’ਚ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣ ਦੇ ਬਦਲ ’ਤੇ ਵੀ ਵਿਚਾਰ ਹੋ ਰਿਹਾ ਹੈ। ਪਾਰਟੀ ਸੂਤਰਾਂ ਅਨੁਸਾਰ ਸੰਭਾਵੀ ਨਾਵਾਂ ’ਚ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਂ ਵੀ ਪ੍ਰਮੁੱਖ ਤੌਰ ’ਤੇ ਚਰਚਾ ’ਚ ਹੈ। ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਪੱਧਰ ’ਤੇ ਭੂਮਿਕਾ ਦੇਣ ਦੀ ਸੰਭਾਵਨਾ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਰਾਹਤ, ਪਾਵਰਕਾਮ ਦੇ ਫ਼ੈਸਲੇ ਨੇ ਖ਼ਤਮ ਕੀਤੀ ਟੈਨਸ਼ਨ
ਜੇਕਰ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ’ਚ ਜਗ੍ਹਾ ਮਿਲਦੀ ਹੈ ਤਾਂ ਇਸ ਨੂੰ ਪੰਜਾਬ ਦੀ ਰਾਜਨੀਤੀ ’ਚ ਭਾਜਪਾ ਵੱਲੋਂ ਨਵੇਂ ਸਿਆਸੀ ਸਮੀਕਰਨ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ। ਚੱਢਾ ਤੋਂ ਇਲਾਵਾ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਵੀ ਸੰਭਾਵੀ ਚਿਹਰਿਆਂ ’ਚ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਸਤਨਾਮ ਸਿੰਘ ਸੰਧੂ ਦੇ ਨਾਂ ਵੀ ਚਰਚਾ ’ਚ ਆਉਣ ਦੀ ਗੱਲ ਸੂਤਰਾਂ ਵੱਲੋਂ ਕਹੀ ਜਾ ਰਹੀ ਹੈ। ਇਸ ਤਰ੍ਹਾਂ ਪੰਜਾਬ ਨਾਲ ਸਬੰਧਿਤ ਕਈ ਚਿਹਰੇ ਕੇਂਦਰੀ ਮੰਤਰੀ ਮੰਡਲ ’ਚ ਸੰਭਾਵੀ ਜਗ੍ਹਾ ਲਈ ਵਿਚਾਰ ਅਧੀਨ ਹੋਣ ਦੀ ਚਰਚਾ ਹੈ। ਹਾਲਾਂਕਿ ਇਨ੍ਹਾਂ ’ਚੋਂ ਕਿਸ ਆਗੂ ਨੂੰ ਕੇਂਦਰ ’ਚ ਮੰਤਰੀ ਦੀ ਜ਼ਿੰਮੇਵਾਰੀ ਮਿਲੇਗੀ, ਇਸ ਬਾਰੇ ਅੰਤਿਮ ਫ਼ੈਸਲਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਹੀ ਕੀਤਾ ਜਾਣਾ ਹੈ। ਸੂਤਰਾਂ ਮੁਤਾਬਕ ਇਸ ਫ਼ੈਸਲੇ ’ਚ ਸਿਰਫ਼ ਸਿਆਸੀ ਪਿਛੋਕੜ ਹੀ ਨਹੀਂ, ਸਗੋਂ ਪੰਜਾਬ ’ਚ ਆਗੂ ਦੀ ਪਹੁੰਚ, ਸਮਾਜਿਕ ਆਧਾਰ, ਸੰਗਠਨ ਨਾਲ ਤਾਲਮੇਲ ਤੇ 2027 ਦੀਆਂ ਚੋਣਾਂ ਲਈ ਪਾਰਟੀ ਦੀ ਵਿਆਪਕ ਰਣਨੀਤੀ ਵਰਗੇ ਪੱਖਾਂ ਨੂੰ ਵੀ ਧਿਆਨ ’ਚ ਰੱਖਿਆ ਜਾ ਸਕਦਾ ਹੈ। ਪਾਰਟੀ ਇਕ ਹਿੰਦੂ ਅਤੇ ਇਕ ਸਿੱਖ ਚਿਹਰੇ ਨੂੰ ਵਜ਼ਾਰਤ ’ਚ ਜਗ੍ਹਾ ਦੇ ਸਕਦੀ ਹੈ।
ਇਹ ਵੀ ਪੜ੍ਹੋ : ਹਥਿਆਰ ਲਾਇਸੈਂਸਾਂ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ ਦਾ ਵੱਡਾ ਫ਼ੈਸਲਾ, ਅਸਲਾ ਧਾਰਕਾਂ ਨੂੰ ਰਾਹਤ
2027 ਦੀਆਂ ਚੋਣਾਂ ਨਾਲ ਜੋੜ ਕੇ ਦੇਖੀ ਜਾ ਰਹੀ ਰਣਨੀਤੀ
ਪੰਜਾਬ ’ਚ ਭਾਜਪਾ ਦੀ ਰਣਨੀਤੀ ਹੁਣ ਸਿਰਫ਼ ਸੰਗਠਨ ਦੇ ਵਿਸਥਾਰ ਤੱਕ ਸੀਮਤ ਨਹੀਂ ਰਹੀ, ਸਗੋਂ ਸੂਬੇ ’ਚ ਇਕ ਮਜ਼ਬੂਤ ਸਿਆਸੀ ਬਦਲ ਵਜੋਂ ਆਪਣੀ ਮੌਜੂਦਗੀ ਦਰਜ ਕਰਵਾਉਣ ’ਤੇ ਵੀ ਕੇਂਦਰਿਤ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਵੱਲੋਂ ਆਪਣੇ ਦਮ ’ਤੇ ਸਿਆਸੀ ਤਾਕਤ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਕੇਂਦਰੀ ਲੀਡਰਸ਼ਿਪ ਪੰਜਾਬ ਨੂੰ ਵਿਸ਼ੇਸ਼ ਮਹੱਤਵ ਦੇ ਰਹੀ ਹੈ। ਕੇਂਦਰੀ ਵਜ਼ਾਰਤ ’ਚ ਪੰਜਾਬ ਦੇ ਹੋਰ ਚਿਹਰਿਆਂ ਨੂੰ ਮਹੱਤਵ ਮਿਲਣ ਨਾਲ ਪਾਰਟੀ ਨੂੰ ਸੂਬੇ ’ਚ ਆਪਣੇ ਸਿਆਸੀ ਸੰਦੇਸ਼ ਨੂੰ ਮਜ਼ਬੂਤ ਕਰਨ ’ਚ ਮਦਦ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
