ਕੁੜੀ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਫੇਟ, ਮੌਤ ਹੋ ਜਾਣ ’ਤੇ ਚਾਲਕ ਕਾਬੂ
Sunday, Oct 04, 2026 - 02:29 PM (IST)
ਫ਼ਰੀਦਕੋਟ (ਜਗਦੀਸ਼) : ਜ਼ਿਲ੍ਹੇ ਦੇ ਕਸਬਾ ਜੈਤੋ ਨਿਵਾਸੀ ਪਰਿਵਾਰ ਦੀ ਕੁੜੀ ਦੀ ਰਾਹ ਜਾਂਦਿਆਂ ਕਥਿੱਤ ਤੇਜ਼ ਰਫ਼ਤਾਰ ਕਾਰ ਦੀ ਫੇਟ ਲੱਗਣ ਕਾਰਣ ਮੌਤ ਹੋ ਗਈ। ਇਸ ਮਾਮਲੇ ਵਿੱਚ ਲੜਕੀ ਦੇ ਪਿੱਛੇ ਜਾ ਰਹੀ ਉਸਦੀ ਮਾਤਾ ਦੇ ਬਿਆਨਾਂ ’ਤੇ ਥਾਣਾ ਜੈਤੋ ਵਿਖੇ ਪਿੰਡ ਅਬਲੂ ਨਿਵਾਸੀ ਇੱਕ ਵਿਅਕਤੀ ’ਤੇ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਕੁੜੀ ਅਰਸ਼ਪ੍ਰੀਤ ਕੌਰ ਦੀ ਮਾਤਾ ਮੂਰਤੀ ਦੇਵੀ ਪਤਨੀ ਇਕਬਾਲ ਸਿੰਘ ਨੇ ਬਿਆਨ ਕੀਤਾ ਕਿ ਜਦੋਂ ਉਹ ਘਰੇਲੂ ਸਮਾਨ ਲੈਣ ਲਈ ਪੈਦਲ ਬਜ਼ਾਰ ਜਾ ਰਹੇ ਸਨ ਤਾਂ ਉਸਦੀ ਕੁੜੀ ਅਰਸ਼ਪ੍ਰੀਤ ਕੌਰ ਉਸਤੋਂ ਕਰੀਬ ਅੱਠ ਕਦਮ ਅੱਗੇ ਚੱਲ ਰਹੀ ਸੀ।
ਜਦੋਂ ਬਿਆਨ ਕਰਤਾ ਅਤੇ ਉਸਦੀ ਕੁੜੀ ਰੇਲਵੇ ਸਟੇਸ਼ਨ ਗੇਟ ਕੋਲ ਹੁੰਦੇ ਹੋਏ ਬਿਸ਼ਨੰਦੀ ਫਾਟਕ ਵਾਲੀ ਸੜਕ ਨੂੰ ਪਾਰ ਕਰਨ ਲੱਗੇ ਤਾਂ ਬਿਸ਼ਨੰਦੀ ਫਾਟਕ ਵੱਲੋਂ ਆਈ ਇੱਕ ਕਾਲੇ ਰੰਗ ਦੀ ਤੇਜ਼ ਰਫ਼ਤਾਰ ਕਾਰ ਦੇ ਡਰਾਈਵਰ ਨੇ ਕੁੜੀ ਨੂੰ ਫੇਟ ਮਾਰ ਦਿੱਤੀ, ਜਿਸ ਕਾਰਣ ਅਰਸ਼ਪ੍ਰੀਤ ਕੌਰ ਸੜਕ ’ਤੇ ਡਿੱਗ ਪਈ ਅਤੇ ਕਾਰ ਡਰਾਈਵਰ ਸੰਤੁਲਨ ਵਿਗੜਣ ਕਾਰਣ ਸੜਕ ਦੇ ਖੱਬੇ ਹੱਥ ਬਣੇ ਸ਼ੈੱਡਾਂ ਵਿੱਚ ਜਾ ਟਕਰਾਇਆ। ਇਸ ਘਟਨਾ ਉਪਰੰਤ ਬਿਆਨ ਕਰਤਾ ਨੇ ਰਾਹਗੀਰਾਂ ਦੀ ਸਹਾਇਤਾ ਨਾਲ ਅਰਸ਼ਪ੍ਰੀਤ ਕੌਰ, ਜੋ ਖੂਨ ਨਾਲ ਲੱਥਪਥ ਪਈ ਸੀ, ਨੂੰ ਜਦ ਹਸਪਤਾਲ ਵਿਖੇ ਪਹੁੰਚਾਇਆ ਤਾਂ ਡਾਕਟਰਾਂ ਨੇ ਅਰਸ਼ਪ੍ਰੀਤ ਕੌਰ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਰੈਫ਼ਰ ਕਰ ਦਿੱਤਾ ਅਤੇ ਜਦੋਂ ਉਹ ਅਰਸ਼ਪ੍ਰੀਤ ਕੌਰ ਨੂੰ ਕੋਟਕਪੂਰਾ ਵਿਖੇ ਲੈ ਕੇ ਆਏ ਤਾਂ ਡਾਕਟਰਾਂ ਨੇ ਇਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾਂ ’ਤੇ ਜੈਤੋ ਪੁਲਸ ਵੱਲੋਂ ਬਿਆਨ ਕਰਤਾ ਵੱਲੋਂ ਸ਼ਨਾਖਤ ਕੀਤੇ ਗਏ ਕਾਰ ਚਾਲਕ ’ਤੇ ਮੁਕੱਦਮਾ ਦਰਜ ਕਰਕੇ ਸਮੇਤ ਕਾਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
