ਝੱਖੜ ਤੇ ਮੀਂਹ ਨੇ ਮਚਾਈ ਤਰਥੱਲੀ
Monday, Jun 12, 2017 - 12:21 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)— ਸ਼ਨੀਵਾਰ ਰਾਤੀਂ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪਏ ਮੀਂਹ ਅਤੇ ਆਏ ਝੱਖੜ ਨੇ ਇਕ ਘੰਟਾ ਖੂਬ ਤਰਥੱਲੀ ਮਚਾਈ। ਦਿਨ ਭਰ ਦੀ ਸਖਤ ਗਰਮੀ ਤੋਂ ਬਾਅਦ ਰਾਤੀਂ ਕਰੀਬ 9 ਵਜੇ ਮੌਸਮ ਨੇ ਇਕਦਮ ਕਰਵਟ ਲਈ ਅਤੇ ਤੇਜ਼ ਹਨੇਰੀ ਝੁੱਲਣ ਲੱਗੀ, ਜੋ ਕਿ ਬਾਅਦ 'ਚ ਝੱਖੜ ਦੇ ਰੂਪ 'ਚ ਬਦਲ ਗਈ ਅਤੇ ਨਾਲ ਹੀ ਗਰਜ਼ ਨਾਲ ਜ਼ੋਰਦਾਰ ਮੀਂਹ ਆਉਣਾ ਸ਼ੁਰੂ ਹੋ ਗਿਆ। ਇਸ ਝੱਖੜ ਨਾਲ ਸ਼ਹਿਰ 'ਚ ਵੱਡੀ ਗਿਣਤੀ 'ਚ ਲੱਗੇ ਫਲੈਕਸ ਬੋਰਡ ਆਦਿ ਟੁੱਟ ਗਏ ਅਤੇ ਕਈਆਂ ਦੀਆਂ ਤਾਂ ਟੀਨ ਦੀਆਂ ਚਾਦਰਾਂ ਵੀ ਉੱਡ ਗਈਆਂ।
ਮੀਂਹ-ਹਨੇਰੀ ਫੁੱਲ, ਬਿਜਲੀ ਗੁੱਲ
ਰਾਤੀਂ ਹਨੇਰੀ ਤੇ ਮੀਂਹ ਦੇ ਆਉਂਦਿਆਂ ਹੀ ਬਿਜਲੀ ਗੁੱਲ ਹੋ ਗਈ, ਜੋ ਕਿ ਕਾਫੀ ਸਮੇਂ ਬਾਅਦ ਆਈ। ਬਿਜਲੀ ਜਾਣ ਕਾਰਨ ਲੋਕ ਹਨੇਰੀ ਤੇ ਮੀਂਹ ਤੋਂ ਪ੍ਰੇਸ਼ਾਨ ਹੋਏ।
ਸੰਗਰੂਰ 'ਚ ਪਿਆ ਸਭ ਤੋਂ ਵੱਧ ਮੀਂਹ
ਖੇਤੀਬਾੜੀ ਅਧਿਕਾਰੀ ਡਾ. ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲੇ 'ਚ ਸਭ ਤੋਂ ਵੱਧ ਮੀਂਹ ਸੰਗਰੂਰ 'ਚ ਪਿਆ ਹੈ। ਇਥੇ 14.6 ਐੱਮ.ਐੱਮ. ਮੀਂਹ ਪਿਆ। ਇਸ ਤੋਂ ਇਲਾਵਾ ਸੁਨਾਮ 'ਚ 10.5 ਐੱਮ. ਐੱਮ., ਧੂਰੀ 10.0 ਐੱਮ. ਐੱਮ., ਲਹਿਰਾਗਾਗਾ 4.0 ਐੈੱਮ.ਐੈੱਮ. ਅਤੇ ਮੂਨਕ 'ਚ 2.00 ਐੈੱਮ.ਐੈੱਮ. ਮੀਂਹ ਪਿਆ।
ਸ਼ਹਿਰ 'ਚ ਭਰਿਆ ਪਾਣੀ : ਭਵਾਨੀਗੜ੍ਹ, (ਵਿਕਾਸ)— ਸ਼ਹਿਰ ਵਿਚਲੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਵਿਚ ਨੁਕਸ ਪੈਣ ਕਰ ਕੇ 12 ਘੰਟੇ ਤੱਕ ਬਿਜਲੀ ਲੁਕਣਮੀਟੀ ਖੇਡਦੀ ਰਹੀ। ਝੱਖੜ ਨਾਲ ਦੁਕਾਨਾਂ 'ਤੇ ਲੱਗੇ ਸਾਈਨ ਬੋਰਡ ਅਤੇ ਦਰੱਖਤਾਂ ਦੇ ਟਾਹਣੇ ਟੁੱਟ ਕੇ ਸੜਕ 'ਤੇ ਆ ਡਿੱਗੇ। ਮੀਂਹ ਨਾਲ ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ।
ਟਰਾਂਸਫਾਰਮਰ ਸੜੇ, ਤਾਰਾਂ ਟੁੱਟੀਆਂ : ਧੂਰੀ, (ਸ਼ਰਮਾ)—ਲੰਘੀ ਰਾਤ 11 ਵਜੇ ਝੁੱਲੇ ਝੱਖੜ ਤੇ ਪਏ ਮੀਂਹ ਨਾਲ ਪਾਵਰਕਾਮ ਦੇ ਕਈ ਟਰਾਂਸਫਾਰਮਰ ਸੜ ਗਏ ਅਤੇ ਤਾਰਾਂ ਟੁੱਟ ਕੇ ਸੜਕਾਂ 'ਤੇ ਆ ਡਿੱਗੀਆਂ, ਜਿਸ ਕਾਰਨ ਸਾਰੀ ਰਾਤ ਬਿਜਲੀ ਬੰਦ ਰਹੀ। ਸੜਕਾਂ 'ਤੇ ਥਾਂ-ਥਾਂ ਦਰੱਖਤ ਡਿੱਗੇ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਗਈ।
ਸ਼ੇਰਪੁਰ, (ਅਨੀਸ਼)—ਸ਼ੇਰਪੁਰ ਤੋਂ ਕਾਲਾਬੂਲਾ ਰੋਡ, ਧੰਦੀਵਾਲ ਰੋਡ ਤੇ ਕਾਂਝਲਾ ਰੋਡ ਉਪਰ ਹਨੇਰੀ ਕਾਰਨ ਵੱਡੀ ਗਿਣਤੀ ਵਿਚ ਦਰੱਖਤ ਸੜਕ 'ਤੇ ਡਿੱਗ ਗਏ, ਜਿਸ ਕਰ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
