ਸੈਂਕੜੇ ਕਿਸਾਨਾਂ ਇਕੱਠੇ ਹੋ ਕੇ ਕਈ ਥਾਵਾਂ ''ਤੇ ਲਾਈ ਪਰਾਲੀ ਨੂੰ ਅੱਗ

10/14/2017 6:30:22 AM

ਸੁਲਤਾਨਪੁਰ ਲੋਧੀ, (ਸੋਢੀ)- ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਪੰਜਾਬ 'ਚ ਪਰਾਲੀ ਸੰਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਰਕਾਰ ਵਲੋਂ ਕੋਈ ਵੀ ਰਿਆਇਤ ਨਾ ਦੇਣ ਕਾਰਨ ਭੜਕੇ ਹੋਏ ਦੁਆਬੇ ਦੇ ਭਾਰੀ ਗਿਣਤੀ 'ਚ ਕਿਸਾਨਾਂ ਵਲੋਂ ਇਕੱਠੇ ਹੋ ਕੇ ਅੱਜ ਡੇਰਾ ਨੰਦ ਸਿੰਘ ਤੇ ਫੌਜੀ ਕਾਲੋਨੀ-ਮੁਹੱਬਲੀਪੁਰ ਦੇ ਨੇੜਲੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਗਿਆ ਤੇ ਐਲਾਨ ਕੀਤਾ ਗਿਆ ਕਿ ਆਲੂ ਲਾਉਣ ਵਾਲੇ ਤੇ ਹੋਰ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਪਰਾਲੀ ਨੂੰ ਖੇਤਾਂ 'ਚ ਇਕੱਠੇ ਹੋ ਕੇ ਇਸੇ ਤਰ੍ਹਾਂ ਹੀ ਸਾੜਨਗੇ ਤਾਂ ਜੋ ਆਲੂ ਦੀ ਬਿਜਾਈ ਲਈ ਖੇਤ ਵਾਹ ਕੇ ਆਸਾਨੀ ਨਾਲ ਤਿਆਰ ਹੋ ਸਕੇ। 
ਕਿਸਾਨਾਂ ਵਲੋਂ ਲਾਈ ਗਈ ਅੱਗ ਦੀ ਭਿਣਕ ਪੈਂਦੇ ਹੀ ਸੁਲਤਾਨਪੁਰ ਲੋਧੀ ਦੇ ਕੁਝ ਖੇਤੀਬਾੜੀ ਅਧਿਕਾਰੀ ਪੁਲਸ ਲੈ ਕੇ ਪਿੰਡਾਂ 'ਚ ਪਹੁੰਚੇ ਤੇ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਨੂੰ ਥਾਣੇ ਪੇਸ਼ ਕਰਨ ਤੇ ਟਰੈਕਟਰ ਵੀ ਨਾਲ ਲੈ ਕੇ ਆਉਣ ਲਈ ਧਮਕਾਇਆ ਗਿਆ। ਇਸ ਉਪਰੰਤ ਇਲਾਕੇ ਦੇ 2 ਦਰਜਨ ਪਿੰਡਾਂ ਦੇ ਭਾਰੀ ਗਿਣਤੀ 'ਚ ਕਿਸਾਨ ਪਹਿਲਾਂ ਥਾਣਾ ਸੁਲਤਾਨਪੁਰ ਲੋਧੀ ਪਹੁੰਚੇ ਤੇ ਉਪਰੰਤ ਸ਼ਾਮ ਨੂੰ ਐੱਸ. ਡੀ. ਐੱਮ. ਸਾਹਿਬ ਦੀ ਅਫਸਰ ਕਾਲੋਨੀ 'ਚ ਬਣੀ ਕੋਠੀ ਦਾ ਸ਼ਾਂਤਮਈ ਤੌਰ 'ਤੇ ਘਿਰਾਓ ਕਰਦੇ ਹੋਏ, ਧਰਨਾ ਮਾਰ ਦਿੱਤਾ। ਆਪਣੀ ਕੋਠੀ ਮੂਹਰੇ ਇਕੱਠੇ ਹੋਏ ਕਿਸਾਨਾਂ ਨੂੰ ਸਮਝਾਉਣ ਲਈ ਐੱਸ. ਡੀ. ਐੱਮ. ਡਾ. ਚਾਰੂਮਿਤਾ ਕੋਠੀ ਤੋਂ ਬਾਹਰ ਆਏ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਆਏ ਹੁਕਮਾਂ ਬਾਰੇ ਜਾਣਕਾਰੀ ਦਿੱਤੀ ਪਰ ਕਿਸਾਨਾਂ ਮੰਗ ਕੀਤੀ ਕਿ ਆਲੂ ਤੇ ਹੋਰ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਜ਼ਮੀਨ ਤਿਆਰ ਕਰਨ ਲਈ ਪਰਾਲੀ ਨੂੰ ਸਾੜਨ ਦੀ ਆਗਿਆ ਦਿੱਤੀ ਜਾਵੇ।  ਕਿਸਾਨਾਂ ਨੇ ਕਿਹਾ ਪਰਾਲੀ ਨੂੰ ਖੇਤਾਂ 'ਚ ਕੁਤਰਨ ਵਾਲੀ ਮਸ਼ੀਨ, ਉਲਟਾਵੇਂ ਹਲ ਤੇ ਵੱਡੇ ਟਰੈਕਟਰ ਦੀ ਖਰੀਦ ਕਰਨ ਲਈ 12 ਲੱਖ ਰੁਪਏ ਦੇ ਕਰੀਬ ਖਰਚਾ ਕਰਨਾ ਪੈਂਦਾ ਹੈ, ਕਿਉਂਕਿ ਛੋਟੇ ਟਰੈਕਟਰ ਨਾਲ ਪਰਾਲੀ ਕੁਤਰਨ ਵਾਲੀ ਮਸ਼ੀਨਰੀ ਤੇ ਉਲਟਾਵੇਂ ਹਲ ਨਹੀਂ ਚਲਦੇ। ਕਿਸਾਨ ਆਗੂਆਂ ਇਹ ਵੀ ਦੱਸਿਆ ਕਿ ਹਜ਼ਾਰਾਂ ਰੁਪਏ ਦਾ ਡੀਜ਼ਲ ਬਾਲ ਕੇ ਵੀ ਟਰੈਕਟਰਾਂ ਨਾਲ ਕਈ ਵਾਰ ਪਰਾਲੀ ਵਾਲੇ ਖੇਤਾਂ ਨੂੰ ਵਾਹ ਕੇ ਦੇਖ ਲਿਆ ਪਰ ਫਿਰ ਵੀ ਆਲੂ ਦੀ ਬਿਜਾਈ ਲਈ ਖੇਤ ਬਾਰੀਕ ਨਹੀਂ ਹੋ ਸਕੇ, ਜਿਸ ਕਾਰਨ ਅੱਕੇ ਹੋਏ ਕਿਸਾਨਾਂ ਨੇ ਇਕੱਠੇ ਹੋ ਕੇ ਪਰਾਲੀ ਨੂੰ ਅੱਗ ਲਗਾਉਣ ਦਾ ਮਜਬੂਰਨ ਫੈਸਲਾ ਲਿਆ ਹੈ। ਕੁਝ ਕਿਸਾਨਾਂ ਕਿਹਾ ਕਿ ਉਨ੍ਹਾਂ ਕੋਲ ਤਾਂ ਡੀਜ਼ਲ ਖਰੀਦਣ ਲਈ ਪੈਸੇ ਵੀ ਨਹੀਂ ਹਨ, ਕਿਉਂਕਿ ਪਿਛਲੇ ਸਾਲ ਦੀ ਆਲੂ ਦੀ ਫਸਲ ਵੀ ਸਰਕਾਰਾਂ ਦੀ ਬੇਧਿਆਨੀ ਕਾਰਨ ਸਟੋਰਾਂ 'ਚ ਪਈ ਰੁਲ ਰਹੀ ਹੈ। ਇਸ ਉਪਰੰਤ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦੇਣਗੇ, ਜਿਸ ਉਪਰੰਤ ਕਿਸਾਨ ਐੱਸ. ਡੀ. ਐੱਮ. ਸਾਹਿਬ ਦੇ ਘਰ ਦੇ ਬਾਹਰੋਂ ਉੱਠ ਕੇ ਸ਼ਾਮ 7 ਵਜੇ ਕਰੀਬ ਆਪਣੇ ਘਰਾਂ ਨੂੰ ਪਰਤ ਗਏ। 
ਇਸ ਸਮੇਂ ਕਿਸਾਨਾਂ 'ਚ ਕੁਲਦੀਪ ਸਿੰਘ ਦੁਰਗਾਪੁਰ ਸਰਪੰਚ, ਮਨਜੀਤ ਸਿੰਘ ਥਿੰਦ ਸਰਪੰਚ ਮੁਹੱਬਲੀਪੁਰ, ਨੰਬਰਦਾਰ ਅਮਰਜੀਤ ਸਿੰਘ ਫੌਜੀ ਕਾਲੌਨੀ, ਹਰਭਜਨ ਸਿੰਘ ਸਾਬਕਾ ਸਰਪੰਚ ਫੌਜੀ ਕਾਲੋਨੀ, ਗੁਰਪ੍ਰੀਤ ਸਿੰਘ ਗੋਪੀ ਜ਼ਿਲਾ, ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ, ਰਣਜੀਤ ਸਿੰਘ ਪੰਨੂੰ ਪ੍ਰਧਾਨ ਫੌਜੀ ਕਾਲੋਨੀ, ਬਲਵਿੰਦਰ ਸਿੰਘ ਥਿੰਦ, ਰਛਪਾਲ ਸਿੰਘ ਭਾਣੋਲੰਘਾ, ਸੁਖਜੀਤ ਸਿੰਘ ਬਾਜਵਾ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਕੌੜਾ, ਅਮਰਜੀਤ ਸਿੰਘ ਕੜਾਹਲ ਨੌ ਆਬਾਦ, ਗੁਰਮੀਤ ਸਿੰਘ ਸਾਬਕਾ ਸਰਪੰਚ ਮੈਰੀਪੁਰ, ਰੇਸ਼ਮ ਸਿੰਘ ਭਾਣੋਲੰਘਾ, ਜਸਵੀਰ ਸਿੰਘ ਖਿੰਡਾ ਡਡਵਿੰਡੀ, ਪ੍ਰਿਤਪਾਲ ਸਿੰਘ ਭੌਰ, ਗੱਜਣ ਸਿੰਘ ਮੈਰੀਪੁਰ, ਬਲਵਿੰਦਰ ਸਿੰਘ ਪਾਜੀਆ, ਸੂਰਤਾ ਸਿੰਘ ਸਾਬਕਾ ਸਰਪੰਚ ਤੇ ਹੋਰਨਾਂ ਕਿਸਾਨਾਂ ਸ਼ਿਰਕਤ ਕੀਤੀ। 
ਕੀ ਕਹਿੰਦੇ ਹਨ ਐੱਸ. ਡੀ. ਐੱਮ.
ਇਸ ਸੰਬੰਧੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਦੱਸਿਆ ਕਿ ਉਹ ਕਿਸਾਨਾਂ ਦੀ ਮੰਗ ਸੰਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਉਹ ਨੈਸ਼ਨਲ ਗਰੀਨ ਟ੍ਰਿਬਿਊਨਲ ਤੇ ਸਰਕਾਰ ਦੀਆਂ ਹਿਦਾਇਤਾਂ ਨੂੰ ਨਜਰ ਅੰਦਾਜ ਨਹੀਂ ਕਰ ਸਕਦੇ ਪਰ ਕਿਸਾਨਾਂ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ ਤੇ ਉਹ ਕਿਸਾਨਾਂ ਦਾ ਵੀ ਨੁਕਸਾਨ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਨਾ ਸਾੜਨ ਤਾਂ ਜੋ ਪ੍ਰਦੂਸ਼ਣ ਨੂੰ ਵਧਣ ਤੋਂ ਰੋਕਿਆ ਜਾ ਸਕੇ।


Related News